ਆਸਟ੍ਰੇਲੀਆ ਦੇ ਅੰਤਰ-ਰਾਸ਼ਟਰੀ ਸੰਭਾਵੀ ਵਿਦਿਆਰਥੀ ਹੁਣ ਕਰ ਰਹੇ ਹਨ ਕਨੇਡਾ ਦਾ ਰੁਖ

(ਸਿੱਖਿਆ ਮੰਤਰੀ ਡੈਨ ਟੇਹਨ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਅੰਤਰ-ਰਾਸ਼ਟਰੀ ਯਾਤਰਾਵਾਂ ਦੀਆਂ ਕੋੲ ਸਪਸ਼ਟ ਨੀਤੀਆਂ ਨਾ ਹੋਣ ਕਾਰਨ ਅਤੇ ਬਾਹਰੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੰਭਾਵੀ ਕੋਵਿਡ-19 ਦੇ ਬਚਾਉ ਲਈ ਪੱਕੀਆਂ ਸੇਵਾਵਾਂ ਆਦਿ ਦੀ ਅਣਹੋਂਦ ਮਹਿਸੂਸ ਹੋਣ ਕਾਰਨ, ਹੁਣ ਅੰਤਰ-ਰਾਸ਼ਟਰੀ ਵਿਦਿਆਰਥੀ ਕਨੇਡਾ ਦਾ ਰੁਖ ਕਰਨ ਲੱਗ ਪਏ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਸਮਾਂ ਖਰਾਬ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਕਿਤੇ ਨਾ ਕਿਤੇ ਤਾਂ ਜਾਣਾ ਹੀ ਪਵੇਗਾ। ਕਈ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਬੀਤੇ ਅੱਠ ਮਹੀਨੇ ਤੋਂ ਉਨ੍ਹਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਦੇ ਵੀਜ਼ੇ ਲਈ ਅਪਲਾਈ ਕੀਤਾ ਹੋਇਆ ਸੀ ਪਰੰਤੂ ਕੋਈ ਜਵਾਬ ਨਾ ਆਉਣ ਕਾਰਨ ਹੁਣ ਉਹ ਥੱਕ ਚੁਕੇ ਹਨ ਅਤੇ ਕਨੇਡਾ ਵੱਲ ਨੂੰ ਕੂਚ ਕਰਨ ਦੀਆਂ ਤਿਆਰੀਆਂ ਵਿੱਚ ਲੱਗ ਗਏ ਹਨ। ਇੱਕ ਸਰਵੇਖਣ ਮੁਤਾਬਿਕ ਇਹ ਵੀ ਸਾਹਮਣ ਆਇਆ ਹੈ ਕਿ ਇਸ ਮਹੀਨੇ ਵਿੱਚ ਹੀ ਆਸਟ੍ਰੇਲੀਆਈ ਯੂਨੀਵਰਸਿਟੀਆਂ ਵੱਲੋਂ 1,500 ਅੰਦਰਰਾਸ਼ਟਰੀ ਵਿਦਿਆਰਥੀਆਂ ਨੂੰ ਸੱਦੇ ਦਿੱਤੇ ਗਏ ਹਨ ਪਰੰਤੂ ਇਨ੍ਹਾਂ ਵਿੱਚੋਂ 53% ਤਾਂ ਹੋਰ ਦੇਸ਼ਾਂ ਜਿਵੇਂ ਕਿ ਨਿਊਜ਼ੀਲੈਂਡ ਅਤੇ ਕਨੇਡਾ ਵੱਲ ਰੁਖ ਕਰ ਰਹੇ ਹਨ। ਹੋਮ ਅਫੇਅਰਜ਼ ਮੰਤਰਾਲੇ ਵੱਲੋਂ ਮਿਲੇ ਆਂਕੜਿਆਂ ਮੁਤਾਬਿਕ ਇਸ ਸਾਲ ਜਨਵਰੀ ਦੇ ਮਹੀਨੇ ਤੋਂ ਲੈ ਕੇ ਜੁਲਾਈ ਤੱਕ 72,000 ਤੋਂ ਵੀ ਜ਼ਿਆਦਾ ਅਰਜ਼ੀਆਂ ਵਿੱਚੋਂ 40% ਤਾਂ ਆਸਟ੍ਰੇਲੀਆ ਆਉਣ ਦਾ ਇਰਾਦਾ ਹੀ ਬਦਲ ਚੁਕੇ ਹਨ। ਇਸ ਦੇ ਉਲਟ ਕਨੇਡਾ ਹੁਣ ਜ਼ਿਆਦਾ ਵਿਦਿਆਰਥੀਆਂ ਨੂੰ ‘ਜੀ ਆਇਆਂ ਨੂੰ’ ਕਹਿਣ ਵਾਲਾ ਦੇਸ਼ ਉਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਜ਼ਿਆਦਾਤਰ ਵਿਦਿਆਰਥੀ ਹੁਣ ਕਨੇਡਾ ਵੱਲ ਨੂੰ ਜਾਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਸਿੱਖਿਆ ਮੰਤਰੀ ਡੈਨ ਟੇਹਨ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਮੁੜ੍ਹ ਤੋਂ ਆਪਣੀ ਪੜ੍ਹਾਈ ਅਤੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਆੳਣ ਪਰੰਤੂ ਨਾਲ ਉਨ੍ਹਾਂ ਦੀ ਅਤੇ ਸਮੁੱਚੇ ਦੇਸ਼ ਦੀ ਜਨਤਾ ਦੀ ਸਿਹਤ ਪ੍ਰਤੀ ਵੀ ਉਤਰਦਾਈ ਹੈ ਅਤੇ ਜਲਦਬਾਜ਼ੀ ਵਿੱਚ ਅਜਿਹੀ ਕੋਈ ਅਣਗਹਿਲੀ ਨਹੀਂ ਕਰੇਗੀ ਜਿਸ ਨਾਲ ਕਿ ਸਾਰਿਆਂ ਨੂੰ ਹੀ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇ।

Install Punjabi Akhbar App

Install
×