ਤਫਤੀਸ਼ੀ ਦਾ ਹੰਕਾਰ ਤੇ ਅਦਾਲਤੀ ਫੈਸਲਾ

ਕਾਫੀ ਅਰਸਾ ਪਹਿਲਾਂ ਮੇਰੀ ਨਜਰ ਅਖਬਾਰ ਦੀ ਇੱਕ ਖਬਰ ਤੇ ਪਈ ਜਿਸ ਵਿੱਚ ਉੱਚ ਅਧਿਕਾਰੀਆਂ ਨੇ ਆਪਣੇ ਮਾਤਹਿਤ ਇੱਕ ਪੁਲਿਸ ਅਧਿਕਾਰੀ ਨੂੰ ਔਰਤਾਂ ਦੇ ਇੱਕ ਗਿਰੋਹ ਨਾਲ ਰਲ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ।ਇਹ ਗਿਰੋਹ ਹਨੀ ਟਰੈਪ ਰਾਹੀ ਲੋਕਾਂ ਨੂੰ ਵਰਗਲਾ ਲੈਦਾ ਸੀ ਤੁਰੰਤ ਉਹ ਅਧਿਕਾਰੀ ਛਾਪਾ ਮਾਰ ਲੈਦਾ ਸੀ ਇੱਜਤ ਖੁੱਸਣ ਦੇ ਡਰੋਂ ਭਾਰੀ ਰਕਮ ਵਸੂਲ ਕਰਕੇ ਛੱਡ ਦਿੱਤਾ ਜਾਂਦਾ ਸੀ। ਪਹਿਲਾਂ ਵੀ ਇਸ ਅਧਿਕਾਰੀ ਵੱਲੋ ਬਹੁਤ ਸਾਰੇ ਕੇਸਾਂ ਵਿੱਚ ਤਫਤੀਸ਼ ਕੀਤੀ ਸੀ ਬਹੁਤ ਸਾਰੇ ਕੇਸ ਸ਼ੱਕ ਦੇ ਘੇਰੇ ਵਿੱਚ ਸਨ।ਸਾਡੇ ਸਮਾਜ ਦੇ ਲੋਕ ਛੇਤੀ ਕੀਤਿਆਂ ਕਿਸੇ ਅਜਿਹੇ ਘਿਨੋਣੇ ਅਪਰਾਧ ਖਿਲਾਫ ਅਵਾਜ ਨਹੀ ਉਠਾਉਂਦੇ ਹਰ ਕਿਸੇ ਨੇ ਅੱਖੀ ਵੇਖ ਕੇ ਚਲੋ ਆਪਾਂ ਕੀ ਲੈਣਾ ਕਹਿ ਕੇ ਛੱਡ ਦੇਣਾ ਹੁੰਦਾ ਹੈ। ਫਿਰ ਅਸੀ ਸਿਸਟਮ ਤੋਂ ਇੰਨਸਾਫ ਦੀ ਉਮੀਦ ਕਰਦੇ ਹਾਂ ਜੋ ਕਿ ਸਾਡੇ ਸਹਿਯੋਗ ਬਿਨਾਂ ਸੰਭਵ ਨਹੀ ਹੁੰਦਾ। 

