ਵਿਛੜ ਗਿਆ ਕਬੱਡੀ ਦਾ ਬਾਬਾ ਬੋਹੜ ”ਮਹਿੰਦਰ ਮੌੜ”

ਅਜੇ ਸਮੁੱਚਾ ਕਬੱਡੀ ਜਗਤ ਨੌਜਵਾਨ ਤੇ ਹੋਣਹਾਰ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦੇ ਇਕ ਪੁਲਿਸ ਵਾਲੇ ਵਲੋਂ ਕੀਤੇ ਵਹਿਸ਼ੀਆਨਾ ਕਤਲ ਦਾ ਸੋਗ ਹੀ ਮਨਾ ਰਿਹਾ ਸੀ ਕਿ ਕੱਲ੍ਹ 11 ਮਈ ਨੂੰ ਕਬੱਡੀ ਦੇ ਬਾਬਾ ਬੋਹੜ ਮਹਿੰਦਰ ਮੌੜ ਦੇ ਵਿਛੋੜਾ ਦੇ ਜਾਣ ਦੀ ਖਬਰ ਨੇ ਕਬੱਡੀ ਜਗਤ ਨੂੰ ਫਿਰ ਡੂੰਘੇ ਸਦਮੇ ‘ਚ ਪਾ ਦਿੱਤਾ। ਜਦੋਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਗਰੁਪ ਵਿਚ ਅੰਕਲ ਸੁਰਜਨ ਸਿੰਘ ਚੱਠਾ ਦਾ ਮੌੜ ਅੰਕਲ ਦੇ ਜਹਾਨੋ ਰੁਖਸਤ ਹੋਣ ਦਾ ਗੱਚ ਭਰਿਆ ਸੁਨੇਹਾ ਸੁਣਿਆਂ ਤਾਂ ਲੱਗਿਆ ਕਿ ਜਿਵੇਂ ਰੱਬ ਨੇ ਸਾਥੋਂ ਕੋਈ ਕੀਮਤੀ ਸੁਗਾਤ ਖੋਹ ਲਈ ਹੋਵੇਂ ਸਾਰਾ ਕਬੱਡੀ ਜਗਤ ਵੀ ਇਹੀ ਮਹਿਸੂਸ ਕਰੇਗਾ ਕਿਊਂ ਕਿ ਕਬੱਡੀ ਦੇ ਉਸ ਦਰਵੇਸ਼ ਪਾਲਣਹਾਰ ਦੀ ਦੇਣ ਹੀ ਏਡੀ ਵੱਡੀ ਹੈ। ਅੱਜ ਚੜ੍ਹਦੇ ਸੂਰਜ ਹੀ ਮਾਂ ਖੇਡ ਕਬੱਡੀ ਦਾ ਇਹ ਬਾਬਾ ਬੋਹੜ ਖੇਡ ਕਬੱਡੀ ਤੇ ਲੱਖਾਂ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਆਪਣੀ ਸੰਘਣੀ ਛਾਂ ਤੋਂ ਸੱਖਣਾ ਕਰ ਗਿਆ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਰਹੇ ਮੌੜ ਬੀਤੇ ਕੁਝ ਦਿਨਾਂ ਤੋਂ ਜਲੰਧਰ ਦੇ ਇਕ ਹਸਪਾਲ ਵਿਚ ਜੇਰੇ ਇਲਾਜ ਸਨ ਪਰ ਹੁਣ ਕੁਝ ਦਿਨਾਂ ਤੋਂ ਭਤੀਜੇ ਜੀਤਾ ਮੌੜ ਤੇ ਹੋਰ ਸੱਜਣਾਂ ਦੀ ਦੇਖ ਰੇਖ ਅਧੀਨ ਸਨ। ਉਨਹਾਂ ਦੇ ਭਤੀਜੇ ਤੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਮੌੜ ਨੇ ਦੱਸਿਆ ਕਿ ਮੌੜ ਸਾਹਿਬ ਦਾ ਅੰਤਿਮ ਸੰਸਕਾਰ ਨੂੰ ਅਜੇ ਕੁਝ ਦਿਨ ਲੱਗਣੇ ਕਿਊਂ ਕਿ ਉਨ੍ਹਾਂ ਦਾ ਪਰਿਵਾਰ ਅਜੇ ਇੰਗਲੈਂਡ ਵਿਚ ਹੈ। ਜਿਵੇਂ ਵੀ ਤੈਅ ਹੋਵੇਗਾ ਸ਼ੋਸ਼ਲ ਮੀਡੀਆ ਰਾਹੀਂ ਦੱਸਿਆ ਜਾਵੇਗਾ।
