“ਸਰਬੱਤ ਦਾ ਭਲਾ” ਸੰਕਲਪ ਨੂੰ ਚਹੁੰ-ਕੂੰਟਾਂ ‘ਚ ਪਹੁੰਚਾਉਣ ਦਾ ਸਾਰਥਕ ਯਤਨ ਹੈ ਸ਼ੇਰਗਿੱਲ ਦਾ ਅੰਤਰਰਾਸ਼ਟਰੀ ਵਿਸਾਖੀ ਸੋਵੀਨਰ ਅੰਕ 2019

gurmit singh palahi 190727 souvenir 2019,

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਇਹ ਪੂਰਾ ਵਰ੍ਹਾ ਉਹਨਾ ਦੇ ਜੀਵਨ ਫ਼ਲਸਫੇ ਨੂੰ ਪੂਰਨ ਉਤਸ਼ਾਹ ਨਾਲ ਸੰਸਾਰ ਦੇ ਕੋਨੇ ਕੋਨੇ ਪ੍ਰਚਾਰਿਆ ਜਾਵੇਗਾ। ਪ੍ਰਵਾਭਸ਼ਾਲੀ ਇੱਕਠ ਹੋਣਗੇ। ਇਹਨਾ ਇੱਕਠਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ‘ਨਾਮ ਜਪੋ’, ਕਿਰਤ ਕਰੋ, ਵੰਡ ਛਕੋ’ ਦੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਣ ਦਾ ਯਤਨ ‘ਨਾਨਕ ਨਾਮ ਲੇਵਾ’ ਸ਼ਰਧਾਵਾਨ ਲੋਕਾਂ ਵਲੋਂ ਕੀਤਾ ਜਾਵੇਗਾ। ਸਿੱਖ ਭਾਈਚਾਰਾ ਜਿਹੜਾ ਹੁਣ ਦੇਸ਼-ਵਿਦੇਸ਼ ਵਿੱਚ ਫੈਲ ਚੁੱਕਾ ਹੈ, ਅਤੇ ਜਿਹਨਾ ਦਾ ਆਵਾਸ-ਪ੍ਰਵਾਸ ਦਿਨ-ਬ-ਦਿਨ ਵੱਧ ਰਿਹਾ ਹੈ, ਉਸ ਵਲੋਂ ਗੁਰੂ ਨਾਨਕ ਦੇਵ ਜੀ ਦੇ “ਸਰਬੱਤ ਦਾ ਭਲਾ” ਸੰਕਲਪ ਨੂੰ ਚਹੁੰ-ਕੂੰਟਾਂ ‘ਚ ਪਹੁੰਚਾਉਣ ਦਾ ਯਤਨ ਹੋਏਗਾ।

ਗੁਰੂ ਨਾਨਕ ਦੇਵ ਜੀ, ਨੇ ਆਪਣੇ ਜੀਵਨ ਫ਼ਲਸਫੇ ਸਬੰਧੀ, ਦੁਨੀਆ ਦੇ ਹਰ ਕੋਨੇ ਜਾ ਕੇ, ਇੱਕ ਵੱਖਰੀ ਪਿਰਤ ਪਾਉਂਦਿਆਂ, ਹਰ ਧਰਮ ਦੇ ਲੋਕਾਂ ਨਾਲ ਸੰਵਾਦ ਰਚਾਇਆ ਅਤੇ ਉਹਨਾ ਦਾ ਚੋਖਾ ਪਿਆਰ ਪਾਇਆ। ਇਸੇ ਸਤਿਕਾਰ ਤੇ ਪਿਆਰ ਸਦਕਾ ਲੰਕਾ ਵਿੱਚ ਲੋਕ ਉਹਨਾ ਨੂੰ ਨਾਨਕ ਚਰੀਆ, ਤਿੱਬਤ ਵਿੱਚ ਨਾਨਕ ਲਾਮਾਂ, ਰੂਸ ਵਿੱਚ  ਨਾਨਕ ਕਦਮਦਰ, ਇਰਾਕ ਵਿੱਚ ਨਾਨਕਪੀਰ, ਨੇਪਾਲ ਵਿੱਚ ਨਾਨਕ ਰਿਸ਼ੀ, ਚੀਨ ਵਿੱਚ ਬਾਬਾ ਫੂਸਾ,  ਮਿਸਰ ਵਿੱਚ ਨਾਨਕ ਬਲੀ ਤੇ ਸਾਊਦੀ ਅਰਬ ਵਿੱਚ ਬਲੀ ਰਿੰਦ ਕਹਿੰਦੇ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਬਾਬੇ ਨਾਨਕ ਦਾ ਫ਼ਲਸਫਾ ਮਨੁੱਖੀ ਏਕਤਾ ਅਤੇ ਆਪਸੀ ਸਾਂਝ ਵਧਾਉਣ ਵਾਲਾ ਹੈ, ਜਿਸ ਨੂੰ ਕੁਲ ਆਲਮ ਪ੍ਰਵਾਨ ਕਰਦਾ ਹੈ।