ਉਸ ਅਧਿਕਾਰੀ ਦਾ ਨਾਮ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਉਸ ਦੇ ਕਾਰਨਾਮਿਆਂ ਦੀ ਪੂਰੀ ਤਸਵੀਰ ਘੁੰਮ ਗਈ।ਕਿਉਂ ਕਿ ਉਹ ਮੇਰੇ ਵੱਲੋ ਬਚਾਅ ਪੱਖ ਦੀ ਪੈਰਵੀ ਵਾਲੇ ਕਈ ਕੇਸਾਂ ਵਿੱਚ ਤਫਤੀਸ਼ੀ ਰਹਿ ਚੁੱਕਾ ਸੀ।ਉਸ ਨੂੰ ਆਪਣੇ ਆਪ ਤੇ ਇੰਨਾਂ ਘੁਮੰਡ ਸੀ ਕਿ ਉਸ ਬੰਨਿਆ ਕੇਸ ਭਾਂਵੇ ਝੂਠਾ ਹੀ ਹੋਵੇ ਕਦੇ ਬਰੀ ਹੋ ਹੀ ਨਹੀ ਸਕਦਾ।ਨੇੜਲੇ ਪਿੰਡ ਤੋਂ ਸੰਬੰਧਤ ਹੋਣ ਕਰਕੇ ਕਈ ਵਾਰ ਆਪਣੇ ਜਮੀਨ ਜਾਇਦਾਦ ਦੇ ਮਸਲਿਆਂ ਵਿੱਚ ਉਹ ਮੇਰੇ ਕੋਲੋਂ ਮਸ਼ਵਰਾ ਲੈਣ ਵੀ ਆ ਜਾਂਦਾ ਸੀ।ਅਪਰਾਧਿਕ ਕੇਸਾਂ ਵਿੱਚ ਤਫਤੀਸ਼ ਦੌਰਾਨ ਉਹ ਮੇਰੇ ਇੱਕ ਬਹੁਤ ਹੀ ਕਾਬਲ ਦੋਸਤ ਵਕੀਲ ਦੀ ਰਹਿਨੁਮਾਈ ਲੈਂਦਾ ਸੀ।ਉਸ ਨੇ ਦੋ ਸਕੇ ਭਰਾਂਵਾਂ ਦੀ ਲੜਾਈ ਦਾ ਇੱਕ ਮੁਕੱਦਮਾ ਦਰਜ ਕੀਤਾ ਸੀ।ਜਿਸ ਮੁਤਬਿਕ ਇੱਕ ਭਰਾ ਵੱਲੋਂ ਦੂਸਰੇ ਭਰਾ ਦੇ ਮੱਥੇ ਵਿੱਚ ਕਸੀਆ(ਨਰਮਾ ਗੁੱਡਣ ਵਾਲਾ ਖੇਤੀਬਾੜੀ ਸੰਦ)ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਸੀ।ਮੈਡੀਕਲ ਰਿਪੋਰਟ ਆਉਣ ਤੇ ਆਈ.ਪੀ.ਸੀ. ਦੀ ਧਾਰਾ 325 ਦੇ ਅਧੀਨ ਮੁਕੱਦਮਾਂ ਦਰਜ ਹੋਇਆ ਸੀ।ਦੋ ਦਿਨ ਬਾਅਦ ਮੁਦਈ ਨੂੰ ਹੋਸ਼ ਆਈ ਸੀ।ਮੌਕੇ ਦੀ ਗਵਾਹ ਜਖਮੀ ਭਰਾ ਦੀ ਪਤਨੀ ਰੱਖ ਲਈ ਗਈ ਸੀ।  

