ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ

ਪੁਲਿਸ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਬਾਰੇ ਆਮ ਲੋਕਾਂ ਵਿਚ ਇਹ ਪ੍ਰਭਾਵ ਜਾਂਦਾ ਹੈ ਕਿ ਉਨ੍ਹਾਂ ਦਾ ਆਮ ਲੋਕਾਂ ਨਾਲ ਵਿਵਹਾਰ ਮਾਨਵੀ ਕਦਰਾਂ ਕੀਮਤਾਂ ਵਾਲਾ ਨਹੀਂ ਹੁੰਦਾ। ਉਹ ਜਦੋਂ ਆਮ ਲੋਕਾਂ ਅਤੇ ਖ਼ਾਸ ਤੌਰ ਤੇ ਕਿਸੇ ਕਥਿਤ ਮੁਜ਼ਰਮ ਨਾਲ ਗੱਲਬਾਤ ਕਰਦੇ ਹਨ ਤਾਂ ਕੁਰੱਖ਼ਤ ਅਤੇ ਗੈਰ ਮਨੁੱਖੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਪ੍ਰੰਤੂ ਜੇਕਰ ਤੁਸੀਂ ਅਮਰਦੀਪ ਸਿੰਘ ਰਾਏ ਜੋ ਕਿ ਵਧੀਕ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦੇ ਅਹੁਦੇ ਤੇ ਤਾਇਨਾਤ ਹਨ, ਨੂੰ ਮਿਲੋ ਤਾਂ ਤੁਹਾਡਾ ਇਹ ਪ੍ਰਭਾਵ ਮਿੰਟਾਂ ਸਕਿੰਟਾਂ ਵਿਚ ਹੀ ਕਾਫੂਰ ਹੋ ਜਾਵੇਗਾ। ਉਹ ਹਰ ਵਿਅਕਤੀ ਨਾਮ ਨਮਰਤਾ ਨਾਲ ਗੱਲ ਕਰਦਾ ਹੈ ਅਤੇ ਗੱਲ ਗੱਲ ਤੇ ਜੀ ਜੀ ਕਹਿੰਦਾ ਹੈ। ਜਿਹੜੇ ਲੋਕ ਸ਼ਿਕਾਇਤਾਂ ਲੈ ਕੇ ਉਸ ਕੋਲ ਜਾਂਦੇ ਹਨ, ਉਨ੍ਹਾਂ ਵਿਚੋਂ ਕਈ ਲੋਕ ਤਾਂ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਇਹ ਤਾਂ ਪੁਲਿਸ ਅਧਿਕਾਰੀ ਲੱਗਦਾ ਹੀ ਨਹੀਂ। ਕਈ ਪੁਲਿਸ ਵਾਲੇ ਕਹਿੰਦੇ ਹਨ ਕਿ ਉਹ ਪੁਲਿਸ ਵਿਭਾਗ ਦੇ ਫਿਟ ਹੀ ਨਹੀਂ। ਉਨ੍ਹਾਂ ਨੂੰ ਡਾਂਗਮਾਰ ਵਿਅਕਤੀ ਹੀ ਪੁਲਿਸ ਵਾਲਾ ਲੱਗਦਾ ਹੈ। ਪ੍ਰੰਤੂ ਅਮਰਦੀਪ ਸਿੰਘ ਰਾਏ ਇਮਾਨਦਾਰੀ ਦਾ ਪ੍ਰਤੀਕ ਹੈ ਇਸ ਕਰਕੇ ਫੈਸਲਾ ਕਰਨ ਲੱਗਿਆਂ ਇਨਸਾਫ ਦੇ ਤਰਾਜੂ ਨਾਲ ਤੋਲਦਾ ਹੈ। ਜਿਸ ਕਰਕੇ ਆਮ ਲੋਕ ਉਸ ਤੋਂ ਖ਼ੁਸ਼ ਅਤੇ ਖ਼ਾਸ ਲੋਕ ਦੁੱਖੀ ਹਨ। ਉਨ੍ਹਾਂ ਨੂੰ ਮਿਲਕੇ ਇਹ ਪ੍ਰਭਾਵ ਕਿਧਰੇ ਵੀ ਨਹੀਂ ਪੈਂਦਾ ਕਿ ਤੁਸੀਂ ਇਤਨੇ ਵੱਡੇ ਅਹੁਦੇ ਵਾਲੇ ਪੁਲਿਸ ਅਧਿਕਾਰੀ ਨੂੰ ਮਿਲ ਰਹੇ ਹੋ। ਉਨ੍ਹਾਂ ਨੇ ਪੁਲਿਸ ਵਿਭਾਗ ਵਿਚ ਆ ਕੇ ਵਿਭਾਗੀ ਕਾਰਗੁਜ਼ਾਰੀ ਵਿਚ ਮਦਦਗਾਰ ਹੋਣ ਵਾਲੇ ਸਾਰੇ ਕੋਰਸਾਂ ਵਿਚ ਹਿੱਸਾ ਹੀ ਨਹੀਂ ਲਿਆ ਸਗੋਂ ਉਥੋਂ ਜੋ ਸਿਖਿਆ ਪ੍ਰਾਪਤ ਕੀਤੀ, ਉਸਨੂੰ ਅਮਲੀ ਜੀਵਨ ਵਿਚ ਅਪਣਾਇਆ, ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਨਿਖ਼ਾਰ ਆਇਆ ਹੈ।
ਆਮ ਤੌਰ ਤੇ ਬਹੁਤੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਅਜਿਹੇ ਕੋਰਸਾਂ ਵਿਚ ਜਾਣ ਦੇ ਇੱਛਕ ਨਹੀਂ ਹੁੰਦੇ ਕਿਉਂਕਿ ਉਹ ਥੋੜ੍ਹੇ ਸਮੇਂ ਲਈ ਵੀ ਮਹੱਤਵਪੂਰਨ ਅਹੁਦਿਆਂ ਦਾ ਆਨੰਦ ਮਾਨਣ ਤੋਂ ਵਿਰਵਾ ਹੋਣਾ ਨਹੀਂ ਚਾਹੁੰਦੇ। ਪ੍ਰੰਤੂ ਅਮਰਦੀਪ ਸਿੰਘ ਰਾਏ ਆਪਣੀ ਵਿਭਾਗੀ ਕਾਰਜ਼ਕੁਸ਼ਲਤਾ ਵਧਾਉਣ ਲਈ ਅਜਿਹੇ ਕੋਰਸਾਂ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਹਨ। ਅਜੋਕੇ ਆਧੁਨਿਕਤਾ ਦੇ ਸਮੇਂ ਵਿਚ ਸਾਈਬਰ ਕਰਾਈਮ ਬਹੁਤ ਵੱਧ ਗਿਆ ਹੈ। ਆਪਨੇ ਸਾਈਬਰ ਕਰਾਈਮ ਕੋਰਸ ਸੀ ਬੀ ਆਈ ਦੀ ਅਕਾਡਮੀ ਵਿਚ ਕੀਤਾ ਤਾਂ ਜੋ ਸਾਈਬਰ ਕਰਾਈਮ ਦੇ ਮਸਲਿਆਂ ਨੂੰ ਨਜਿਠਿਆ ਜਾ ਸਕੇ। ਇਸ ਤੋਂ ਇਲਾਵਾ ਆਈ ਆਈ ਐਮ ਅਹਿਮਦਾਬਾਦ ਅਤੇ ਸੈਂਟਰ ਫਾਰ ਗੁਡ ਗਵਰਨੈਂਸ ਪੰਚਗਨੀ ਮਹਾਰਾਸ਼ਟਰ, ਸੀ ਬੀ ਆਈ ਅਕਾਡਮੀ ਵਿਚ ਐਂਟੀ ਕੁਰਪਸ਼ਨ ਕੋਰਸ ਦਿੱਲੀ ਅਤੇ ਅਕਤੂਬਰ 1998 ਵਿਚ ਇੰਡੀਅਨ ਰੋਡ ਸਾਇੰਸ ਕਾਂਗਰਸ ਵੱਲੋਂ ਵਿਗਿਆਨ ਭਵਨ ਦਿੱਲੀ ਵਿਚ ਆਯੋਜਤ ਕੀਤੇ ‘ਅੰਤਰਰਾਸ਼ਟਰੀ ਸੈਮੀਨਾਰ ਔਨ ਟਰੈਫਿਕ ਮੈਨੇਜਮੈਂਟ’ ਦੇ ਕੋਰਸ ਕੀਤੇ, ਜਿਸ ਕਰਕੇ ਆਪਦੀ ਕਾਰਜਕੁਸ਼ਲਤਾ ਵਿਚ ਵਾਧਾ ਹੋਇਆ। ਉਹ ਸ਼ਰਾਫ਼ਤ, ਨਮਰਤਾ, ਨੇਕਨੀਤੀ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਹਨ। ਉਨ੍ਹਾਂ ਨੂੰ ਸਾਊ ਅਧਿਕਾਰੀ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਬੀ ਏ ਅਤੇ ਐਮ ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਅਤੇ ਇੰਟਰਨੈਸ਼ਨਲ ਰੀਲੇਸ਼ਨਜ਼ ਦੇ ਵਿਸ਼ੇ ਵਿਚ ਪਾਸ ਕੀਤੀਆਂ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਨਾਲ ਆਪਸੀ ਸੰਬੰਧਾਂ ਨੂੰ ਬਣਾਉਣ ਤੇ ਬਰਕਰਾਰ ਰੱਖਣ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਨੂੰ ਦਫਤਰ ਵਿਚ ਹਰ ਕੋਈ ਮਿਲ ਸਕਦਾ ਹੈ, ਇਥੋਂ ਤੱਕ ਕਿ ਹਰ ਆਮ ਤੇ ਖਾਸ ਵਿਅਕਤੀ ਦਾ ਮੋਬਾਈਲ ਦੀ ਸੁਣਦੇ ਹਨ, ਬਸ਼ਰਤੇ ਕਿਸੇ ਮੀਟਿੰਗ ਵਿਚ ਨਾ ਬੈਠੇ ਹੋਣ। 1994 ਵਿਚ ਉਨ੍ਹਾਂ ਦੀ ਆਈ ਪੀ ਐਸ ਵਿਚ ਚੋਣ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੋਸਟਿੰਗ ਅੰਮ੍ਰਿਤਸਰ ਵਿਚ ਹੋਈ। ਅੰਮ੍ਰਿਤਸਰ ਕਿਉਂਕਿ ਸਰਹੱਦੀ ਜਿਲ੍ਹਾ ਹੈ, ਇਸ ਲਈ ਇਸ ਪੋਸਟਿੰਗ ਦੇ ਤਜ਼ਰਬਿਆਂ ਨੇ ਉਨ੍ਹਾਂ ਦੀ ਪੁਲਿਸ ਦੀ ਨੌਕਰੀ ਵਿਚ ਲਾਭ ਪਹੁੰਚਾਇਆ।
ਆਪਨੂੰ ਸਾਰੀ ਸਰਵਿਸ ਵਿਚ ਬਹੁਤ ਸਾਰੇ ਮਹੱਤਵਪੂਰਨ ਵੰਗਾਰ ਪੂਰਨ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ। 