ਮਿਕਲਮ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਰਦ ਦਿਹਾੜਾ

ਲੰਘੇ ਐਤਵਾਰ ਨੂੰ ਮੈਲਬੌਰਨ ਦੇ ਇਲਾਕੇ ਮਿਕਲਮ ਦੇ ਕਮਿਊਨਿਟੀ ਸੈਂਟਰ ਵਿੱਚ ਕੌਮਾਂਤਰੀ ਮਰਦ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਥਾਨਿਕ ਭਾਈਚਾਰੇ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਮੈਲਬੌਰਨ ਤੋਂ ਪਹੁੰਚੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਹਾਜਿਰ ਲੋਕਾਂ ਨਾਲ ਸਾਂਝੇ ਕੀਤੇ ।

ਇੰਗਲੈਂਡ ਤੋਂ ਤਕਨੀਕ ਦੇ ਰਾਹੀਂ ਜੁੜੇ  ਸ਼ੋਸ਼ਲ ਮੀਡੀਆ ਤੇ ਚਰਚਿਤ ਲਾਈਫ ਕੋਚ ਗੁਰਇਕਬਾਲ ਸਿੰਘ ਹੁਰਾਂ ਨੇ ਹੱਦੋਂ ਵੱਧ ਸੋਚਣੀ ਦੇ ਕਾਰਨਾਂ ਅਤੇ ਹੱਲ ਬਾਰੇ ਵਿਸਥਾਰਿਤ ਗੱਲ-ਬਾਤ ਕੀਤੀ। 

ਜੀਪੀ ਸਰਫਰਾਜ ਕੈਲਾਨੀ ਹੁਰਾਂ ਵੱਲੋਂ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਸਰਕਾਰ ਤੇ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ।

ਅਮਰਦੀਪ ਕੌਰ ਹੁਰਾਂ ਨੇ ਮਾਨਸਿਕ ਤਣਾਅ ਦੌਰਾਨ ਕਿਸੇ ਆਪਣੇ ਨਾਲ ਸਾਂਝੀ ਕੀਤੀ ਗੱਲਬਾਤ ਨੂੰ ਬਾਦ ਵਿੱਚ ਹੋਰ ਲੋਕਾਂ ਨਾਲ ਸਾਂਝੇ ਕਰਨ ਉਪਰੰਤ ਬਣੇ ਮਜ਼ਾਕ ਜਾਂ ਨਮੋਸ਼ੀ ਦੇ ਵਾਪਰਦੇ ਵਰਤਾਰਿਆਂ ਬਾਰੇ ਚਰਚਾ ਕੀਤੀ ਗਈ।

ਹੋਰਨਾ ਬੁਲਾਰਿਆਂ ਵਿੱਚ ਨਿੱਕਿਤਾ ਚੋਪੜਾ , ਚਰਨਾਮਿਤ ਸਿੰਘ, ਗੁਰਿੰਦਰ ਕੌਰ ਤੇ ਤਕਦੀਰ ਸਿੰਘ ਹੁਰਾਂ ਨੇ ਚਿੰਤਾ, ਪਰਿਵਾਰਕ ਕਲੇਸ਼, ਸ਼ਰਾਬ ਅਤੇ  ਡਰੱਗ ਦੀ ਲੱਤ, ਬੱਚਿਆਂ ਤੇ ਕਲੇਸ਼ ਧੰਦੇ ਕੁਪ੍ਰਭਾਵ ਅਤੇ ਹੋਰ ਮਾਨਸਿਕ ਸਮੱਸਿਆਵਾਂ ਦੇ ਵੱਖ ਵੱਖ ਰੂਪਾਂ ਦੇ ਕਾਰਨਾਂ ਤੇ ਹੱਲ ਦੀਆਂ ਵਿਧੀਆਂ ਬਾਬਤ ਦੱਸਿਆ। 

ਇਸ ਸਮਾਗਮ ਲਈ ਭੋਜਨ ਪ੍ਰਬੰਧ  ਦੀ ਜ਼ੁੰਮੇਵਾਰੀ ਮਨਪ੍ਰੀਤ ਸਿੰਘ ਜਿੰਮੇ ਸੀ ਅਤੇ ਨਵਦੀਪ ਨਵੀ ਦੀ’ ਭੰਗੜਾ ਸਕੁਐਡ ‘ ਦੇ ਬੱਚਿਆਂ ਨੇ ਵਕਫ਼ੇ ਦੌਰਾਨ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਸਾਰੇ ਸਮਾਗਮ ਲਈ ਵਿਸ਼ੇਸ਼ ਯੋਗਦਾਨ ਚੰਨਪ੍ਰੀਤ ਸਿੰਘ ਔਲ਼ਖ , ਅਰਸ਼ਦੀਪ ਸਿੰਘ ਧਾਲੀਵਾਲ ਅਮਰਦੀਪ ਸਿੰਘ ਅਤੇ ਤਕਦੀਰ ਸਿੰਘ ਹੁਰਾਂ ਦਾ ਸੀ। ਇਸ ਮੌਕੇ ਜ਼ਿੰਮ ਓਵਰੈਂਡ , ਗ੍ਰਾਥ ਜੋਨਸ ਅਤੇ ਵਿਕਟੋਰੀਆ ਪੁਲਿਸ ਦੇ ਨੁਮਾਇੰਦੇ ਅਲਬਰਟ ਫਾਟੀਲਾਅ ਵੀ ਹਾਜਿਰ ਸਨ। ਮੰਚ ਦਾ ਸੰਚਾਲਨ ਸੁਚੱਜੇ ਢੰਗ ਨਾਲ ਅਰਸ਼ਦੀਪ ਸਿੰਘ ਧਾਲੀਵਾਲ ਦੁਆਰਾ ਕੀਤਾ ਗਿਆ। ਇਸ ਮੌਕੇ ਮੀਡੀਆ ਦੇ ਨੁਮਾਇੰਦੇ ਵੀ ਹਾਜਿਰ ਸਨ ਅਤੇ ਪਰਮਿੰਦਰ ਸਿੰਘ ਠੁੱਲੀਵਾਲ ਹੁਰਾਂ ਵੱਲੋਂ ਪੂਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਜੋ ਕਿ ਯੂ ਟਿਊਬ ਦੇ ਮਾਧਿਅਮ ਰਾਹੀਂ ਬਾਦ ਵਿੱਚ ਵੀ ਵੇਖਿਆ ਜਾ ਸਕਦਾ ਹੈ। ਅਖੀਰ ਵਿੱਚ ਸਭ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ, ਅਤੇ ਅੱਗੇ ਤੋਂ ਹੋਰ ਵੀ ਵਧੀਆ ਤਰੀਕੇ ਨਾਲ ਅਗਲੇਰੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਣ ਦਾ ਵਾਅਦਾ ਕੀਤਾ ਗਿਆ।