ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ’26 ਜੂਨ’ -ਨਸ਼ਾ-ਮੁਕਤ ਪੰਜਾਬ ਲਈ ਸ਼ਰਾਬ ਖਪਤ ਘਟਾਉਣ ਦੀਆਂ ਨਸੀਹਤਾਂ ਬੇ-ਅਸਰ

ਸ਼ਰਾਬ ਅਤੇ ਤੰਬਾਕੂ ਨੂੰ ਮਾਹਿਰਾਂ ਵਲੋਂ ਨਸ਼ਾ-ਘਰ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ ਅਤੇ ਵੱਖ-ਵੱਖ ਖੋਜਾਂ ਇਸ ਦੀ ਗਵਾਹੀ ਵੀ ਭਰਦੀਆਂ ਹਨ। ਸਿਵਲ ਹਸਪਤਾਲਾਂ ਵਿਚ ਕੈਂਸਰ ਇਲਾਜ਼ ਸਬੰਧੀ ਨਵੀਨੀਕਰਨ ਦੀ ਨਜ਼ਰਸਾਨੀ ਕਰਨ ਵਾਸਤੇ ਡਾ: ਪੰਕਜ ਚਤੁਰਵੇਦੀ, ਮੁਖੀ ਰਸੌਲੀ ਨਿਦਾਨ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਮਈ 2015 ਵਿਚ ਚੰਡੀਗੜ੍ਹ ਆਏ ਹੋਏ ਸਨ। ਉਦੋਂ ਉਨ੍ਹਾਂ ਕਿਹਾ ਕਿ ਸਾਰੇ ਮੁਲਕ ਵਿਚ 27 ਕਰੋੜ ਲੋਕ ਤਮਾਕੂ ਦੀ ਵਰਤੋਂ ਕਰਦੇ ਹਨ ਅਤੇ ਇਸ ਤੋਂ ਦੁਗਣੇ ਸਿੱਧੇ ਤੇ ਅਸਿੱਧੇ ਸ਼ਰਾਬ ਦਾ ਸੇਵਨ ਕਰਦੇ ਹਨ, ਜਿਨ੍ਹਾਂ ਵਿਚ ਪੰਜਾਬੀ ਆਪਣੀ ਆਬਾਦੀ ਮੁਤਾਬਕ ਸਭ ਤੋਂ ਵੱਧ ਗਿਣਤੀ ਵਿਚ ਨਸ਼ਾ ਤੇ ਸ਼ਰਾਬ ਦੀ ਵਰਤੋਂ ਦਾ ਸ਼ਿਕਾਰ ਹਨ। ਸ਼ਰਾਬ ਵੀ ਕੈਂਸਰ ਦਾ ਕਾਰਨ ਹੈ ਅਤੇ ਇਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਕੈਂਸਰ ਕਾਰਕਾਂ ਦੀ ਸੂਚੀ ਵਿਚ ਰੱਖਿਆ ਹੋਇਆ ਹੈ।ਜਦੋਂ ਤੱਕ ਪੰਜਾਬ ਵਿਚ ਸ਼ਰਾਬ ਦੀ ਖਪਤ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਨੌਜਵਾਨਾਂ ਤੇ ਹੋਰਾਂ ਵਿਚ ਨਸ਼ੇ ਪ੍ਰਵਿਰਤੀ’ਤੇ ਰੋਕ ਅਸੰਭਵ ਹੈ।
