ਇਪਟਾ, ਪੰਜਾਬ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਿਤ ਵਿਸ਼ਵ ਰੰਗਮੰਚ ਦਿਵਸ ਮੌਕੇ ‘ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ’ ਵਿਸ਼ੇ ਬਾਰੇ ਚਰਚਾ

ਕਿਸਾਨ ਅੰਦੋਲਨ ਨੂੰ ਸਮਰਪਿਤ ਇਪਟਾ, ਪੰਜਾਬ ਵੱਲੋਂ ਇਪਟਾ ਦੀ ਕਪੂਰਥਲਾ ਇਕਾਈ ਦੇ ਸਹਿਯੋਗ ਨਾਲ ‘ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ’ ਵਿਸ਼ੇ ਉਪਰ ਚਰਚਾ ਕੀਤੀ ਗਈ।ਜਿਸ ਦੀ ਪ੍ਰਧਾਨਗੀ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਸਿਰਜਣਾ ਕਲਾ ਕੇਂਦਰ ਦੇ ਜਨਰਲ ਸੱਕਤਰ ਰੋਸ਼ਨ ਖੇੜਾ, ਇਪਟਾ ਦੀ ਗੁਰਦਾਸਪੁਰ ਇਕਾਈ ਦੇ ਪ੍ਰਧਾਨ ਗੁਰਮੀਤ ਪਾਹੜਾ ਅਤੇ ਸਮਾਜ ਸੇਵੀ ਤੇਜ ਪਾਲ ਸਿੰਘ ਨੇ ਕੀਤੀ।ਸਮਾਗਮ ਦੇ ਆਰੰਭ ਵਿਚ ਕਿਸਾਨ ਅੰਦੋਲਨ ਦੇ ਸ਼ਹੀਦਾਂ, ਨਾਟਕਕਾਰ, ਫਿਲਮਾਂ ਦੇ ਲੇਖਕ ਤੇ ਇਪਟਾ ਦੇ ਮੁੱਢਲੀ ਕਤਾਰ ਦੇ ਕਾਰਕੁਨ ਸਾਗਰ ਸਰਹੱਦੀ ਅਤੇ ਪੱਤਰਕਾਰ ਤੇ ਕਲਮਾਕਾਰ ਮਨਜੀਤ ਸਿੰਘ ਇਬਲੀਸ ਨੂੰ ਸ਼ਰਧਾ ਸੁਮਨ ਭੇਂਟ ਕੀਤੇ।ਸਮਾਗਮ ਦਾ ਅਗ਼ਾਜ਼ ਅਨਮੋਲ ਰੂਪੋਵਾਲੀ ਨੇ ਇਪਟਾ, ਪੰਜਾਬ ਦੀ ਮੁੱਢਲੀ ਕਾਰਕੁਨ ਲੋਕ-ਗਾਇਕਾ ਸੁਰਿੰਦਰ ਕੌਰ ਦੇ ਗੀਤ ‘ਮਹਿਰਮ ਦਿੱਲਾਂ ਮਾਹੀ’ ਰਾਹੀਂ ਕੀਤੀ।