ਅਦਾਲਤ ਵਿੱਚ ਕੇਸ ਗਵਾਹੀ ਦੀ ਸਟੇਜ ਤੇ ਆਇਆ ਤਾਂ ਮੈ ਬਚਾਅ ਪੱਖ ਵੱਲੋਂ ਪੇਸ਼ ਹੋਇਆ।ਅਦਾਲਤ ਨੇ ਵੀ ਦੇਖਿਆ ਕਿ ਛੋਟੇ ਭਰਾ ਵੱਲੋਂ ਵੱਡੇ ਭਰਾ ਦੇ ਸੱਟ ਮਾਰਨੀ ਜਾਹਰ ਹੋਈ ਹੈ ਕਿਉਂ ਨਾਂ ਕਿਸੇ ਤਰੀਕੇ ਨਾਲ ਝਗੜਾ ਨਬੇੜਿਆ ਜਾਵੇ। ਬੜੇ ਹੀ ਨਿੱਘੇ ਸੁਭਾਅ ਦੇ ਕਾਬਲ ਜੱਜ ਸਾਹਬ ਨੇ ਛੋਟੇ ਭਰਾ ਨੂੰ ਕਿਹਾ ਕਿ ਵੱਡੇ ਭਰਾ ਤੇ ਭਰਜਾਈ ਤੋਂ ਮਾਫੀ ਮੰਗ ਲੈ ਮੇਰੇ ਸਾਇਲ ਨੇ ਦੋਵਾਂ ਦੇ ਪੈਰੀ ਹੱਥ ਵੀ ਲਾ ਦਿੱਤੇ ਪਰ ਵੱਡਾ ਭਰਾ ਨਾਂ ਮੰਨਿਆ।ਪੁਰਜੋਰ ਕੋਸ਼ਿਸ ਕਰਨ ਤੇ ਵੀ ਝਗੜਾ ਨਾਂ ਨਿਬੜਿਆ ਮੇਰੇ ਵੱਲੋਂ ਵੀ ਮੁਦਈ ਧਿਰ ਨਾਲ ਗੱਲ ਵਿਰੋਧੀ ਵਕੀਲ ਰਾਹੀ ਕੀਤੀ ਗਈ ਤਾਂ ਗੱਲ ਸਾਹਮਣੇ ਆਈ ਕਿ ਤਫਤੀਸੀ ਨੇ ਬਹੁਤ ਖਰਚਾ ਕਰਾ ਦਿੱਤਾ।ਇਸ ਨਾਲ ਕੇਸ ਤੇ ਸ਼ੱਕ ਦੀ ਸੂਈ ਘੁੰਮਦੀ ਸੀ।ਮੈ ਦੋਸੀ ਨਾਲ ਕੇਸ ਬਾਰੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਤਾਂ ਸੱਟ ਮਾਰੀ ਹੀ ਨਹੀ ਸੀ ਵੱਡਾ ਭਰਾ ਡਿੱਗ ਕੇ ਕਿਤੋਂ ਸੱਟ ਲਵਾ ਆਇਆ ਸੀ ਰਸਤੇ ਚ ਕਈ ਬੰਦਿਆਂ ਨੂੰ ਵੀ ਮਿਲਿਆ ਸੀ ਇਹ ਮੁਕੱਦਮਾ ਤਾਂ ਤਫਤੀਸੀ ਨੇ ਝੂਠਾ ਬਣਾ ਦਿੱਤਾ।ਅਸਲ ਵਿੱਚ ਰੌਲਾ ਜਮੀਨ ਦੀ ਵੰਡ ਦਾ ਹੈ।ਵੱਡਾ ਭਰਾ ਕਿਉਂ ਕਿ ਕਲੇਸੀ ਹੈ ਉਸ ਤੋਂ ਸਾਰੇ ਡਰਦੇ ਨੇ ਇਸ ਕਰਕੇ ਉਸ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਨਕੁਆਰੀ ਨਹੀ ਕਰਾਈ ਕਿਉਂ ਕਿ ਉਸਦੇ ਭਰਾ ਤੋਂ ਡਰਦਿਆਂ ਕਿਸੇ ਨੇ ਗਵਾਹੀ ਨਹੀ ਦੇਣੀ ਸੀ।ਭਾਂਵੇ ਕਿ ਸਫਾਈ ਦੇ ਗਵਾਹ ਦੀ ਅਦਾਲਤ ਵਿੱਚ ਵੀ ਲੋੜ ਪੈਣੀ ਸੀ। ਪਰ ਸਾਰਾ ਦਾਰੋਮਦਾਰ ਮੁਦਈ ਧਿਰ ਦੀ ਗਵਾਹੀ ਤੇ ਟਿਕਿਆ ਸੀ। 

ਤਫਤੀਸ਼ੀ ਨੂੰ ਵੀ ਗਵਾਹੀ ਵਾਸਤੇ ਸੰਮਨ ਹੋ ਗਏ ਮੁਦਈ ਧਿਰ ਦੇ ਤਫਤੀਸ਼ੀ ਸਮੇਤ ਮੁਦਈ ਤੇ ਉਸ ਦੀ ਪਤਨੀ ਤਿੰਨ ਹੀ ਅਹਿਮ ਗਵਾਹ ਸਨ। ਦੋ ਤਿੰਨ ਵਾਰ ਅਦਾਲਤ ਵਿੱਚ ਕਿਸੇ ਕਾਰਨ ਗਵਾਹੀ ਨਾਂ ਹੋ ਸਕੀ ਗਵਾਹਾਂ ਨੂੰ ਮੁੜਨਾਂ ਪਿਆ। ਮੈ ਤਫਤੀਸ਼ੀ ਨੂੰ ਕਿਹਾ ਕਿ ਕੋਸ਼ਿਸ ਕਰ ਇਹਨਾਂ ਦਾ ਝਗੜਾ ਨਿੱਬੜ ਜਾਵੇ ਉਸ ਦਾ ਜਵਾਬ ਸੀ ਕਿ ਦੋਸ਼ੀ ਲੈ ਦੇ ਕੇ ਨਿੱਬੜ ਲਵੇ ਨਹੀ ਤਾਂ ਵਕੀਲ ਸਾਹਬ ਮੇਰਾ ਬੰਨਿਆ ਇਹ ਕੇਸ ਸਜਾ ਜਰੂਰ ਹੋਵੇਗਾ।ਇਹ ਤਾਂ ਭੁੱਲ ਹੀ ਜਾਵੋ ਕਿ ਤੁਸੀ ਦੋਸ਼ੀ ਬਰੀ ਕਰਵਾ ਲਵੋਗੇ।ਮੈ ਉਸ ਦੀ ਚੁਨੌਤੀ ਸਵੀਕਾਰ ਕਰ ਲਈ ਕਿ ਦੇਖਦੇ ਹਾਂ ਕੀ ਬਣਦਾ। ਅਗਲੀ ਪੇਸ਼ੀ ਤੇ ਮੇਰੇ ਵੱਲੋਂ ਕੇਸ ਨੂੰ ਤਸੱਲੀ ਬਖਸ਼ ਵਕਤ ਨਾਂ ਦੇਣ ਦੀ ਵਜਾ ਕਰਕੇ ਅਦਾਲਤ ਨੂੰ ਬੇਨਤੀ ਕਰਕੇ ਤਾਰੀਖ ਪੇਸ਼ੀ ਅਗੇ ਲਈ ਗਈ। ਤਫਤੀਸ਼ੀ ਨੇ ਮੈਨੂੰ ਫਿਰ ਕਿਹਾ ਕਿ ਹੁਣ ਤਰੀਕਾਂ ਕਿਉਂ ਲੈਦੇ ਹੋ।ਫਾਈਲ ਤੇ ਲਿਖ ਲਵੋ ਛੁਟਦਾ ਨਹੀ ਤੁਹਾਡਾ ਸਾਇਲ। 