1996 ਵਿਚ ਜੰਮੂ ਕਸ਼ਮੀਰ ਵਿਚ ਸਤ ਸਾਲ ਦੇ ਲੰਮੇ ਵਕਫੇ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾ ਹੋਈਆਂ। ਉਨ੍ਹਾਂ ਚੋਣਾਂ ਨੂੰ ਸ਼ਾਂਤੀ ਪੂਰਬਕ ਕਰਵਾਉਣ ਲਈ ਇੰਡੀਆ ਰਿਜ਼ਰਵ ਬਟਾਲੀਅਨ ਦੀ ਡਿਊਟੀ ਲੱਗਾਈ ਗਈ। ਆਪਨੇ ਇਸ ਬਟਾਲੀਅਨ ਦੇ ਆਈ ਜੀ ਪੀ ਦੇ ਸਟਾਫ ਅਧਿਕਾਰੀ ਦੇ ਤੌਰ ਤੇ ਕੰਮ ਕਰਦਿਆਂ ਚੋਣ ਕਰਵਾਈ। ਜੰਮੂ ਕਸ਼ਮੀਰ ਦਾ ਸੂਬਾ ਅਸਥਿਰਤਾ ਦੇ ਮਾਹੌਲ ਵਾਲਾ ਸੀ, ਉਥੇ ਸ਼ਾਂਤਮਈ ਢੰਗ ਨਾਲ ਚੋਣ ਕਰਵਾਉਣ ਲਈ ਡਿਊਟੀ ਕਰਨੀ ਕੰਡਿਆਂ ਦੀ ਸੇਜ ਦੇ ਬਰਾਬਰ ਸੀ। ਉਹ ਚੋਣ ਕਰਵਾਉਣ ਕਰਕੇ ਆਪਨੂੰ” ਏ ਕਥੀਆਂ ਸੇਵਾ ਮੈਡਲ” ਨਾਲ ਸਨਮਾਨਤ ਕੀਤਾ ਗਿਆ। ਅਸਲ ਵਿਚ ਅਮਰਦੀਪ ਸਿੰਘ ਰਾਏ ਦਾ ਸੁਭਾਅ ਹੈ ਕਿ ਉਹ ਆਪਣੀ ਹਰ ਡਿਊਟੀ ਤਨਦੇਹੀ ਨਾਲ ਉਸ ਵਿਚ ਖੁਬ ਕੇ ਕਰਦੇ ਹਨ। ਆਪ ਜਦੋਂ ਲੁਧਿਆਣਾ ਵਿਖੇ ਐਸ ਪੀ ਸਿਟੀ ਸਨ ਤਾਂ ਇਸਦੇ ਨਾਲ ਹੀ ਟਰੈਫਿਕ ਦਾ ਕੰਮ ਦਿੱਤਾ ਗਿਆ। ਲੁਧਿਆਣਾ ਪੰਜਾਬ ਦਾ ਸਭ ਤੋਂ ਸੰਘਣਾ ਤੇ ਵੱਧ ਆਬਾਦੀ ਅਤੇ ਘਰੇਲੂ ਉਦਯੋਗ ਵਾਲਾ ਸ਼ਹਿਰ ਅਤੇ ਵਾਲਾ ਹੈ, ਜਿਥੇ ਟਰੈਫਿਕ ਦੀ ਸਮੱਸਿਆ ਹਮੇਸ਼ਾ ਹੀ ਬਣੀ ਰਹਿੰਦੀ ਸੀ। ਆਪਨੇ ਆਪਣੀ ਕਾਬਲੀਅਤ, ਨਗਰ ਨਿਗਮ ਅਤੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਟਰੈਫਿਕ ਦੇ ਤਾਣੇ ਬਾਣੇ ਨੂੰ ਆਪਣੀ ਤੀਖਣ ਬੁੱਧੀ ਨਾਲ ਅਜਿਹਾ ਬਣਾਇਆ, ਜਿਸ ਨਾਲ ਆਮ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਕਾਫੀ ਨਿਜਾਤ ਮਿਲੀ। ਇਸ ਸਫਲਤਾ ਤੋਂ ਬਾਅਦ 1999 ਵਿਚ ਖਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਵਿਖੇ ਵੱਡਾ ਸਮਾਗਮ ਆਯੋਜਤ ਕੀਤਾ ਗਿਆ, ਜਿਸ ਵਿਚ ਦੇਸ ਵਿਦੇਸ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਭਾਰਤ ਦੇ ਪ੍ਰਧਾਨ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਹੋਰ ਪਤਵੰਤੇ ਵਿਅਕਤੀ, ਸਮੁੱਚੇ ਸੰਸਾਰ ਵਿਚੋਂ ਸਾਰੇ ਧਰਮਾ ਦੇ ਮੁੱਖੀ, ਦੇਸਾਂ ਦੇ ਰਾਜਦੂਤ, ਹਾਈ ਕਮਿਸ਼ਨਰ ਅਤੇ ਹੋਰ ਮਹੱਤਵਪੂਰਨ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਸਮਾਗਮਾ ਦੇ ਆਯੋਜਨ ਸਮੇਂ ਟਰੈਫਿਕ ਦੀ ਸਮੱਸਿਆ ਦੇ ਕੰਟਰੋਲ ਲਈ ਆਪਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ। ਖਾਲਸਾ ਸਾਜਨਾ ਦੇ ਸਾਰੇ ਸਮਾਗਮ ਬਿਨਾ ਕਿਸੇ ਟਰੈਫਿਕ ਦੀ ਸਮੱਸਿਆ ਦੇ ਨੇਪਰੇ ਚੜ੍ਹ ਗਏ। ਇਸਤੋਂ ਆਪਦੀ ਕਾਬਲੀਅਤ ਦਾ ਸਿੱਕਾ ਜੰਮ ਗਿਆ। ਇਸੇ ਤਰ੍ਹਾਂ 1999 ਵਿਚ ਫਰੀਦਕੋਟ ਵਿਖੇ ਚੋਣ ਹੋ ਰਹੀ ਸੀ, ਜਿਸ ਵਿਚ ਰਾਜ ਦੇ ਮੁੱਖ ਮੰਤਰੀ ਦਾ ਸਪੁਤਰ ਚੋਣ ਲੜ ਰਿਹਾ ਸੀ। ਚੋਣ ਕਮਿਸ਼ਨ ਕੋਲ ਪੁਲਿਸ ਵਿਰੁਧ ਪੱਖਪਾਤ ਕਰਨ ਦੀਆਂ ਸ਼ਿਕਾਇਤਾਂ ਗਈਆਂ ਤਾਂ ਚੋਣ ਕਮਿਸ਼ਨ ਨੇ ਨਿਰਪੱਖ ਚੋਣ ਕਰਵਾਉਣ ਲਈ ਆਪਦੀ ਚੋਣ ਕਰਕੇ ਐਸ ਐਸ ਪੀ ਫਰੀਦਕੋਟ ਨਿਯੁਕਤ ਕੀਤਾ ਗਿਆ। ਪੁਲਿਸ ਤੇ ਬਹੁਤ ਵੱਡਾ ਸਿਆਸੀ ਦਬਾਅ ਅਤੇ ਵਿਰੋਧੀ ਪਾਰਟੀਆਂ ਦੀ ਨਿਗਾਹ ਸੀ। ਚੋਣ ਕਮਿਸਨ ਨੇ ਵੀ ਆਪਣੇ ਨਿਗਰਾਨ ਲਗਾਏ ਹੋਏ ਸਨ। ਆਪਨੇ ਨਿਰਪੱਖਤਾ ਨਾਲ ਆਪਣੇ ਫਰਜ ਨਿਭਾਏ, ਜਿਸ ਕਰਕੇ ਆਪਨੂੰ ਸਫਲਤਾ ਮਿਲੀ। ਹਰ ਵੰਗਾਰ ਦਾ ਆਪ ਖਿੜੇ ਮੱਥੇ ਮੁਕਾਬਲਾ ਕਰਕੇ ਸਫਲਤਾ ਪ੍ਰਾਪਤ ਕਰਦੇ ਰਹੇ। 