ਡਾ: ਪੰਕਜ ਨੇ ਕਿਹਾ ਕਿ ਉਨ੍ਹਾਂ ਇਹ ਮੁੱਦਾ ਕਈ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਿਚਾਰਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਸ਼ਰਾਬ ਦੀ ਖਪਤ ਘਟਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।ਵਿਸ਼ਵ ਸਿਹਤ ਸੰਗਠਨ ਦੇ ਐਵਾਰਡੀ ਡਾ: ਪੰਕਜ ਚਤੁਰਵੇਦੀ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਬਦਕਿਸਮਤੀ ਨਾਲ ਪੰਜਾਬ ਤੇ ਕੇਰਲਾ ਵਰਗੇ ਸੂਬਿਆਂ ਵਿਚ ਸ਼ਰਾਬ ਦੀ ਖਪਤ ਬਹੁਤ ਜ਼ਿਆਦਾ ਹੈ ਅਤੇ ਇਸ ਤੋਂ ਹੋੜਨ ਤੇ ਮੋੜਨ ਲਈ ਕੋਈ ਨੀਤੀ ਨਹੀਂ ਹੈ।
ਡਾ: ਪੰਕਜ ਚਤੁਰਵੇਦੀ ਵਲੋਂ ਪੰਜਾਬ ਸਰਕਾਰ ਨੂੰ ਨਸੀਹਤ ਕਰਨ ਦਾ ਉਹ ਦੌਰ ਸੀ ਜਦੋਂ ਸ਼ਰਾਬ ਤੋਂ ਮਾਲੀਆ 2013-14 ਦੇ 3764 ਕਰੋੜ ਰੁਪਏ ਤੋਂ ਵੱਧ ਕੇ 2014-15 ਵਿਚ 4680 ਕਰੋੜ ਰੁਪਏ ਹੋ ਚੁੱਕਾ ਸੀ ਅਤੇ ਚਾਲੂ ਵਿੱਤੀ ਸਾਲ ਵਿਚ 5100 ਕਰੋੜ ਰੁਪਏ ਰਹਿਣ ਦੀ ਆਸ ਲਗਾਈ ਹੋਈ ਸੀ। 31 ਮਾਰਚ 2015 ਤੱਕ 34 ਕਰੋੜ ਬੋਤਲਾਂ ਵੇਚਣ ਦਾ ਟੀਚਾ ਰੱਖਿਆ ਸੀ। ਯਾਨੀ ਢਾਈ ਕਰੋੜ ਦੀ ਆਬਾਦੀ ਵਾਲੇ ਸੂਬੇ ਵਿਚ ਹਰ ਵਿਅਕਤੀ ਦੇ ਹਿੱਸੇ 13 ਬੋਤਲਾਂ ਪੀਣ ਦੀ ਯੋਜਨਾ। ਫ਼ੌਜੀ ਤੇ ਨੀਮ ਫ਼ੌਜੀ ਕੰਟੀਨਾਂ ਦੀ ਸ਼ਰਾਬ, ਘਰ ਦੀ ਤੇ ਖੇਤਾਂ ਦੀ ਕੱਢੀ ਸ਼ਰਾਬ ਅਤੇ ਹੋਰ ਦੋ ਨੰਬਰ ਦੀ ਲਗਭਗ 60 ਅਰਬ ਦੀ ਸ਼ਰਾਬ ਪੀਤੀ ਜਾ ਰਹੀ ਸੀ। 2015-16 ਦੌਰਾਨ ਲੋਕ ਭਲਾਈ ਕਾਰਜਾਂ ਵਾਸਤੇ ਸ਼ਰਾਬ ਦੀ ਵਿਕਰੀ ਉੱਤੇ 23 ਰੁਪਏ ਪ੍ਰਤੀ ਪਰੂਫ਼ ਲਿਟਰ ਦੀ ਦਰ ਨਾਲ ਵਾਧੂ ਲਾਇਸੈਂਸ ਫ਼ੀਸ ਲਗਾਈ ਜਾ ਰਹੀ ਸੀ। ਨਵੀਂ ਆਬਕਾਰੀ ਨੀਤੀ ਤਹਿਤ 10 ਰੁਪਏ ਸਿੱਖਿਆ, 8 ਰੁਪਏ ਖੇਡਾਂ ਅਤੇ 5 ਰੁਪਏ ਸੱਭਿਆਚਾਰ ਦੇ ਵਿਕਾਸ ਲਈ ਰੱਖੇ ਗਏ ਸਨ। ਲੋਕਾਂ ਨੂੰ ਨਸ਼ੇ ਦੀ ਵੱਧ ਖ਼ੁਰਾਕ ਦੇਣ ਲਈ 50 ਤੋਂ 65 ਡਿਗਰੀ ਵਾਲੀ ਸ਼ਰਾਬ ਦੀ ਥਾਂ 75 ਡਿਗਰੀ ਵਾਲੀ ਸ਼ਰਾਬ ਵੇਚਣ ਦੀ ਨੀਤੀ ਵੀ ਤੈਅ ਕੀਤੀ ਸੀ।
ਉਹੀ ਦੌਰ ਸੀ ਜਦੋਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਤਮਾਕੂ ਵਸਤਾਂ’ਤੇ ਲੱਗਦੇ 55 ਫ਼ੀਸਦੀ ਵੈਟ ਨੂੰ ਘਟਾ ਕੇ 22 ਫ਼ੀਸਦੀ ਕੀਤਾ। ਦਲੀਲ ਦਿੱਤੀ ਕਿ ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਦਿੱਲੀ ਰਾਹੀਂ ਪੰਜਾਬ ਵਿਚ ਹੁੰਦੀ ਤਸਕਰੀ’ਤੇ ਰੋਕ ਲੱਗੇਗੀ। ਜਦ ਕਿ ਹਿਮਾਚਲ ਵਿਚ 36 ਫ਼ੀਸਦੀ, ਰਾਜਸਥਾਨ ਵਿਚ 65 ਫ਼ੀਸਦੀ, ਯੂ. ਪੀ. ਵਿਚ 55 ਫ਼ੀਸਦੀ ਅਤੇ ਜੰਮੂ-ਕਸ਼ਮੀਰ ਵਿਚ 40 ਫ਼ੀਸਦੀ ਵੈਟ ਤਮਾਕੂ ਵਸਤਾਂ’ਤੇ ਲਾਗੂ ਸੀ।
ਇਸ ਤੋਂ ਬਾਅਦ ਵੀ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਲੋਕਾਂ ਨੂੰ ਹੋਰ ਸ਼ਰਾਬੀ ਬਣਾਉਣ ਵੱਲ ਹੀ ਸੇਧਿਤ ਰਹੀ। ਜਦੋਂ ਕਾਂਗਰਸ ਸਰਕਾਰ ਆਈ ਤਾਂ ਜ਼ਰੂਰ ਕੁਝ ਕਦਮ ਸ਼ਰਾਬ ਮਾਫ਼ੀਆ ਤੋੜਨ, ਸ਼ਰਾਬ ਦਾ ਉਤਪਾਦਨ ਘਟਾਉਣ ਜਾਂ ਵਿਕਰੀ ਘਟਾਉਣ ਵਾਸਤੇ ਚੁੱਕੇ ਗਏ। ਅਕਾਲੀ-ਭਾਜਪਾ ਸਰਕਾਰ ਵਲੋਂ ਪੈਦਾ ਕੀਤੀ ਆਬਕਾਰੀ ਨੀਤੀ ਨੂੰ ਚੁਣੌਤੀ ਦੇਣੀ ਸੌਖੀ ਨਹੀਂ ਸੀ। ਕਾਂਗਰਸ ਨੇ ਦੂਜੇ ਸਾਲ ਹੀ ਸਸਤੀ ਸ਼ਰਾਬ ਦੀ ਨੀਤੀ ਘੜ ਦਿੱਤੀ ਅਤੇ ਪੰਜਾਬ ਵਿਚ ਸਸਤੀ ਸ਼ਰਾਬ ਦਾ ਦਰਿਆ ਚਲਾ ਦਿੱਤਾ।