‘ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ’ ਬਾਰੇ ਚਰਚਾ ਕਰਦੇ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ‘ਕਲਾ ਲੋਕਾਂ ਲਈ’ ਇਪਟਾ ਦਾ ਮੂਲ ਉਦੇਸ਼ ਹੈ। ਜਿਹੜੀ ਕਲਾ ਲੋਕ ਮਸਲਿਆਂ ਦੀ ਗੱਲ ਨਹੀਂ ਕਰਦੀ, ਉਹ ਕਲਾ ਦੀ ਕਸੌਟੀ ਹਰਗਿਜ਼ ਉਪਰ ਵੀ ਖਰੀ ਨਹੀ ਉਤਰ ਸਕਦੀ।ਕਲਮਕਾਰ ਰੋਸ਼ਨ ਖੇੜਾ ਨੇ ਕਿਹਾ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਹਾਕਿਮ ਤੋਂ ਖੋਫ਼ ਅਤੇ ਭੈਅ ਤੋਂ ਮੁਕਤ ਕੀਤਾ ਹੈ।ਰੰਗਕਰਮੀ ਤੇਜ ਪਾਲ ਸਿੰਘ ਨੇ ਕਿਹਾ ਭਗਤ ਸਿੰਘ ਨੂੰ ਹਾਕਾਂ ਮਾਰਨ ਦੀ ਵਜਾਏ ਸਾਨੂੰ ਖੁੱਦ ਭਗਤ ਸਿੰਘ ਬਣਨਾ ਪਵੇਗਾ।ਨਾਟਕਰਮੀ ਗੁਰਮੀਤ ਪਾਹੜਾ ਨੇ ਕਿਹਾ ਪਹਿਲੀ ਨਜ਼ਰੇ ਤਾਂ ਇਹ ਤਿੰਨੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਲੱਗ ਰਹੇ ਨੇ ਜਾਂ ਜੋ ਤਬਕੇ ਖੇਤੀ ਨਾਲ ਜੁੜੇ ਹਨ ਉਨਾਂ ਲਈ ਨੁਕਸਾਨਦਾਇਕ ਪਰ ਇਹ ਵਰਤਾਰਾ ਇਨਸਾਨ ਵਿਰੋਧੀ ਹੈ।ਮੰਚ ਸੰਚਾਲਨ ਇਪਟਾ ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਬਾਖੂਬੀ ਕੀਤਾ।

ਹੋਰਨਾ ਤੋਂ ਇਲਾਵਾ ਜਲੰਧਰ ਤੋਂ ਬੋਹੇਮੀਅਨ ਦੇ ਸੰਚਾਲਕ ਗੁਰਵਿੰਦਰ ਸਿੰਘ, ਕਪੂਰਥਲਾ ਤੋਂ ਗੁਰਮੁੱਖ ਢੋਡ, ਪਰਗਟ ਸਿੰਘ ਰੰਧਾਵਾ, ਗੁਰਬਖਸ਼ ਸਲੋਅ, ਸਰਬਜੀਤ ਰੂਪੋਵਾਲੀ, ਸ਼ਹਿਬਾਜ਼ ਖਾਨ, ਮੁਕੰਦ ਸਿੰਘ, ਊਸ਼ਾ ਰਾਣੀ, ਗੁਰਦਾਸਪੁਰ ਤੋਂ ਬੂਟਾ ਰਾਮ ਅਜ਼ਾਦ, ਫਗਵਾੜਾ ਤੋਂ ਰੀਤ ਪ੍ਰੀਤ ਪਾਲ ਸਿੰਘ ਮੋਗੇ ਤੋਂ ਮੋਹੀ ਅਮਰਜੀਤ ਸਿੰਘ ਨੇ ਵਿਸ਼ਵ ਰੰਗਮੰਚ ਦਿਵਸ ਦੀਆ ਮੁਬਾਰਕਾਂ ਪੇਸ਼ ਕਰਦੇ ਰੰਗਮੰਚ ਨਾਲ ਜੁੜਣ ਦੀ ਵਜਹ ਅਤੇ ਪੇਸ਼ ਆਈਆਂ ਦਿੱਕਤਾ ਬਾਰੇ ਵੀ ਦੱਸਿਆ।ਫਗਵਾੜਾ ਤੋਂ ਆਏ ਰੰਗਕਰਮੀ ਬਲਵਿੰਦਰ ਪ੍ਰੀਤ ਨੇ ਬਲਰਾਜ ਸਾਗਰ ਦਾ ਲਿਖਿਆ ਇਕ ਪਾਤਰੀ ਨਾਟਕ ‘ਸੁਲਘਦੀ ਧਰਤੀ’ ਵੀ ਪੇਸ਼ ਕੀਤਾ।ਅੰਤ ਵਿਚ ਇਪਟਾ ਦੀ ਫਗਵਾੜਾ ਇਕਾਈ ਦੇ ਪ੍ਰਧਾਨ ਅਤੇ ਮੇਜ਼ਬਾਨ ਡਾ. ਹਰਭਜਨ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਕਿਹਾ ਇਪਟਾ ਦੇ ਉਦੇਸ਼ ਨੂੰ ਜਨ ਸਧਾਰਣ ਤੱਕ ਲਿਜਾਣ ਲਈ ਹਰ ਕਿਸਮ ਦੇ ਉਪਰਾਲੇ ਕੀਤੇ ਜਾਣਗੇ।

Install Punjabi Akhbar App

Install
×