2002 ਵਿਚ ਸੰਗਰੂਰ, 2005 ਵਿਚ ਪਟਿਆਲਾ ਅਤੇ 2007 ਵਿਚ ਲੁਧਿਆਣਾ ਵਿਖੇ ਐਸ ਐਸ ਪੀ ਰਹੇ। ਇਨ੍ਹਾਂ ਤਿੰਨਾ ਜਿਲ੍ਹਿਆਂ ਵਿਚ ਅੱਜ ਤੱਕ ਵੀ ਲੋਕ ਆਪ ਦੀ ਕਾਬਲੀਅਤ, ਨਿਰਪੱਖਤਾ ਅਤੇ ਇਮਾਨਦਾਰੀ ਨੂੰ ਯਾਦ ਕਰਦੇ ਹਨ। ਜਦੋਂ ਆਪ ਪਟਿਆਲਾ ਵਿਖੇ ਐਸ ਐਸ ਪੀ ਤਾਇਨਾਤ ਸਨ ਤਾਂ ਪਟਿਆਲਾ ਵਿਖੇ ਇੰਡੋ ਪਾਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਪਾਕਿਸਤਾਨੀ ਖਿਡਾਰੀ ਅਤੇ ਕਈ ਸਿਆਸਤਦਾਨ ਜਿਨ੍ਹਾਂ ਵਿਚ ਪਾਕਿਸਤਾਨ ਵਿਚਲੇ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ ਸਨ। ਇਨ੍ਹਾਂ ਖੇਡਾਂ ਨੂੰ ਵੀ ਸ਼ਾਂਤਮਈ ਨੇਪਰੇ ਚਾੜ੍ਹਨਾ ਵੰਗਾਰ ਭਰਿਆ ਕੰਮ ਸੀ, ਜਿਸ ਵਿਚ ਵੀ ਆਪ ਸਫਲ ਹੋਏ।
ਇਥੇ ਹੀ ਵਿਸ਼ਵ ਪੰਜਾਬੀ ਕਾਨਫਰੰਸ ਵੀ ਹੋਈ ਜਿਸ ਵਿਚ ਦੇਸ਼ ਵਿਦੇਸ਼ ਤੋਂ ਲਿਖਾਰੀ ਆਏ ਹੋਏ ਸਨ। ਼”ਆਪ ਆਈ ਜੀ ਹੈਡ ਕੁਆਰਟਰ, ਪ੍ਰੋਵਿਜ਼ਨਿੰਗ, ਮਾਡਰਨਾਈਜੇਸ਼ਨ ਆਈ ਜੀ ਵਿਜੀਲੈਂਸ, ਆਈ ਜੀ ਜੋਨਲ, ਆਈ ਜੀ ਪਟਿਆਲਾ ਰੇਂਜ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦੇ ਰਹੇ। ਆਈ ਜੀ ਪਟਿਆਲਾ ਦੇ ਸਮੇਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਨੂੰ ਕੈਦ ਹੋਣ ਤੇ ਪੰਚਕੂਲਾ ਤੋਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਸ਼ਰਧਾਲੂਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਣ ਦਾ ਕੰਮ ਬਹੁਤ ਹੀ ਗੁੰਝਲਦਾਰ ਸੀ ਕਿਉਂਕਿ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਸਕਦੀ ਸੀ। ਅਜਿਹੇ ਸੰਜੀਦਾ ਮੌਕੇ ਨੂੰ ਆਪਦੀ ਦੂਰ ਅੰਦੇਸ਼ੀ ਨਾਲ ਸੰਭਾਲਿਆ ਗਿਆ। ਜਦੋਂ ਆਪ ਲਈ ਆਰ ਬੀ ਬਟਾਲੀਅਨ ਜਲੰਧਰ ਅਤੇ ਸਟੇਟ ਆਰਮਡ ਪੋਲੀਸ ਬਟਾਲੀਅਨ ਚੰਡੀਗੜ੍ਹ ਦੇ ਕਮਾਂਡੈਂਟ ਸਨ ਤਾਂ ਆਪਨੇ ਸਟਾਫ ਨਾਲ ਗੱਲਬਾਤ ਕਰਕੇ ਇਨ੍ਹਾਂ ਯੂਨਿਟਾ ਵਿਚ ਮੈਸ ਸਥਾਪਤ ਕਰਨ ਦੀ ਦਿਲਚਸਪੀ ਲਈ ਅਤੇ ਸਫਲ ਹੋਏ। ਕਹਿਣ ਤੋਂ ਭਾਵ ਹੈ ਕਿ ਉਹ ਜਿਥੇ ਵੀ ਨਿਯੁਕਤ ਹੋਏ ਉਥੇ ਹੀ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ। ਅਮਰਦੀਪ ਸਿੰਘ ਰਾਏ ਇੰਡੀਅਨ ਕਰਿਮੀਨਾਲੋਜੀ ਸੋਸਾਇਟੀ ਦੇ ਵੀ ਮੈਂਬਰ ਹਨ ਅਤੇ ਉਨ੍ਹਾਂ ਦੇ ਸੈਸਨ ਵਿਚ ਹਿੱਸਾ ਲਿਆ। ਆਪ ਭਾਰਤ ਸਰਕਾਰ ਵਿਚ ਡੈਪੂਟੇਸ਼ਨ ਦੇ ਸਮੇਂ ਇਨਟੈਲੀਜੈਂਸ ਬਿਓਰੋ ਦੇ ਆਪਣੇ ਅੰਮ੍ਰਿਤਸਰ ਦਫਤਰ ਵਿਚ ਸੇਵਾ ਨਿਭਾਈ। ਆਪਨੂੰ ਸ਼ਾਨਦਾਰ ਸੇਵਾਵਾਂ ਕਰਕੇ ਪ੍ਰੈਜੀਡੈਂਟ ਪੋਲੀਸ ਮੈਡਲ 26 ਜਨਵਰੀ 2010 ਨੂੰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਆਪਨੂੰ ਮੁੱਖ ਮੰਤਰੀ ਮੈਡਲ ਨਾਲ ਵੀ ਸਨਮਾਨਤ ਕੀਤਾ ਗਿਆ।
ਅਮਰਦੀਪ ਸਿੰਘ ਰਾਏ ਦਾ ਜਨਮ 21 ਮਈ 1968 ਨੂੰ ਸੰਗਰੂਰ ਜਿਲ੍ਹੇ ਦੀ ਮਾਲੇਰਕੋਟਲਾ ਤਹਿਸੀਲ ਦੇ ਪਿੰਡ ਸ਼ੇਰਵਾਨੀਕੋਟ ਵਿਚ ਮਾਤਾ ਸ਼੍ਰੀਮਤੀ ਅੰਮ੍ਰਿਤ ਕੌਰ ਪਿਤਾ ਤਰਲੋਕ ਸਿੰਘ ਰਾਏ ਦੇ ਘਰ ਹੋਇਆ। ਆਪਨੇ ਆਪਣੀ ਮੁਢਲੀ ਸਕੂਲੀ ਸਿਖਿਆ ਸੇਂਟ ਜਾਰਜ ਕਾਲਜ ਮਸੂਰੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਐਮ ਏ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਆਪਦਾ ਵਿਆਹ ਬੀਬੀ ਅਨੂ ਘੁੰਮਣ ਨਾਲ ਹੋਇਆ ਅਤੇ ਆਪ ਦੀ ਲੜਕੀ ਇਨਾਇਤ ਰਾਏ ਐਮ ਏ ਆਨਰਜ਼ ਦਾ ਕੋਰਸ ਯੂਨੀਵਰਸਿਟੀ ਆਫ ਸੇਂਟ ਐਂਡਰਿਊ ਵਿਚ ਸਕਾਟਲੈਂਡ ਵਿਖੇ ਕਰ ਰਹੀ ਹੈ।

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)

Install Punjabi Akhbar App

Install
×