ਬਾਬੇ ਨਾਨਕ ਦੇ ਇਸ ਫ਼ਲਸਫੇ ਨੂੰ ਪ੍ਰਚਾਰਨ ਵਿੱਚ ਸਿੱਖ ਸੰਸਥਾਵਾਂ ਵਲੋਂ ਆਪਣਾ ਬਣਦਾ-ਸਰਦਾ ਹਿੱਸਾ ਪਾਉਣ ਦਾ ਕਦੇ ਮਨੋਂ ਉਪਰਾਲਾ ਨਹੀਂ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ, ਸਿੱਖ ਖਾਲਸਾ ਦੀਵਾਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੀਆਂ ਅਨੇਕਾਂ ਸੰਸਥਾਵਾਂ, ਪ੍ਰਬੰਧਕ ਜਾਂ ਸਿੱਖ ਆਗੂ, ਵੱਖੋ-ਵੱਖਰੇ ਦੇਸ਼ਾਂ ਵਿੱਚ ਆਪਣੇ ‘ਨੋਟਾਂ ਅਤੇ ਵੋਟਾਂ’ ਵਾਲੇ ਚਰਚਿਤ ਸਿਆਸੀ ਅਤੇ ਆਰਥਿਕ ਨਿੱਜੀ ਅਤੇ ਸੁਆਰਥੀ ਹਿੱਤਾਂ ਤਹਿਤ ਵੱਡੇ ਪ੍ਰਭਾਵਸ਼ਾਲੀ ਸਮਾਗਮ ਰਚਾਉਂਦੇ ਰਹੇ ਹਨ ਅਤੇ ਕਰ ਰਹੇ ਹਨ, ਪਰ ਸਰਬ ਪ੍ਰਵਾਨਤ ਸਿੱਖੀ ਸਿਧਾਂਤ ਨੂੰ ਦੁਨੀਆ ਸਾਹਮਣੇ ਕਦੇ ਵੀ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੇ।