ਮੌਜੂਦਾ ਪੰਜਾਬ ਸਰਕਾਰ ਦੀ ਕੈਬਨਿਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਚੁੱਕੀ ਹੈ। 1 ਜੁਲਾਈ 2022 ਤੋਂ ਪੰਜਾਬ ਵਿਚ ਸ਼ਰਾਬ 35-60 ਫ਼ੀਸਦੀ ਸਸਤੀ ਮਿਲੇਗੀ। ਸ਼ਰਾਬ ਦੀਆਂ ਕੀਮਤਾਂ ਘਟਣ ਨਾਲ ਪੰਜਾਬ ਸਰਕਾਰ ਨੂੰ 40 ਫ਼ੀਸਦੀ ਆਬਕਾਰੀ ਮਾਲੀਆ ਵਧਣ ਦਾ ਅੰਦਾਜ਼ਾ ਹੈ ਅਤੇ ਮੰਨਣਾ ਹੈ ਕਿ ਦੂਜੇ ਰਾਜਾਂ ਤੋਂ ਹੁੰਦੀ ਤਸਕਰੀ ਖਤਮ ਹੋ ਜਾਵੇਗੀ। ਸੂਬੇ ਨੂੰ ਉਮੀਦ ਹੈ ਕਿ 2021-22 ਦੇ 6158 ਕਰੋੜ ਰੁਪਏ ਦੇ ਮੁਕਾਬਲੇ 9648 ਕਰੋੜ ਰੁਪਏ ਦੇ ਮਾਲੀਏ ਤੱਕ ਪੁੱਜ ਜਾਵਾਂਗੇ। ਇਕ ਨੰਬਰ ਦੀ ਹੀ ਸ਼ਰਾਬ ਦੀ ਖਪਤ 100 ਅਰਬ ਰੁਪਏ ਮਾਲੀਏ ਦੀ ਰੇਖਾ ਨੂੰ ਛੋਹਣ ਲਈ ਤੇਜ਼ੀ ਨਾਲ ਦੌੜ ਰਹੀ ਹੈ।
ਅਜਿਹੀਆਂ ਨੀਤੀਆਂ ਤੇ ਨੀਤਾਂ ਵਾਲੀਆਂ ਪੰਥਕ, ਭਾਰਤੀ ਸੰਸਕ੍ਰਿਤਕ ਅਤੇ ਰਾਸ਼ਟਰਵਾਦੀ ਸਰਕਾਰਾਂ ਕਦੇ ਹੋਸ਼ ਵਿਚ ਆਉਂਦੀਆਂ ਤੇ ਪੜ੍ਹਦੀਆਂ ਕੁਝ ਉਹ ਪੱਤਰੇ ਜਿਸ ਨਾਲ ਸਹੀ ਦਿਸ਼ਾ ਮਿਲ ਸਕਦੀ। ਸੰਨ 1907 ਵਿਚ ਭਾਰਤ ਦੇ ਅੰਗਰੇਜ਼ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰ 23 ਸਾਲਾ ਨੌਜਵਾਨ ਯੁਵਰਾਜ ਟਿੱਕਾ ਰਿਪੁਦਮਨ ਸਿੰਘ ਨਾਭਾ ਨੇ ਕੌਂਸਲ ਦੇ ਇਕ ਸ਼ੈਸ਼ਨ ਵਿਚ ਨਸ਼ਿਆਂ ਦੀ ਵਰਤੋਂ ਦੇ ਉਲਟ ਬੋਲਦਿਆਂ ਕਿਹਾ ਸੀ, ”ਮੈਨੂੰ ਪਤਾ ਹੈ ਕਿ ਅਫੀਮ ਅਤੇ ਨਸ਼ੇ ਵਾਲੀਆਂ ਚੀਜ਼ਾਂ ਤੋਂ ਵਸੂਲੇ ਜਾਂਦੇ ਟੈਕਸ ਸਰਕਾਰ ਦੀ ਆਮਦਨੀ ਦੇ ਵੱਡੇ ਜ਼ਰੀਏ ਹਨ, ਪਰ ਮੈਂ ਇਹ ਕਹਿਣ ਦੀ ਖੁੱਲ੍ਹ ਲੈਂਦਾ ਹਾਂ ਕਿ ਇਹ ਆਮਦਨੀ ਜਨਤਾ ਦੀ ਇਖ਼ਲਾਕੀ ਅਧੋਗਤੀ ਦੇ ਸਾਧਨਾਂ ਤੋਂ ਪੈਦਾ ਕੀਤੀ ਜਾ ਰਹੀ ਹੈ”। This revenue is collected at the expense of the cause of morality.