ਅਗਲੀ ਤਾਰੀਖ ਪੇਸ਼ੀ ਤੇ ਮੈ ਪੂਰੀ ਤਿਆਰੀ ਨਾਲ ਗਿਆ।ਮੁਦਈ ਨੂੰ ਮੈ ਜਿਰਾਹ ਵਿੱਚ ਇਹ ਮਨਾ ਲਿਆ ਕਿ ਸੱਟ ਮੇਰੇ ਆਪਣੇ ਆਪ ਲੱਗੀ ਸੀ ਤੇ ਫਲਾਂ ਫਲਾਂ ਬੰਦਿਆਂ ਨੂੰ ਮੈ ਉਸ ਦਿਨ ਸੱਟ ਲੱਗਣ ਤੋਂ ਬਾਅਦ ਘਰ ਆਂਉਦਿਆ ਮਿਲਿਆ ਸੀ।ਪੁਲਿਸ ਦੀ ਕਹਾਣੀ ਮੁਤਾਬਕ ਉਹ ਸੱਟ ਲੱਗਣ ਤੇ ਮੌਕੇ ਤੇ ਬੇਹੋਸ਼ ਹੋ ਗਿਆ ਸੀ।ਜਾਹਰ ਕਰਦਾ ਮੌਕਾ ਏ ਵਾਰਦਾਤ ਤੇ ਮੌਕੇ ਦਾ ਗਵਾਹ ਹਾਜਰ ਨਹੀ ਸੀ ਇਹ ਵੀ ਜਿਰਹ ਵਿੱਚ ਸਾਬਤ ਹੋ ਗਿਆ। ਸਭ ਤੋਂ ਅਹਿਮ ਗੱਲ ਪੁਲਿਸ ਦੀ ਕਹਾਣੀ ਮੁਤਬਿਕ ਸੱਟ ਖੇਤ ਵਿੱਚ ਮਾਰੀ ਗਈ ਸੀ। ਪਰ ਮੌਕੇ ਦੀ ਗਵਾਹ ਮੁਤਾਬਿਕ ਪਿੰਡ ਦੇ ਕੋਲ ਲੋਕਾਂ ਦੇ ਇਕੱਠ ਚ ਸੱਟ ਮਾਰੀ ਸੀ।ਮੁਦਈ ਮੁਤਾਬਿਕ ਵਾਕਾ ਖੇਤ ਤੋਂ ਦੂਰ ਕਿਸੇ ਹੋਰ ਪਿੰਡ ਦੀ ਸੜਕ ਕੋਲ ਹੋਇਆ ਸੀ। ਜਿਰਹ ਵਿੱਚ ਤਫਤੀਸ਼ੀ ਵੀ ਥਿੜਕ ਗਿਆ ਕੁੱਲ ਮਿਲਾ ਕੇ ਸਫਾਈ ਤੱਕ ਪਹੁਚਦਿਆਂ ਪਹੁੰਚਦਿਆਂ ਝੂਠ ਤੋਂ ਪਰਦਾ ਮੁਕੰਮਲ ਤੌਰ ਤੇ ਚੁੱਕਿਆ ਗਿਆ। 