gurmit singh palahi 190727 shergill sir

ਅੱਜ ਜਦੋਂ ਸਿੱਖ ਸੰਗਤਾਂ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਅਤੇ ਭਾਰਤ-ਪਾਕਿਸਤਾਨ ਸਰਕਾਰਾਂ ਕਰਤਾਰਪੁਰ ਸਾਹਿਬ ਲਾਂਘਾ ਬਣਾਕੇ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਯਾਦ ‘ਚ ਉਸਾਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੀਦਾਰੇ ਕਰਾਉਣ ਦੇ ਯਤਨਾਂ ਕਾਰਨ ਪੂਰੇ ਉਤਸ਼ਾਹ ਵਿੱਚ ਹਨ, ਉਸ ਸਮੇਂ ਵਿਦਵਾਨਾਂ ਵਲੋਂ ਗੁਰੂ ਨਾਨਕ ਦੇਵ ਜੀ ਜੀਵਨ ਫ਼ਲਸਫੇ ਦੇ ਵੱਖੋ-ਵੱਖਰੇ ਰੰਗਾਂ ਨੂੰ ਸੰਗਤਾਂ ਸਾਹਮਣੇ ਲਿਆ ਕੇ ਪੇਸ਼ ਕਰਨ ਦੀ ਵੱਡੀ ਲੋੜ ਸੀ। ਇਸ ਲੋੜ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਖ਼ਾਲਸੇ ਦੇ ਜਨਮ ਦਿਹਾੜੇ ਵਿਸਾਖੀ 2019 ਸਮੇਂ ਇੱਕ ਸੋਵੀਨਰ ਪ੍ਰਕਾਸ਼ਤ ਕਰਕੇ ਪੂਰਿਆਂ ਕੀਤਾ ਹੈ। ਕੁਲ ਮਿਲਾਕੇ 90 ਰੰਗਦਾਰ ਸਫ਼ਿਆਂ ਦਾ ਸੁਚਿੱਤਰ ਸੋਵੀਨਰ, ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਨੂੰ ਵਿਸ਼ਵ ਭਰ ‘ਚ ਪ੍ਰਚਾਰਣ ਦੇ ਇੱਕ ਨਿੱਗਰ ਕਦਮ ਵਜੋਂ ਗਿਣਿਆ ਜਾ ਰਿਹਾ ਹੈ। ਇਸ ਸੋਵੀਨਰ ‘ਚ ਜਿਥੇ ਵਿਸਾਖੀ ਸਬੰਧੀ ਪ੍ਰਸਿੱਧ ਵਿਦਵਾਨ ਡਾ: ਸੁਜਿੰਦਰ ਸਿੰਘ ਸੰਘਾ, ਪੱਤਰਕਾਰ ਉਜਾਗਰ ਸਿੰਘ ਅਤੇ ਲੇਖਕ ਡਾ: ਆਸਾ ਸਿੰਘ ਘੁੰਮਣ ਦੇ ਸੁਨੇਹੇ ਹਨ, ਉਥੇ ਸਿਮਰਜੀਤ ਸਿੰਘ ਦੇ ਲੇਖ “ਵਿਸਾਖੀ ਦਾ ਇਤਹਾਸਕ ਅਤੇ ਵਿਸਥਾਰਪੂਰਬਕ ਪਿਛੋਕੜ ਅਤੇ 1919 ਦੀ ਵੈਸਾਖੀ, ਲੇਖਕ ਗੁਰਭਜਨ ਗਿੱਲ ਦੀ ‘ਗ਼ਜ਼ਲ’ ਸ਼ਾਮਲ ਹਨ।

ਸੋਵੀਨਰ ਵਿੱਚ ਅੰਗਰੇਜ਼ੀ ‘ਚ ਛਾਪਿਆ ਗਿਆ ਸਰਦੂਲ ਸਿੰਘ ਮਰਵਾ ਦਾ ਲੇਖ “ਫ਼ਿਲਾਸਫੀ ਆਫ਼ ਗੁਰੂ ਨਾਨਕ ਦੇਵ ਜੀ” ਅਤੇ ਅਜ਼ੀਮ ਸ਼ੇਖਰ ਦੀ ਖ਼ੂਬਸੂਰਤ ਕਵਿਤਾ ” ਕੋਈ ਗੁਰੂ ਆਖੇ ਕੋਈ ਪੀਰ ਆਖੇ, ਕੋਈ ਤੈਨੂੰ ਅਵਤਾਰ ਸਦਾਂਵਦਾ ਏ” ਇਸ ਸੋਵੀਨਰ ਦਾ  ਹਾਸਲ ਹਨ। ਗੁਰੂ ਨਾਨਕ ਦੀ ਫ਼ਿਲਾਸਫੀ ਸਬੰਧੀ ਇਸ ਸੋਵੀਨਰ ‘ਚ ਡਾ: ਆਸਾ ਸਿੰਘ ਘੁੰਮਣ ਦਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਵਾਇਆ ਸੁਲਤਾਨਪੁਰ ਲੋਧੀ, ਡਾ: ਤਾਰਾ ਸਿੰਘ ਆਲਮ ਦਾ “ਮਹਾਂ ਪੈਗ਼ੰਬਰ ਬਾਬਾ ਨਾਨਕ, ਪ੍ਰੋ: ਸ਼ਿਗਾਰਾ ਸਿੰਘ ਢਿੱਲੋਂ ਦਾ ਕਰਤਾਰਪੁਰ ਸਾਹਿਬ ਲਾਂਘੇ ਦਾ ਕੌਮਾਂਤਰੀ ਪ੍ਰਭਾਵ, ਪ੍ਰੋ: ਸੁਜਿੰਦਰ ਸਿੰਘ ਸੰਘਾ ਦਾ “ਗੁਰੂ ਨਾਨਕ ਦੇਵ ਜੀ ਦਾ ਰਾਜਨੀਤਕ ਫ਼ਲਸਫਾ ਅਤੇ ਪ੍ਰਮੁੱਖ ਸਿਧਾਂਤ” ਇਸ ਸੋਵੀਨਰ ਦੇ ਪ੍ਰਮੁੱਖ ਖੋਜ਼ ਭਰਪੂਰ ਲੇਖ ਹਨ। ਸੋਵੀਨਰ ‘ਚ ਡਾ: ਸੁਖਦਰਸ਼ਨ ਸਿੰਘ ਚਹਿਲ, ਹਰਕੇਸ਼ ਸਿੰਘ ਸਿੱਧੂ ਦਾ ਸਿੱਖੀ ਦਾ 550 ਸਾਲਾ ਸਫ਼ਰ, ਅਵਤਾਰ ਸਿੰਘ ਦਾ ਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਤਿਹਾਸਕ ਜਾਣਕਾਰੀ ਅਤੇ ਸੋਵੀਨਰ ਦੇ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਦਾ ਲੇਖ  “ਵਿਸ਼ਵ ਭਰ ਵਿੱਚ ਸਿੱਖਾਂ ਦੇ ਪ੍ਰਵਾਸ ਨਾਲ ਇੰਝ ਹੋਇਆ ਹੈ ਸਿੱਖ ਧਰਮ ਦਾ ਪ੍ਰਭਾਵਸ਼ਾਲੀ ਵਿਕਾਸ ਅਤੇ ਸਿੱਖ ਵਿਰੋਧੀ ਨਸਲਵਾਦ ਬਾਰੇ ਲੇਖ, ਕਾਫੀ ਜਾਣਕਾਰੀ ਭਰਪੂਰ ਹਨ। ਪ੍ਰੋਫੈਸਰ ਜਸਵੰਤ ਸਿੰਘ ਦਾ ਅੰਗਰੇਜ਼ੀ ਵਿੱਚ “ਸਿੱਖਾਂ ਦੀ ਪੱਗੜੀ ਸਬੰਧੀ ਸੰਘਰਸ਼” ਵਾਲਾ ਲੇਖ ਵੀ ਇਸ ਸੋਵੀਨਰ ਦਾ ਹਿੱਸਾ ਹੈ ਅਤੇ “ਸਿੱਖਾਂ ਦੀਆਂ ਵੱਡੀਆਂ ਪ੍ਰਾਪਤੀਆਂ” ਸਿਰਲੇਖ ਹੇਠ 48 ਵਿਸ਼ਵ ਪ੍ਰਸਿੱਧੀ ਪ੍ਰਾਪਤ ਸਿੱਖਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਫੋਟੋ ਸਮੇਤ ਛਾਪੀਆਂ ਗਈਆਂ ਹਨ।

