ਅਸੀਂ ਕਿੰਨੇ ਅ-ਸੰਵੇਦਨਸ਼ੀਲ ਹੋ ਗਏ ਹਾਂ…..!

ਕੁਝ ਦਿਨ ਪਹਿਲਾਂ ਹੋਲੇ ਮਹੱਲੇ ਸਮੇਂ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿੱਚ ਕੈਨੇਡਾ ਤੋਂ ਆਏ ਪ੍ਰਦੀਪ ਸਿੰਘ ਨਾਮਕ ਇੱਕ ਨੌਜਵਾਨ ਦਾ ਸ਼ਰੇਆਮ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਪਰ ਇਸ ਘਟਨਾ ਦਾ ਸਭ ਤੋਂ ਸ਼ਰਮਨਾਕ ਪਹਿਲੂ ਇੱਕ ਹੈ ਕਿ ਲੋਕਾਂ ਦਾ ਹਜੂਮ ਇਸ ਘਟਨਾ ਦਾ ਪੂਰਾ ਮਜ਼ਾ ਲੈ ਰਿਹਾ ਸੀ ਤੇ ਅੱਧੇ ਤੋਂ ਵੱਧ ਲੋਕ ਉਸ ਨੌਜਵਾਨ ਦਾ ਬਚਾਅ ਕਰਨ ਦੀ ਬਜਾਏ ਆਪੋ ਆਪਣੇ ਮੋਬਾਇਲਾਂ ‘ਤੇ ਉਸ ਦੀ ਮਾਰ ਕੁਟਾਈ ਦੀ ਵੀਡੀਉ ਬਣਾਉਣ ਵਿੱਚ ਰੁੱਝੇ ਹੋਏ ਸਨ।
ਇਸੇ ਤਰਾਂ ਦੀ ਇੱਕ ਘਟਨਾ ਵਿੱਚ ਸੱਤ ਕੁ ਮਹੀਨੇ ਪਹਿਲਾਂ ਯੂ.ਪੀ. ਦੇ ਗਾਜ਼ੀਆਬਾਦ ਸ਼ਹਿਰ ਵਿੱਚ ਦੋ ਬਦਮਾਸ਼ਾਂ ਨੇ ਅਜੇ ਨਾਮਕ ਇੱਕ ਵਿਅਕਤੀ ਨੂੰ ਸ਼ਰੇਆਮ ਚੱਲਦੀ ਸੜਕ ‘ਤੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਨੇੜੇ ਤੋਂ ਅਰਾਮ ਨਾਲ ਟਰੈਫਿਕ ਚੱਲਦੀ ਰਹੀ ਤੇ ਬੇਸ਼ਰਮ ਤਮਾਸ਼ਬੀਨ ਉਸ ਦੀ ਮਦਦ ਕਰਨ ਜਾਂ ਪੁਲਿਸ ਤੇ ਐਂਬੂਲੈਂਸ ਨੂੰ ਬੁਲਾਉਣ ਦੀ ਬਜਾਏ ਮਾਰ ਕੁਟਾਈ ਦੀਆਂ ਵੀਡੀਉ ਬਣਾਉਂਦੇ ਰਹੇ। ਉਹਨਾਂ ਨੂੰ ਅਜੇ ਨੂੰ ਬਚਾਉਣ ਨਾਲੋਂ ਫੇਸਬੁੱਕ ‘ਤੇ ਲਾਈਕ ਲੈਣ ਦੀ ਜਿਆਦਾ ਫਿਕਰ ਸੀ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਆਵਿਸ਼ਕਾਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜਰੂਰੀ ਦਸਤਾਵੇਜ਼, ਫੋਟੋਆਂ, ਖਬਰਾਂ, ਫਿਲਮਾਂ ਅਤੇ ਈਮੇਲ ਆਦਿ ਸਕਿੰਟਾਂ ਵਿੱਚ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਭੇਜੇ ਜਾ ਸਕਦੇ ਹਨ। ਸੰਸਾਰ ਦੇ ਕਿਸੇ ਵੀ ਦੇਸ਼ ਤੋਂ ਫਰੀ ਆਡਿਉ ਜਾਂ ਵੀਡੀਉ ਕਾਲ ਹੋ ਜਾਂਦੀ ਹੈ। ਪਰ ਇਹ ਗੱਲਾਂ ਸਾਡੇ ਦੇਸ਼ ਦੇ ਵਿਹਲੜਾਂ ‘ਤੇ ਲਾਗੂ ਨਹੀਂ ਹੁੰਦੀਆਂ, ਇਹ ਤਾਂ ਸ਼ੋਸ਼ਲ ਮੀਡੀਆਂ ਦੀ ਵਰਤੋਂ ਹੋਰ ਹੀ ਕੰਮਾਂ ਲਈ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਬਿਹਾਰ ਦੇ ਇੱਕ ਪੱਤਰਕਾਰ ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਉਸ ਨੇ ਦੋ ਵਿਅਕਤੀਆਂ ਨੂੰ ਪੱਟੀਆਂ ਆਦਿ ਬੰਨ੍ਹ ਕੇ ਇੱਕ ਵੀਡੀਉ ਤਿਆਰ ਕਰ ਲਈ ਕਿ ਉਹ ਤਾਮਿਨਾਡੂ ਵਿਖੇ ਮਜ਼ਦੂਰੀ ਕਰਦੇ ਹਨ ਤੇ ਉਹਨਾਂ ‘ਤੇ ਤਾਮਿਲਾਂ ਨੇ ਫਿਰਕੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਦੇ ਦਰਜ਼ਨਾਂ ਸਾਥੀ ਮਾਰੇ ਗਏ ਹਨ ਤੇ ਸੈਂਕੜੇ ਜ਼ਖਮੀ ਹਨ। ਵਿਹਲੜਾਂ ਨੇ ਬਿਨਾਂ ਸੋਚੇ ਸਮਝੇ ਇਹ ਵੀਡੀਉ ਸਾਰੇ ਭਾਰਤ ਵਿੱਚ ਫੈਲਾ ਦਿੱਤੀ। ਤਾਮਿਲਨਾਡੂ ਵਿੱਚ ਹਫੜਾ ਦਫੜੀ ਫੈਲ ਗਈ ਤੇ ਹਜ਼ਾਰਾਂ ਬਿਹਾਰੀ ਮਜ਼ਦੂਰ ਡਰਦੇ ਮਾਰੇ ਕੰਮ ਕਾਜ ਛੱਡ ਕੇ ਰੇਲਵੇ ਸਟੇਸ਼ਨਾਂ ‘ਤੇ ਪਹੁੰਚ ਗਏ। ਇਸ ਅਫਵਾਹ ਨੂੰ ਰੋਕਣ ਲਈ ਬਿਹਾਰ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀਆਂ ਨੂੰ ਦਖਲ ਦੇਣਾ ਪਿਆ ਤਾਂ ਕਿਤੇ ਜਾ ਕੇ 10 – 15 ਦਿਨਾਂ ਬਾਅਦ ਮਾਹੌਲ ਸ਼ਾਂਤ ਹੋਇਆ। ਹੁਣ ਉਸ ਪੱਤਰਕਾਰ ਅਤੇ ਉਸ ਦੇ ਮੂਰਖ ਸਾਥੀਆਂ ‘ਤੇ ਮੁਕੱਦਮਾ ਦਰਜ਼ ਹੋ ਗਿਆ ਤੇ ਉਹ ਜੇਲ ਯਾਤਰਾ ਕਰ ਰਹੇ ਹਨ।
