ਵਿਕਟੋਰੀਆ ਵਿੱਚ ਵੀ ਅੰਤਰ-ਰਾਸ਼ਟਰੀ ਉਡਾਣਾਂ ਦਾ ਆਗਮਨ ਹੋਵੇਗਾ ਸੋਮਵਾਰ ਤੋਂ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਰਾਜ ਵੀ 36ਵੇਂ ਦਿਨ ਵਿੱਚ ਪਹੁੰਚ ਗਿਆ ਹੈ ਜਦੋਂ ਕਿ ਇੱਥੇ ਕਰੋਨਾ ਦਾ ਕੋਈ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਹੋਇਆ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸੋਮਵਾਰ ਤੋਂ ਅੰਤਰ-ਰਾਸ਼ਟਰੀ ਫਲਾਈਟਾਂ ਦਾ ਆਉਣਾ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਬੀਤੇ ਜੂਨ ਦੇ ਮਹੀਨੇ ਤੋਂ ਬੰਦ ਕਰ ਦਿੱਤਾ ਗਿਆ ਸੀ। ਨਵੇਂ ਸ਼ਡਿਊਲ ਰਾਹੀਂ ਹੁਣ 160 ਯਾਤਰੀ ਬਾਹਰਲੇ ਦੇਸ਼ਾਂ ਤੋਂ ਵਿਕਟੋਰੀਆ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਸੋਮਵਾਰ ਨੂੰ 5 ਅੰਤਰ ਰਾਸ਼ਟਰੀ ਫਲਾਈਟਾਂ ਕੋਲੰਬੋ, ਦੋਹਾ, ਹਾਂਗਕਾਂਗ ਅਤੇ ਸਿੰਗਾਪੁਰ ਦੇਸ਼ਾਂ ਤੋਂ ਮੈਲਬੋਰਨ ਪਹੁੰਚਣਗੀਆਂ ਅਤੇ ਰਾਜ ਅੰਦਰ ਅੰਤਰ ਰਾਸ਼ਟਰੀ ਯਾਤਰੀਆਂ ਦਾ ਆਉਣਾ ਫੇਰ ਤੋਂ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਪ੍ਰਕੋਪ ਕਾਰਨ ਇਸੇ ਸਾਲ ਜੂਨ ਦੇ ਮਹੀਨੇ ਵਿੱਚ ਸਾਰੀਆਂ ਅਜਿਹੀਆਂ ਫਲਾਈਟਾਂ ਉਪਰ ਪੂਰਨ ਰੋਕ ਲਗਾ ਦਿੱਤੀ ਗਈ ਸੀ ਅਤੇ ਲੋਕ ਜਿੱਥੇ ਸਨ, ਉਥੇ ਹੀ ਅਟਕ ਕੇ ਰਹਿ ਗਏ ਸਨ। ਰਾਜ ਅੰਦਰ ਇਸ ਵੇਲੇ ਕਰੋਨਾ ਦੇ ਦੂਸਰੇ ਹਮਲੇ ਕਾਰਨ ਘੱਟੋ ਘੱਟ ਵੀ 18,000 ਲੋਕ ਕੋਵਿਡ-19 ਤੋਂ ਸਥਾਪਿਤ ਹੋਏ ਸਨ ਅਤੇ ਇਸ ਭਿਆਨਕ ਬਿਮਾਰੀ ਕਾਰਨ 800 ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰਨਟੀਨ ਹੋਣਾ ਪਵੇਗਾ ਇਸ ਇਸ ਲਈ ਕੀਮਤ ਇੱਕ ਬਾਲਿਗ ਵਾਸਤੇ 3000 ਡਾਲਰ ਅਤੇ ਜੇ ਇਸ ਯਾਤਰੀ ਦੇ ਨਾਲ ਹੋਰ ਪਰਵਾਰਿਕ ਮੈਂਬਰ ਹੈ ਤਾਂ ਬਾਲਿਗ ਸਾਥੀ ਲਈ ਵਾਧੂ 1000 ਡਾਲਰ ਅਤੇ ਜੇਕਰ ਨਾਲ ਬੱਚਾ ਵੀ ਹੈ ਤਾਂ ਬੱਚੇ ਲਈ 500 ਡਾਲਰਾਂ ਦੀ ਫੀਸ ਰੱਖੀ ਗਈ ਹੈ। ਜੇਕਰ ਬੱਚਾ ਤਿੰਨ ਸਾਲਾਂ ਤੋਂ ਛੋਟਾ ਹੈ ਤਾਂ ਫੇਰ ਉਸ ਨੂੰ ਫੀਸ ਤੋਂ ਮੁਕਤ ਕੀਤਾ ਗਿਆ ਹੈ।

Install Punjabi Akhbar App

Install
×