ਪੰਜਾਬੀ ਪੱਤਰਕਾਰੀ ‘ਚ ਵਿਸ਼ਵ ਪੱਧਰ ਤੇ ਵਿਲੱਖਣ ਪਛਾਣ ਰੱਖਣ ਵਾਲੇ ਨਰਪਾਲ ਸਿੰਘ ਸ਼ੇਰਗਿੱਲ ਨੇ ਗੁਰੂ ਨਾਨਕ ਦੇਵ ਜੀ ਸਬੰਧੀ ਵਿਸਾਖੀ ਦਿਹਾੜੇ ਤੇ ਇਹ ਸੋਵੀਨਰ ਛਾਪਕੇ ਇੱਕ ਅੱਛੀ ਪਹਿਲਕਦਮੀ ਕੀਤੀ ਹੈ। ਇਸ ਸੋਵੀਨਰ ਦਾ ਸਵਾਗਤ ਕਰਨਾ ਬਣਦਾ ਹੈ। ਅਸਲ ਅਰਥਾਂ ‘ਚ ਇਹ ਸੋਵੀਨਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦਾ ਰਾਹ ਦਸੇਰਾ ਬਣੇਗਾ, ਜਿਸ ਤੋਂ ਸੇਧ ਲੈਕੇ ਸਿੱਖ ਸੰਸਥਾਵਾਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਵਿਸ਼ਵ ਪੱਧਰ ‘ਤੇ ਪ੍ਰਚਾਰਣ  ਲਈ ਅਗਲੇਰਾ ਪ੍ਰੋਗਰਾਮ ਉਲੀਕ ਸਕਣਗੀਆਂ।

(ਗੁਰਮੀਤ ਸਿੰਘ ਪਲਾਹੀ)

+91 9815802070

gurmitpalahi@yahoo.com

Install Punjabi Akhbar App

Install
×