ਜੇ ਕਿਤੇ ਸੜਕ ਹਾਦਸੇ ਵਿੱਚ ਕੋਈ ਬਦਨਸੀਬ ਮਰਿਆ ਪਿਆ ਹੋਵੇ ਤਾਂ ਇਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਮਦਦ ਕਰਨ ਦੀ ਬਜਾਏ ਨੁੱਚੜਦੇ ਖੂਨ ਤੇ ਫਿੱਸੇ ਹੋਏ ਸਿਰਾਂ ਵਾਲੀਆਂ ਦਰਦਨਾਕ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਉਣਗੇ। ਕਈ ਬੇਵਕੂਫ ਤਾਂ ਐਵੇਂ ਹੀ ਪੁਰਾਣੀ ਫੋਟੋ ਵੱਟਸਐੱਪ ‘ਤੇ ਪਾ ਦੇਂਦੇ ਹਨ ਕਿ ਇਹ ਬੱਚਾ ਫਲਾਣੇ ਰੇਲਵੇ ਸਟੇਸ਼ਨ ‘ਤੇ ਲਾਵਾਰਿਸ ਮਿਲਿਆ ਹੈ। ਲੋਕ ਫੋਨ ਕਰ ਕੇ ਪੁਲਿਸ ਵਾਲਿਆਂ ਦਾ ਨੱਕ ਵਿੱਚ ਦਮ ਕਰ ਦੇਂਦੇ ਹਨ। ਕਈ ਘਰ ਬੈਠੇ ਹੀ ਮੈਜੇਜ ਛੱਡ ਦੇਂਦੇ ਹਨ ਕਿ ਫਲਾਣੇ ਹਸਪਤਾਲ ਵਿੱਚ ਖੂਨ ਚਾਹੀਦਾ ਹੈ। ਬੰਦਾ ਪੁੱਛੇ ਕਿ ਤੁਸੀਂ ਆਪ ਕਿਉਂ ਨਹੀਂ ਦੇਂਦੇ ਜਾ ਕੇ? ਖੂਨ ਕਿਸੇ ਲੋੜਵੰਦ ਨੂੰ ਬਠਿੰਡੇ ਚਾਹੀਦਾ ਹੁੰਦਾ ਹੈ ਤੇ ਮੈਸੇਜ ਇਹ ਪਠਾਨਕੋਟ ਨੂੰ ਭੇਜੀ ਜਾਂਦੇ ਹਨ।
ਸੋਸ਼ਲ ਮੀਡੀਆ ‘ਤੇ ਸਾਰਾ ਦਿਨ ਫਜ਼ੂਲ ਦੀਆਂ ਅਹਿਮਕਾਨਾ ਗੱਲਾਂ ਜਿਆਦਾ ਸ਼ੇਅਰ ਕੀਤੀਆਂ ਜਾਂਦੀਆਂ ਹਨ। ਕਈ ਮੂਰਖ ਤਾਂ ਅੰਧਵਿਸ਼ਵਾਸ ਫੈਲਾਉਣਾ ਆਪਣਾ ਪਰਮ ਧਰਮ ਸਮਝਦੇ ਹਨ। ਕਹਿਣਗੇ ਇਹ ਮੈਸੇਜ ਫਲਾਣੇ ਧਾਰਮਿਕ ਸਥਾਨ ਤੋਂ ਚੱਲਿਆ ਹੈ। 100 ਲੋਕਾਂ ਨੂੰ ਫਾਰਵਰਡ ਕਰੋਗੇ ਤਾਂ ਸ਼ਾਮ ਤੱਕ ਕੋਈ ਚੰਗੀ ਖਬਰ ਮਿਲੇਗੀ, ਅਗਰ ਨਜ਼ਰ ਅੰਦਾਜ਼ ਕਰੋਗੇ ਤਾਂ ਤੁਹਾਡਾ ਨੁਕਸਾਨ ਹੋ ਜਾਵੇਗਾ। ਇੱਕ ਸੂਰਮੇ ਨੇ ਤਾਂ ਆਪਣੇ ਦਾਦੇ ਦੀ ਅਰਥੀ ਨੂੰ ਮੋਢਾ ਦੇਂਦੇ ਸਮੇਂ ਦੰਦੀਆਂ ਕੱਢਦੇ ਹੋਏ ਸੈਲਫੀ ਖਿੱਚ ਕੇ ਫੇਸਬੁੱਕ ‘ਤੇ ਪਾ ਦਿੱਤੀ ਸੀ ਕਿ ਫੀਲਿੰਗ ਸੈੱਡ ਵਿੱਦ ਦਾਦਾ ਜੀ ਡੈੱਡ। ਕਈ ਲੋਕ ਤਾਂ ਸ਼ੋਸ਼ਲ ਮੀਡੀਆ ਦੇ ਐਨੇ ਭਗਤ ਹਨ ਜਿਵੇਂ ਦੁਨੀਆਂ ਭਰ ਦੀ ਸਾਰੀ ਸੱਚਾਈ ਇਸ ਵਿੱਚ ਹੀ ਸਮਾਈ ਹੋਵੇ। ਜਦੋਂ ਦੀਨਾਨਗਰ ਥਾਣੇ ‘ਤੇ ਅੱਤਵਾਦੀ ਹਮਲਾ ਹੋਇਆ ਸੀ ਤਾਂ ਵਿਹਲੜਾਂ ਨੇ ਟੀ.ਵੀ. ਤੋਂ ਉੱਡਦੀ ਉੱਡਦੀ ਖਬਰ ਸੁਣ ਲਈ ਕਿ ਅੱਤਵਾਦੀਆਂ ਨਾਲ ਸ਼ਾਇਦ ਦੋ ਔਰਤਾਂ ਵੀ ਹਨ। ਮੁਕਾਬਲਾ ਰਾਤ 8-9 ਵਜੇ ਜਾ ਕੇ ਖਤਮ ਹੋਇਆ ਸੀ। ਪਰ ਕਥਿੱਤ ਸੋਸ਼ਲ ਮੀਡੀਆ ਕਰਾਈਮ ਰਿਪੋਰਟਰਾਂ ਨੇ ਸਵੇਰੇ 10 ਵਜੇ ਹੀ ਕਿਸੇ ਪੁਰਾਣੇ ਮੁਕਾਬਲੇ ਵਿੱਚ ਦੋ ਔਰਤਾਂ ਸਮੇਤ ਮਰੇ ਚੇਚਨੀਆਂ (ਰੂਸ) ਦੇ ਅੱਤਵਾਦੀਆਂ ਦੀਆਂ ਫੋਟੋਆਂ ਵੱਟਸਐਪ ‘ਤੇ ਪਾ ਦਿੱਤੀਆਂ ਸਨ ਕਿ ਸਾਰੇ ਅੱਤਵਾਦੀ ਮਾਰੇ ਗਏ ਹਨ ਤੇ ਮੁਕਾਬਲਾ ਖਤਮ ਹੋ ਗਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦਿੱਲੀ ਅਤੇ ਹਰਿਆਣਾ ਦੇ ਜਾਟ ਅੰਦੋਲਨ ਨੂੰ ਭੜਕਾਉਣ ਵਿੱਚ ਸ਼ੋਸ਼ਲ ਮੀਡੀਆ ਦਾ ਪੂਰਾ ਹੱਥ ਸੀ।
ਇਨ੍ਹਾਂ ਲੋਕਾਂ ਨੂੰ ਸਵੇਰੇ ਭਗਤੀ ਦਾ ਖੁਮਾਰ ਚੜ੍ਹਿਆ ਹੁੰਦਾ ਹੈ। ਅਜਿਹੇ ਧਾਰਮਿਕ, ਗਿਆਨ ਵਧਾਊ ਅਤੇ ਹੌਂਸਲਾ ਅਫਜਾਈ ਵਾਲੇ ਮੈਸੇਜ ਆਉਂਦੇ ਹਨ ਕਿ ਬੰਦਾ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਮਹਿਸੂਸ ਕਰਨ ਲੱਗ ਜਾਂਦਾ ਹੈ। ਦੁਪਹਿਰ ਨੂੰ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ ਹੈ। ਸਟੇਟਸ ‘ਤੇ ਫੋਟੋ ਵੀ ਵੇਖਣ ਵਾਲੀ ਹੁੰਦੀ ਹੈ। ਮਰੀਅਲ ਤੋਂ ਮਰੀਅਲ ਬੰਦਾ ਵੀ ਗੁੱਗੂ ਗਿੱਲ ਤੋਂ ਘੱਟ ਨਹੀ ਲੱਗਦਾ। ਕਈ ਸੂਰਮੇ ਤਾਂ ਬੇਗਾਨੇ ਪਿਸਤੌਲਾਂ ਰਾਈਫਲਾਂ ਨਾਲ ਗੱਬਰ ਸਿੰਘ ਦੇ ਪੋਜ਼ ਵਿੱਚ ਡੀ.