8 ਮਾਰਚ – ਕੌਮਾਂਤਰੀ ਨਾਰੀ ਦਿਵਸ

Gobinder Singh Dhindsa 190303 ਕੌਮਾਂਤਰੀ ਨਾਰੀ ਦਿਵਸss

ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਅਤੇ ਸਮਾਨਤਾ ਅਤਿ ਲੋੜੀਂਦੀ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 ਵਿੱਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉੱਥੇ 15000 ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਆਪਣੀ ਨੌਕਰੀ ਦੇ ਸਮੇਂ ਨੂੰ ਘੱਟ ਕਰਨ ਨੂੰ ਲੈ ਕੇ ਮਾਰਚ ਕੱਢਿਆ ਸੀ, ਇਸਦੇ ਨਾਲ ਹੀ ਉਹਨਾਂ ਨੇ ਤਨਖਾਹ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਵੀ ਮੰਗ ਕੀਤੀ। ਇਸ ਘਟਨਾ ਦੇ ਇੱਕ ਸਾਲ ਪਿੱਛੋਂ ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਆੱਫ਼ ਅਮਰੀਕਾ ਦੇ ਸੱਦੇ ਤੇ 28 ਫਰਵਰੀ 1909 ਨੂੰ ਰਾਸ਼ਟਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।

ਸਾਲ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ਕੰਮਕਾਜੀ ਮਹਿਲਾਵਾਂ ਦੇ ਕੋਪਨਹੈਗਨ ਵਿਖੇ ਕੌਮਾਂਤਰੀ ਸੰਮੇਲਨ ਦੌਰਾਨ ਨਾਰੀ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ। ਇਸ ਸੰਮੇਲਨ ਵਿੱਚ 17 ਦੇਸ਼ਾਂ ਦੀਆਂ ਤਕਰੀਬਨ 100 ਕੰਮਕਾਜੀ ਔਰਤਾਂ ਮੌਜੂਦ ਸਨ ਅਤੇ ਇਹਨਾਂ ਨੇ ਸੁਝਾਅ ਦਾ ਸਮੱਰਥਨ ਕੀਤਾ ਅਤੇ ਸਾਲ 1911 ਵਿੱਚ 19 ਮਾਰਚ ਨੂੰ ਕਈ ਦੇਸ਼ਾਂ ਆਸਟ੍ਰੀਆ, ਡੇਨਮਾਰਕ, ਜਰਮਨੀ ਅਤੇ ਸਵਿੱਟਜਰਲੈਂਡ ਨੇ ਇਹ ਦਿਨ ਮਨਾਇਆ।

1917 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਰੂਸ ਦੀਆਂ ਔਰਤਾਂ ਨੇ ਤੰਗ ਆਕੇ ਖਾਣਾ ਅਤੇ ਸ਼ਾਂਤੀ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਐਨਾ ਸੰਗਠਿਤ ਸੀ ਕਿ ਸਮਰਾਟ ਨਿਕੋਸ ਨੂੰ ਆਪਣਾ ਪਦ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਇਸ ਤੋਂ ਬਾਦ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਿਆ। ਰੂਸੀ ਔਰਤਾਂ ਨੇ ਜਿਸ ਦਿਨ ਹੜਤਾਲ ਸ਼ੁਰੂ ਕੀਤੀ ਸੀ ਉਹ 23 ਫਰਵਰੀ (ਜੂਲੀਅਨ ਕੈਲੰਡਰ ਮੁਤਾਬਕ) ਸੀ ਅਤੇ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਇਹ 8 ਮਾਰਚ ਸੀ।

8 ਮਾਰਚ 1975 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਕੌਮਾਂਤਰੀ ਨਾਰੀ ਦਿਵਸ ਮਨਾਇਆ। ਸਾਲ 1996 ਤੋਂ ਲਗਾਤਾਰ ਕੌਮਾਂਤਰੀ ਨਾਰੀ ਦਿਵਸ ਕਿਸੇ ਨਿਸ਼ਚਿਤ ਵਿਸ਼ੇ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ ਅਤੇ 1996 ਵਿੱਚ ‘ਅਤੀਤ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾ’ ਇਸ ਦਾ ਵਿਸ਼ਾ ਰਿਹਾ। ਸਾਲ 2019 ਦਾ ਵਿਸ਼ਾ “ਸਾਮਾਨ ਸੋਚੋ, ਸਮਾਰਟ ਬਣਾਓ ਅਤੇ ਬਦਲਾਅ ਦੇ ਲਈ ਨਵਾਂ ਕਰੋ (ਥਿੰਕ ਇਕੂਅਲ, ਬਿਲਡ ਸਮਾਰਟ, ਇਨੋਵੇਟ ਫਾੱਰ ਚੇਂਜ)” ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾਰੀ ਸਸ਼ਕਤੀਕਰਨ ਅਤੇ ਲੈਂਗਿਕ ਸਮਾਨਤਾ ਲਈ ਬਹੁਤ ਕਾਨੂੰਨ ਹੋਂਦ ਵਿੱਚ ਹਨ ਪਰੰਤੂ ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਔਰਤਾਂ ਨੂੰ ਪੂਰਨ ਆਜ਼ਾਦੀ ਨਹੀਂ ਮਿਲੀ, ਅੱਜ ਵੀ ਉਹ ਮਰਦ ਪ੍ਰਧਾਨ ਸਮਾਜ ਵਿੱਚ ਦੂਜੇ ਦਰਜੇ ਦੀਆਂ ਨਾਗਰਿਕ ਸਮਝੀਆਂ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਉਤਪੀੜਨ ਦੇ ਅੰਕੜੇ ਡਰਾਉਣ ਵਾਲੇ ਹਨ, ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਸਾਡੇ ਸਮਾਜ ਅਤੇ ਨੈਤਿਕਤਾ ਦੇ ਨਿਗਾਰ ਦੀ ਨਿਸ਼ਾਨੀ ਹੈ।

ਉਸਾਰੂ ਸਮਾਜ ਦੀ ਸਿਰਜਣਾ ਲਈ ਲੈਂਗਿਕ ਸਮਾਨਤਾ ਬੇਹੱਦ ਜ਼ਰੂਰੀ ਹੈ ਅਤੇ ਇਸ ਲਈ ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ਤੋਂ ਤਰਸ ਆਧਾਰਤ ਸਮਾਨਤਾ ਦੀ ਥਾਂ ਖੁਦ ਸੰਗਠਿਤ ਹੋ ਕੇ ਮਰਦ ਪ੍ਰਧਾਨ ਸਮਾਜ ਦੇ ਏਕਾਅਧਿਕਾਰ ਨੂੰ ਚੁਣੋਤੀ ਦੇਣਾ ਹੀ ਉਹਨਾਂ ਦਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ।

(ਗੋਬਿੰਦਰ ਸਿੰਘ ‘ਬਰੜ੍ਹਵਾਲ’)

bardwal.gobinder@gmail.com

Welcome to Punjabi Akhbar

Install Punjabi Akhbar
×