ਕਬੱਡੀ ਨਾਲ ਜੁੜੇ ਹਰ ਖਿਡਾਰੀ ਤੇ ਵਿਆਕਤੀ ਨੂੰ ਜਦੋਂ ਵੀ ਕਬੱਡੀ ਦੇ ਬਾਬਾ ਬੋਹੜ ਮਹਿੰਦਰ ਮੌੜ ਦੇ ਤੁਰ ਜਾਣ ਦਾ ਪਤਾ ਲੱਗੇਗਾ ਤਾਂ ਉਸ ਅੱਗੇ ਬੀਤੇ ਸਮੇਂ ਦੀਆਂ ਯਾਦਾਂ ਦੀ ਇਕ ਫਿਲਮ ਜਰੂਰ ਚੱਲੇਗੀ। ਇੰਗਲੈਂਡ ਦੇ ਦੂਜੀ ਵਿਸ਼ਵ ਜੰਗ ਦੇ ਅਗਲੇ ਦਹਾਕੇ 50ਵਿਆਂ ਵਿਚ ਗੋਰਿਆਂ ਨੂੰ ਆਪਣੀ ਢਲਾਈ ਮਿੱਲਾਂ ਅਤੇ ਹੋਰ ਕਾਰਖਾਨੇ ਚਲਾਉਣ ਲਈ ਜਦੋਂ ਪੰਜਾਬ ਦੀ ਜਵਾਨੀ ਦੀ ਲੋੜ ਪਈ ਤਾਂ ਦੁਆਬੇ ਦੀ ਧਰਤੀ ਤੋਂ ਲੰਮੇ ਚੌੜੇ ਤੇ ਭਰਵੇਂ ਜੁੱਸਿਆਂ ਵਾਲੇ ਪੰਜਾਬੀ ਵਲੈਤ ਦੀ ਧਰਤੀ ‘ਤੇ ਉਤਰਨ ਲੱਗੇ ਇਸ ਦੌਰ ਵਿਚ ਮਹਿੰਦਰ ਮੌੜ ਵੀ ਇਨਹਾਂ ਸਨਅਤੀ ਕਾਮਿਆਂ ਦੀ ਭੀੜ ਵਿਚ ਸ਼ਾਮਲ ਸੀ ਪਰ ਕਾਲਾ ਸੰਘਿਆ ਦੇ ਜੰਮਪਲਾਂ ਅੰਦਰ ਕਹਿੰਦੇ ਕਬੱਡੀ ਨਾਲ ਇਸ਼ਕ, ਜਿੰਦਾ ਦਿਲੀ ਅਤੇ ਖੇਡਾਂ ਦੀ ਪ੍ਰਫੁੱਲਤਾ ਲਈ ਆਪਣੀ ਹਿੰਡ ਪੁਗਾਉਣ ਦਾ ਮਾਦਾ ਵੀ ਰਿਹਾ ਹੈ।
ਜਦੋਂ ਪੰਜਾਬੀ ਪਰਿਵਾਰ ਵੀਕ ਐਂਡ ‘ਤੇ ਇਕੱਠੇ ਹੁੰਦੇ ਤਾਂ ਚਾਅ ਪੂਰਨ ਲਈ ਕਬੱਡੀ ਖੇਡ ਲੈਂਦੇ ਜਿਸ ਵਿਚ ਵੱਡੇ ਅਤੇ ਛੋਟੀ ਉਮਰ ਦੇ ਬੱਚਿਆਂ ਦੇ ਗਰੁੱਪ ਬਣ ਜਾਂਦੇ। ਇਹੀ ਪਰਿਵਾਰਕ ਮਿਲਣੀਆਂ ਵਾਲੀ ਕਬੱਡੀ ਨੂੰ ਇਸੇ ਗੱਭਰੂ ਮਹਿੰਦਰ ਮੌੜ ਨੇ ਵਲੈਤ ਦੀਆਂ ਪਾਰਕਾਂ ਦਾ ਸ਼ਿੰਗਾਰ ਬਣਾਉਂਦਿਆਂ ਮੇਲਿਆਂ ਦਾ ਰੂਪ ਦਿੱਤਾ। ੬ਵੇਂ ਦਹਾਕੇ ਚਾਅ ਪੂਰਦੀ ਕਬੱਡੀ ਖੇਡਦੇ ਖੇਡਦੇ ਪੰਜਾਬੀ 7ਵੇਂ ਦਹਾਕੇ ਤੱਕ ਸੰਗਠਤ ਤੇ ਸੰਸਥਾਗਤ ਕਬੱਡੀ ਵੱਲ ਰੁਿਚਤ ਹੋਏ। ਹੋਲੀ ਹੋਲੀ ਪੰਜਾਬੀਆਂ ਨੇ ਇੰਗਲੈਂਡ ਦੇ ਵਿਦੇਸ਼ ਵਿਭਾਗ ਯੂ.