ਮਹਾਤਮਾ ਗਾਂਧੀ ਦਾ ਐਲਾਨ ਸੀ ਕਿ ਭਾਰਤ ਦੇ ਆਜ਼ਾਦ ਹੁੰਦਿਆਂ ਹੀ ਸ਼ਰਾਬ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਗਊ ਹੱਤਿਆ ਬੰਦ ਕਰਵਾਈ ਜਾਵੇਗੀ। ਸ਼ਰਾਬ ਤੋਂ ਪ੍ਰਾਪਤ ਟੈਕਸ ਨਾਲ ਵਿੱਦਿਆ ਦੇਣ ਦੀ ਸਕੀਮ ਨੂੰ ਮਹਾਤਮਾ ਗਾਂਧੀ ਨੇ ਨਕਾਰਿਆ। ਸੁਤੰਤਰਤਾ ਸੰਗਰਾਮੀ ਸਿਰਕੱਢ ਨੇਤਾਵਾਂ ਨੇ ਅੰਗਰੇਜ਼ਾਂ ਦੀ ਆਬਕਾਰੀ ਦਾ ਡਟ ਕੇ ਵਿਰੋਧ ਕੀਤਾ। ਕੇਸ਼ਵ ਚੰਦਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੋਢੀ ਹਿਊਮ ਨੇ ਸ਼ਰਾਬ ਤੋਂ ਆਮਦਨ ਦੀ ਨੀਤੀ ਨੂੰ ਅੰਗਰੇਜ਼ ਸਰਕਾਰ ਦੇ ਮੱਥੇ’ਤੇ ਕਲੰਕ ਐਲਾਨਿਆ। ਰਾਜਾ ਰਾਮ ਮੋਹਨ ਰਾਏ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਨੇ ਲੰਦਨ ਪੁੱਜ ਕੇ ਇਸ ਟੈਕਸ ਨੀਤੀ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕੀਤਾ। ਦੇਸ਼ ਦੀਆਂ ਔਰਤਾਂ ਅਤੇ ਬੱਚਿਆਂ ਨੇ ਸ਼ਰਾਬ ਠੇਕਿਆਂ ਅੱਗੇ ਧਰਨੇ ਦਿੱਤੇ ਅਤੇ ਜ਼ੇਲ੍ਹਾਂ ਵਿਚ ਤਸੀਹੇ ਸਹਿਣ ਕੀਤੇ।
ਇਸ ਤੋਂ ਵੀ ਵੱਡਾ ਸਵਾਲ ਕਿ ਗੀਤਾ, ਪੁਰਾਣ, ਕੁਰਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੈਰੋਕਾਰ ਅਖਵਾਉਂਦੀਆਂ ਸਰਕਾਰਾਂ ਧਰਮ ਸਿਖਿਆਵਾਂ ਤੇ ਖ਼ਾਸ ਕਰ ਸਿੱਖੀ ਸਿਧਾਂਤਾਂ ਦੀ ਬੇਅਦਬੀ ਨਹੀਂ ਕਰ ਰਹੀਆਂ? ਗੁਰੂ ਸਾਹਿਬਾਨਾਂ, ਭਗਤਾਂ ਤੇ ਸੰਤਾਂ ਨੂੰ ਮੱਥਾ ਟੇਕਣ ਵਾਲੇ, ਉਹਨਾਂ ਦੀਆਂ ਸਰਵ-ਉੱਤਮ ਨਸੀਹਤਾਂ ਨੂੰ ਮੰਨਣ ਤੋਂ ਇਨਕਾਰੀ ਹਨ। ਕਬੀਰ ਦਾ ਅਰਥ ਹੁੰਦਾ ਹੈ ਵੱਡਾ ਤੇ ਉਸ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਨੇ ਅਜਿਹੇ ਪਾਖੰਡੀਆਂ’ਤੇ ਤਨਜ਼ ਕੱਸਿਆ ਹੈ : ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਹਿ॥ ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹਿ॥ ਭਾਵ ਕਿ ਜੋ ਲੋਕ ਸ਼ਰਾਬ-ਕਬਾਬ ਦੇ ਰਸ ਭੋਗਦੇ ਹਨ, ਉਨ੍ਹਾਂ ਦੇ ਤੀਰਥ ਵਰਤ ਆਦਿਕ ਸਭ ਕਰਮ ਵਿਅਰਥ ਜਾਂਦੇ ਹਨ।ਭਗਤ ਰਵਿਦਾਸ ਜੀ ਵਲੋਂ ਤਾੜਨਾ ਹੈ : ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ॥ ਸੁਰਸਰੀ (ਗੰਗਾ) ਦੇ ਸਲਲ (ਪਾਣੀ) ਤੋਂ ਵੀ ਬਣੀ ਸ਼ਰਾਬ ਕਦੇ ਭਲੇ ਪੁਰਸ਼ ਨਹੀਂ ਪੀਂਦੇ।
ਗੁਰੂ ਸਾਹਿਬਾਨਾਂ ਨੇ ਗੁਰਬਾਣੀ ਅੰਦਰ ਸ਼ਰਾਬ ਅਤੇ ਨਸ਼ਿਆਂ ਵਿਰੁੱਧ ਵੱਡੇ ਪ੍ਰਸ਼ਨ ਖੜੇ ਕੀਤੇ ਅਤੇ ਸੰਵਾਦ ਰਚਾਏ। ਨਸ਼ਿਆਂ ਤੋਂ ਮੁਕਤ ਸੋਫੀ ਸਮਾਜ ਨੂੰ ਮਿਲਣ ਵਾਲੇ ਪਰਮ-ਆਨੰਦ ਦਾ ਅਤੇ ਨਸ਼ਿਆਂ ਵਿਚ ਧੁਤ ਬੇਹੋਸ਼ ਸਮਾਜ ਦਾ ਤੁਲਨਾਤਮਿਕ ਪੱਧਰ ਪੇਸ਼ ਕਰਕੇ ਸਾਵਧਾਨ ਕੀਤਾ ਹੈ। ਜੋ ਸਮਾਜ ਕੇਵਲ ਪੈਸੇ ਨੂੰ ਹੀ ਮਾਨਤਾ ਦਿੰਦਾ ਹੈ, ਉਹ ਹਰ ਪਾਪ ਨੂੰ ਮਾਨਤਾ ਦੇ ਸਕਦਾ ਹੈ। ਜੇ ਸ਼ਰਾਬ ਦੀ ਵਰਤੋਂ ਤੇ ਵਾਪਾਰ ਨੂੰ ਪੁੰਨ ਕਰਮ ਮੰਨ ਲਿਆ ਹੈ ਤਾਂ ਉਸ ਦਾ ਨਤੀਜਾ ਹੀ ਹੈ ਕਿ ਅੱਜ ਪੰਜਾਬ ਨਸ਼ਿਆਂ ਵਿਚ ਕਿੱਥੇ ਖੜਾ ਹੈ। ਖੌਫ਼ ਖਾਂਦਾ ਹੈ ਕਿ ਸੂਬੇ ਦੀ ਕਮਾਈ ਲਈ ਹੋਰ ਨਸ਼ਿਆਂ ਅਤੇ ਕੁਕਰਮਾਂ ਨੂੰ ਵੀ ਮਾਨਤਾ ਨਾ ਮਿਲ ਜਾਵੇ।

(ਰਸ਼ਪਾਲ ਸਿੰਘ)
+91 98554-40151
rashpalsingh714@gmail.com

Install Punjabi Akhbar App

Install
×