ਪੀ. ਲਾ ਕੇ ਜੇਲ੍ਹ ਜਾਣ ਦੀ ਤਿਆਰੀ ਕਰੀ ਬੈਠੇ ਹਨ। ਆਮ ਲੋਕਾਂ ਨੂੰ ਇਹ ਪਤਾ ਨਹੀਂ ਕਿ ਦੂਸਰੇ ਦੇ ਹਥਿਆਰ ਨੂੰ ਪਕੜਨਾ ਵੀ ਜ਼ੁਰਮ ਹੈ। ਹਰ ਬੰਦਾ ਦੂਸਰੇ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਬੁੱਢਿਆਂ ਨੇ ਫੇਸਬੁੱਕ ‘ਤੇ ਆਪਣੀ ਜਵਾਨੀ ਦੀ ਪ੍ਰੋਫਾਇਲ ਫੋਟੋ ਲਾਈ ਹੁੰਦੀ ਹੈ। ਕਈ ਬੰਦੇ ਭੁਲੇਖੇ ਨਾਲ ਆਪਣੀ ਪਤਨੀ ਨਾਲ ਹੀ ਚੈਟਿੰਗ ਕਰਦੇ ਕਾਬੂ ਆ ਗਏ ਹਨ। ਕਈ ਅਣਭੋਲ ਔਰਤਾਂ ਬਦਮਾਸ਼ ਬੰਦਿਆਂ ਦੀਆਂ ਚੈਟਿੰਗ ਦੌਰਾਨ ਕੀਤੀਆਂ ਮਿੱਠੀਆਂ ਗੱਲਾਂ ਵਿੱਚ ਫਸ ਕੇ ਘਰ ਘਾਟ ਤਬਾਹ ਕਰ ਬੈਠੀਆਂ ਹਨ।
ਇੱਕ ਨਵਾਂ ਟਰੈਂਡ ਚੱਲਿਆ ਹੈ ਸੈਲਫੀ ਖਿੱਚਣ ਦਾ। ਲੋਕ ਕਿਸੇ ਲੀਡਰ ਜਾਂ ਅਫਸਰ ਨਾਲ ਚੇਪੀ ਹੋ ਕੇ ਖਿੱਚੀਆਂ ਸੈਲਫੀਆਂ ਫੇਸਬੁੱਕ ‘ਤੇ ਪਾ ਕੇ ਲਾਈਕ ਗਿਣਨ ਲੱਗ ਜਾਂਦੇ ਹਨ। ਲਾਈਕ ਅਸਲ ਵਿੱਚ ਉਸ ਵੱਡੇ ਬੰਦੇ ਨੂੰ ਮਿਲਦੇ ਹਨ, ਜਿਸ ਨਾਲ ਤੁਹਾਡੀ ਫੋਟੋ ਲੱਗੀ ਹੁੰਦੀ ਹੈ। ਹੁਣ ਤੱਕ ਇੱਕਲੇ ਭਾਰਤ ਵਿੱਚ ਹੀ 250 ਦੇ ਕਰੀਬ ਲੋਕ ਸੈਲਫੀਆਂ ਲੈਂਦੇ ਸਮੇਂ ਅਣਿਆਈ ਮੌਤ ਮਰ ਚੁੱਕੇ ਹਨ। ਲੀਡਰਾਂ ਕੋਲ ਪਹੁੰਚਣ ਦਾ ਸਭ ਤੋਂ ਸੌਖਾ ਬਹਾਨਾ ਹੈ ਸੈਲਫੀ ਖਿੱਚਣੀ। ਜਿਹੜੇ ਲੀਡਰ ਜਾਂ ਐਕਟਰ ਨੱਕ ‘ਤੇ ਮੱਖੀ ਨਹੀਂ ਬਹਿਣ ਦੇਂਦੇ, ਉਹ ਵੀ ਸੈਲਫੀ ਖਿਚਾਉਣ ਵੇਲੇ ਅਸੀਲ ਮੱਝ ਵਾਂਗ ਫੌਰਨ ਬੱਤੀਸੀ ਵਿਖਾਉਣ ਲੱਗ ਜਾਂਦੇ ਹਨ। ਸ਼ੋਸ਼ਲ ਮੀਡੀਆ ਅੱਜ ਐਨਾ ਤਾਕਤਵਰ ਹੋ ਗਿਆ ਹੈ ਕਿ ਇਸ ਵਿੱਚ ਦੇਸ਼ਾਂ ਦੀ ਕਿਸਮਤ ਤੱਕ ਬਦਲਣ ਦੀ ਤਾਕਤ ਆ ਗਈ ਹੈ। ਟਿਊਨੀਸ਼ੀਆ, ਮਿਸਰ ਅਤੇ ਸੀਰੀਆ ਦੀਆਂ ਸਰਕਾਰਾਂ ਦਾ ਤਖਤਾ ਪਲਟਾਉਣ ਵਿੱਚ ਇਸ ਦਾ ਪੂਰਾ ਹੱਥ ਸੀ। 