ਕੇ. ਬਾਰਡਰ ਏਜੰਸੀ ਨੂੰ ਹੋਂਦ ਵਿਚ ਆਈਆਂ ਕੁਝ ਕਲੱਬਾਂ ਵਲੋਂ ਪੰਜਾਬੋਂ ਖਿਡਾਰੀਆਂ ਨੂੰ ਇੰਗਲੈਂਡ ਬੁਲਾ ਕੇ ਖਿਡਾਉਣ ਦੇ ਪ੍ਰਮਿਟ ਮਨਜੂਰ ਕਰਵਾ ਕੇ ਬੁਲਾਉਣ ਲਈ ਸਹਿਮਤ ਕਰਵਾ ਲਿਆ। ਪੰਜਾਬ ਤੋਂ ਕਬੱਡੀ ਖਿਡਾਰੀਆਂ ਦੀ ਵਲੈਤ ਨੂੰ ਆਮਦ ਇਸੇ ਸਦਕਾ ਸੰਭਵ ਹੋਈ। ਫਿਰ ਖਿਡਾਰੀ ਵਲੈਤ ਦੀ ਧਰਤੀ ‘ਤੇ ਹਮੇਸ਼ਾ ਰਹਿਣ ਦੀ ਚਾਹ ਵਿਚ ਸੀਮਤ ਵੀਜਾ ਮਿਆਦ ਉਲੰਘਣ ਲੱਗ ਪਏ ਜੋ ਗੈਰ ਕਾਨੂੰਨੀ ਸੀ ਤੇ ਪੁਲਿਸ ਉਨਹਾਂ ਨੂੰ ਫੜ ਕੇ ਡਿਪੋਰਟ ਕਰ ਦਿੰਦੀ ਅਜਿਹੇ ਦੌਰ ਵਿਚ ਮਹਿੰਦਰ ਮੌੜ ਹੀ ਸੀ ਜੋ ਇੰਗਲੈਂਡ ਵਿਚ ਸਥਾਈ ਤੌਰ ‘ਤੇ ਰਹਿੰਦੇ ਮਾਪਿਆਂ ਨੂੰ ਉਨਹਾਂ ਦੀਆਂ ਧੀਆਂ ਦਾ ਵਿਆਹ ਇੰਡੀਆ ਡਿਪੋਰਟ ਹੋ ਰਹੇ ਖਿਡਾਰੀਆਂ ਨਾਲ ਕਰਵਾਉਣ ਲਈ ਮੰਨਵਾ ਕੇ ਉਨ੍ਹਾਂ ਨੂੰ ਇੰਗਲੈਂਡ ਹੀ ਪੱਕੇ ਕਰਾਇਆ ਅਜਿਹੇ ਜਹਾਜੋਂ ਲਾਹੇ ਇਕ ਨਹੀਂ ਸਗੋਂ ਸੈਂਕੜੇ ਤੋ ਵੱਧ ਖਿਡਾਰੀ ਹਨ। ਕਬੱਡੀ ਮੈਦਾਨਾਂ ਵਿਚ ਲਗਭਗ 70 ਸਾਲ ਸਰਗਰਮ ਰਹਿਣ ਵਾਲੇ ਮਹਿੰਦਰ ਮੌੜ ਨੇ ਕਦੇ ਅੱਜ ਦੇ ਪ੍ਰਮੋਰਟਾਂ ਵਾਂਗ ਨਾ ਹੀ ਸਟੇਜ ਦੀ ਮੁੱਖ ਕੁਰਸੀ ਮੱਲੀ ਤੇ ਨਾਂ ਹੀ ਫੋਟੋਆਂ ਖਿਚਾਉਣ ਦਾ ਸ਼ੌਕ ਪਾਲਿਆ ਅਤੇ ਨਾ ਹੀ ਉਹ ਮਾਣ ਸਤਿਕਾਰਾਂ ਦੇ ਵਿਖਾਵੇ ਵਿਚ ਪਿਆ। ਵਲੈਤ ਖੇਡਣ ਗਏ ਖਿਡਾਰੀਆਂ ਦੀ ਹੱਥੀਂ ਸੇਵਾ ਕਰਨ ਦਾ ਰੱਜ ਕੇ ਸੌਕ ਸੀ। ਮੌੜ ਅੰਕਲ ਵਰਗੀ ਕਬੱਡੀ ਨੂੰ ਨਿਸ਼ਕਾਮ ਤੌਰ ਤੇ ਸਮਰਪਿਤ ਹੋ ਕੇ ਜਿੰਦਗੀ ਕੋਈ ਹੋਰ ਨਹੀਂ ਜੀ ਸਕਦਾ ਘੱਟੋ ਘੱਟ ਇਕ ਜਨਮ ‘ਚ ਤਾਂ ਨਹੀਂ। ਪ੍ਰਮਾਤਮਾ ਉਨਹਾਂ ਦੀ ਰੂਹ ਨੂੰ ਸਵਰਗੀ ਵਾਸਾ ਦੇਵੇ।

(ਪਰਮਜੀਤ ਸਿੰਘ ਬਾਗੜੀਆ)
+91 9814765705
paramjit.bagrria@gmail.com

Install Punjabi Akhbar App

Install
×