ਆਖਰੀ ਸਮੇਂ ਦੀ ਬਹਿਸ ਸਮੇਂ ਵੀ ਤਫਤੀਸ਼ੀ ਅਦਾਲਤ ਵਿੱਚ ਹਾਜਰ ਸੀ ਕਿਉਂ ਕਿ ਉਹ ਨੇੜੇ ਦੇ ਥਾਣੇ ਵਿੱਚ ਹੀ ਤਾਇਨਾਤ ਸੀ।ਉਸ ਦਿਨ ਵੀ ਬਹਿਸ ਤੋ ਬਾਅਦ ਉਸ ਨੇ ਕਿਹਾ ਕਿ ਵਕੀਲ ਸਾਹਬ ਬਹੁਤਾ ਕੁਝ ਤੁਹਾਡੇ ਕੋਲ ਨਹੀ ਸਜਾ ਪੱਕੀ ਹੈ ਮੋਟੀਆ ਕਿਤਾਬਾਂ ਕੁਝ ਨਹੀ ਕਰਦੀਆਂ ਮੇਰਾ ਉਸ ਨੂੰ ਜਵਾਬ ਸੀ ਕਿ ਜੇ ਮੋਟੀਆਂ ਕਿਤਾਬਾਂ ਨਾ ਹੋਣ ਜੁਡੀਸ਼ੀਅਲ ਅਦਾਲਤਾਂ ਨਾਂ ਹੋਣ ਤੁਸੀ ਥਾਣੇ ਵਿੱਚ 325 ਆਈ ਪੀ ਸੀ ਵਿੱਚ ਫਾਂਸੀ ਲਾ ਦਿਆ ਕਰੋਗੇ।ਫੈਸਲੇ ਵਾਲੇ ਦਿਨ ਵੀ ਤਫਤੀਸ਼ੀ ਕਿਸੇ ਦੋਸ਼ੀ ਨੂੰ ਪੇਸ਼ ਕਰਨ ਅਦਾਲਤ ਵਿੱਚ ਆਇਆ ਹੋਇਆ ਸੀ ਤੇ ਅਦਾਲਤ ਦੇ ਸਾਹਮਣੇ ਵਾਲੇ ਡੈਸ਼ ਤੇ ਹੀ ਖੜਾ ਸੀ ਦੋਸ਼ੀ ਬਰੀ ਹੋ ਗਿਆ ਮੈ ਅਦਾਲਤ ਦਾ ਧੰਨਵਾਦ ਕੀਤਾ ਤੇ ਤਫਤੀਸ਼ੀ ਨੂੰ ਸਿਰਫ ਯਾਦ ਕਰਾਇਆ ਕਿ ਇਸ ਕੇਸ਼ ਵਿੱਚ ਤੁਸੀ ਤਫਤੀਸ਼ੀ ਸੀ।ਬਾਹਰ ਆਕੇ ਉਹ ਕਹਿਣ ਲੱਗਾ ਯਾਰ ਅਦਾਲਤਾਂ ਕੁਝ ਨਹੀ ਦੇਖਦੀਆਂ ਇਸ ਤੋ ਵਧੀਆ ਕੇਸ ਬਣਾਇਆ ਨਹੀ ਜਾ ਸਕਦਾ।ਮੈ ਉਸ ਨੂੰ ਜਵਾਬ ਦਿੱਤਾ ਕਿ ਭਾਈ ਸਾਹਬ ਅਦਾਲਤਾਂ ਹੀ ਤਾਂ ਸਭ ਦੇਖ ਲੈਦੀਆਂ ਜੇ ਤੁਸੀ ਦੇਖ ਲੈਦੇ ਤਾਂ ਇਹ ਮੁਕੱਦਮਾ ਹੀ ਅਦਾਲਤ ਵਿੱਚ ਨਾਂ ਆਂਉਂਦਾ।ਅਖਬਾਰ ਦੀ ਖਬਰ ਪੜ ਕੇ ਮਹਿਸੂਸ ਕੀਤਾ ਕਿ ਗਲਤ ਕਰਨ ਵਾਲਾ ਕਦੇ ਕਾਨੂੰਨ ਦੇ ਸਿਕੰਜੇ ਵਿੱਚ ਜਰੂਰ ਆ ਜਾਂਦਾ ਹੈ। 

(ਸਤਪਾਲ ਸਿੰਘ ਦਿਉਲ ਐਡਵੋਕੇਟ) +91 9878170771

Install Punjabi Akhbar App

Install
×