2010 ਵਿੱਚ ਟਿਊਨੀਸ਼ੀਆ ਦੀ ਰਾਜਧਾਨੀ ਟਿਊਨਿਸ ਵਿਖੇ ਇੱਕ ਕਬਜ਼ਾ ਹਟਾਊ ਦਸਤੇ ਦੇ ਵਿਰੋਧ ਵਿੱਚ ਇੱਕ ਫੜ੍ਹੀ ਵਾਲੇ ਮੁਹੰਮਦ ਬੋਆਜ਼ੀ ਨੇ ਆਪਣੇ ਆਪ ਅੱਗ ਲਗਾ ਲਈ ਸੀ। ਉਹ ਫੋਟੋ ਐਨੀ ਵਾਇਰਲ ਹੋਈ ਕਿ ਤਤਕਾਲੀ ਰਾਸ਼ਟਰਪਤੀ ਜ਼ਾਈਨ ਅਲ ਅਬੀਦੀਨ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ। ਭਾਰਤ ਵਿੱਚ ਇੱਕ ਖਾਸ ਰਾਜਨੀਤਕ ਪਾਰਟੀ ਦਾ ਸ਼ੋਸ਼ਲ ਮੀਡੀਆ ‘ਤੇ ਮੁਕੰਮਲ ਕਬਜ਼ਾ ਹੈ। ਇਸ ਦਾ ਪਰਿਣਾਮ ਇਹ ਨਿਕਲਿਆ ਹੈ ਕਿ ਲੋਕ ਦੂਸਰੀਆਂ ਪਾਰਟੀਆਂ ਦੀ ਗੱਲ ਸੁਣਨ ਲਈ ਵੀ ਰਾਜੀ ਨਹੀਂ ਹਨ। ਉਸ ਨੂੰ ਹਰ ਇਲੈੱਕਸ਼ਨ ਵਿੱਚ ਧੜਾ ਧੜ ਵੋਟ ਮਿਲ ਰਹੇ ਹਨ।
ਸ਼ੋਸ਼ਲ ਮੀਡੀਆ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਫਾਇਦੇ ਵੀ ਬੇਅੰਤ ਹਨ। ਦੋ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਨਿਊਯਾਰਕ (ਅਮਰੀਕਾ) ਵਿੱਚ ਇੱਕ ਮਰੀਜ਼ ਦਾ ਉਪਰੇਸ਼ਨ ਕਰਦੇ ਸਮੇਂ ਡਾਕਟਰ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ। ਉਸ ਨੇ ਕੈਲਗਰੀ (ਕੈਨੇਡਾ) ਦੇ ਇੱਕ ਸਪੈਸ਼ਲਿਸਟ ਨੂੰ ਆਨਲਾਈਨ ਉਪਰੇਸ਼ਨ ਵਿਖਾ ਕੇ ਸਲਾਹ ਲਈ ਤੇ ਮਰੀਜ਼ ਦੀ ਜਾਨ ਬਚ ਸਕੀ। ਪਰ ਸਾਡੇ ਦੇਸ਼ ਵਿੱਚ ਸ਼ੋਸ਼ਲ ਮੀਡੀਆ ਦੀ ਰੱਜ ਦੁਰਵਰਤੋਂ ਹੋ ਰਹੀ ਹੈ। ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਸਰੇ ਨੂੰ ਬਦਨਾਮ ਕਰਨ ਲਈ ਜਿਆਦਾ ਕੀਤਾ ਜਾ ਰਿਹਾ ਹੈ। ਇਸ ਲਈ ਸਭ ਨੂੰ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੀਏ। ਇਸ ਨਾਲ ਅਸੀਂ ਵੀ ਸੁਖੀ ਰਹਾਂਗੇ ਤੇ ਸਮਾਜ ਦਾ ਵੀ ਭਲਾ ਹੋਵੇਗਾ।