ਕਰੋਨਾ ਦੇ ਸੰਕਟਮਈ ਮੌਕੇ ਤੇ ਇੰਟਰ-ਨੈਸ਼ਨਲ ਪੱਧਰ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਦਿਵਸ 29 ਮਾਰਚ ਦਿਨ ਐਤਵਾਰ ਨੂੰ ਮਨਾਉਣ ਦੀ ਅਪੀਲ : ਕੋਆਰਡੀਨੇਸ਼ਨ ਕਮੇਟੀ ਅਕਾਲੀ ਦਲ ਅੰਮ੍ਰਿਤਸਰ

ਨਿਊਯਾਰਕ/ਟੋਰਾਂਟੋ, 23 ਮਾਰਚ -ਸੰਸਾਰ ਭਰ ਵਿੱਚ ਕੋਵਿਡ-19 ਦੇ ਸੰਕਟ ਦਾ ਸਾਹਮਣਾ ਕਰ ਰਹੀ ਸਮੁੱਚੀ ਮਨੁੱਖਤਾ ਨੂੰ ਇਸ ਜ਼ਹਿਰੀਲੇ ਵਾਇਰਸ ਤੋਂ ਨਿਜਾਤ ਦਿਵਾਉਣ ਲਈ ਆਉ 29 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ (ਨਿਊਯਾਰਕ ਟਾਇਮ) ਦੇ ਮੁਤਾਬਿਕ  ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਇੰਟਰਨੈਸ਼ਨਲ ਪੱਧਰ ਤੇ ਅਰਦਾਸ ਕਰੀਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਚਰਨ੍ਹਾਂ ਵਿੱਚ ਅਰਦਾਸ ਦਿਵਸ ਮਨਾਉਂਦਿਆਂ ਜਪੁਜੀ ਸਾਹਿਬ ਦਾ ਪਾਠ ਤੇ ਅਰਦਾਸ ਬੇਨਤੀ ਕੀਤੀ ਜਾਵੇ।ਇੰਟਰਨੈਸ਼ਨਲ ਅਰਦਾਸ ਦਿਵਸ ਦਾ ਫੈਸਲਾ ਅਕਾਲੀ ਦਲ ਅੰਮ੍ਰਿਤਸਰ ਦੀ 18 ਮੁਲਕਾਂ ਦੀਆਂ ਯੂਨਿਟਾਂ ਦੇ ਆਧਾਰਿਤ ਬਣੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਐਤਵਾਰ ਨੂੰ ਸ੍ਰ ਬੂਟਾ ਸਿੰਘ ਖੜੌਦ ਦੀ ਪ੍ਰਧਾਨਗੀ ਹੇਠ ਹੋਈ ਟੈਲੀ ਕਾਨਫਰੰਸ ਵਿੱਚ, ਜਿਸ ਵਿੱਚ ਸੁਖਮਿੰਦਰ ਸਿੰਘ ਹੰਸਰਾ ਵਲੋਂ ਅਰਦਾਸ ਦਿਵਸ ਦਾ ਪ੍ਰਸਤਾਵ ਰੱਖਿਆ ਗਿਆ ਸੀ, ਤੇ ਪਾਰਟੀ ਨੇ ਵਿਚਾਰਾਂ ਕਰਦਿਆਂ ਸਰਵ-ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਅਤੇ ਸਮੁੱਚੇ ਸਿੱਖ ਜਗਤ ਦੇ ਚਰਨਾਂ ਵਿੱਚ ਅਪੀਲ ਕੀਤੀ ਗਈ ਹੈ ਕਿ ਹਰ ਸਿੱਖ ਪਰਿਵਾਰ  ਇਸ ਅਰਦਾਸ ਦਿਵਸ ਵਿੱਚ ਸ਼ਰਧਾ ਨਾਲ ਹਿੱਸਾ ਲਵੇ।ਗੁਰੂ ਇਤਿਹਾਸ ਵਿੱਚ ਦਰਜ ਅਧਿਆਇ ਅਨੁਸਾਰ ਮਾਰਚ 1664 ਵਿੱਚ ਦਿੱਲੀ ਵਿੱਚ ਲੋਕ ਚੇਚਕ (Smallpox Cholera Epidemic) ਦੀ ਮਹਾਂਮਾਰੀ ਦਾ ਸ਼ਿਕਾਰ ਹੋਏ ਸਨ, ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਔਰੰਗਜ਼ੇਬ ਦੀ ਅਦਾਲਤ ਵਿੱਚ ਪੇਸ਼ ਹੋਣ ਪਹੁੰਚੇ ਸਨ। ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ ਸਨ ਜੋ ਹੁਣ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਗੁਰੂ ਸਾਹਿਬ ਜੀ ਨੇ ਇਥੇ ਮੌਜੂਦ ਸਰੋਵਰ ਚੋਂ ਪੀੜਤ ਸੰਗਤ ਦੀ ਜਲ ਨਾਲ ਸੇਵਾ ਕੀਤੀ। ਇਸ ਮੌਕੇ ਗੁਰੂ ਸਾਹਿਬ ਜੀ ਖੁਦ ਵੀ ਚੇਚਕ ਦਾ ਸ਼ਿਕਾਰ ਹੋ ਗਏ, ਫਲਸਰੂਪ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜੋਤੀ ਜੋਤਿ ਸਮਾ ਗਏ ਸਨ।ਹੁਣ ਜਦੋਂ ਸਾਰਾ ਸੰਸਾਰ ਕਰੋਨਾ ਵਾਇਰਸ ਦੀ ਬੁਰੀ ਤਰ੍ਹਾਂ ਗ੍ਰਿਫਤ ਵਿੱਚ ਆ ਚੁੱਕਾ ਹੈ ਅਤੇ ਵੱਡੀ ਤਾਦਾਦ ਵਿੱਚ ਮਨੁੱਖਤਾ ਵੱਖ ਵੱਖ ਦੇਸ਼ਾਂ ਵਿੱਚ ਮੌਤ ਦਾ ਸ਼ਿਕਾਰ ਹੋ ਰਹੀ ਹੈ। ਆਓ ਸਮੁੱਚਾ ਸਿੱਖ ਜਗਤ ਸਮੂਹਕ ਤੌਰ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵਲੋਂ ਬਖਸ਼ੇ ਸਿਧਾਂਤ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਉਹ ਕਿਰਪਾ ਕਰਨ ਕਿ ਸਮੁੱਚੀ ਕਾਇਨਾਤ ਇਸ ਜ਼ਹਿਰੀਲੇ ਕਰੋਨਾ ਵਾਇਰਸ ਤੋਂ ਨਿਜਾਤ ਪਾ ਸਕੇ।ਅੰਤਰਰਾਸ਼ਟਰੀ ਅਰਦਾਸ ਦਿਵਸ 29 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਿਊਯਾਰਕ ਟਾਈਮ, ਬਾਅਦ ਦੁਪਹਿਰ 2 ਵਜੇ ਯੂ ਕੇ ਟਾਈਮ ਅਤੇ ਸ਼ਾਮ 7:30 ਵਜੇ ਪੰਜਾਬ ਟਾਇਮ, ਸਾਰੇ ਸੰਸਾਰ ਵਿੱਚ ਇੱਕੋ ਸਮ੍ਹੇਂ ਮਨਾਇਆ ਜਾਵੇਗਾ। ਇਹ ਅਰਦਾਸ ਦਿਵਸ ਸੋਸ਼ਲ ਮੀਡੀਆ ਤੇ ਲਾਈਵ ਪ੍ਰਸਾਰਤ ਵੀ ਕੀਤਾ ਜਾਵੇਗਾ ਤਾਂ ਕਿ ਹਰ ਸਿੱਖ ਸੋਸ਼ਲ ਮੀਡੀਆ ਰਾਹੀਂ ਇਸ ਅਰਦਾਸ ਦਿਵਸ ਨਾਲ ਜੁੜ ਕੇ ਇਸ ਵਿੱਚ ਸ਼ਾਮਲ ਹੋ ਸਕੇ।ਹਰ ਗੁਰਦੁਆਰਾ ਸਾਹਿਬ, ਸਭਾਵਾਂ ਅਤੇ ਹਰ ਪ੍ਰੀਵਾਰ ਆਪੋ ਆਪਣੇ ਘਰ ਵਿੱਚ ਜਾਂ ਆਪਣੇ ਕੰਮ ਤੇ ਜਪੁਜੀ ਸਾਹਿਬ ਦਾ ਪਾਠ ਅਤੇ ਅਰਦਾਸ ਬੇਨਤੀ ਕਰੇ। ਅਜਿਹਾ ਕਰਦਿਆਂ 10 ਤੋਂ ਵੱਧ ਦਾ ਇਕੱਠ ਨਾ ਕੀਤਾ ਜਾਵੇ ਅਤੇ ਆਪਸ ਵਿੱਚ 6 ਫੁੱਟ ਦਾ ਫਾਸਲਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਕੋਆਰਡੀਨੇਸ਼ਨ ਕਮੇਟੀ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨੂੰ ਅਮਲ ਵਿੱਚ ਲਿਆਉਂਦਿਆਂ ਆਪਣੀ ਲੋਕਲ ਹੈਲਥ ਅਥਾਰਟੀ ਦੀਆਂ ਬੇਨਤੀਆਂ ਅਨੁਸਾਰ ਚੱਲੋ, ਬੇਲੋੜਾ ਘਰੋਂ ਬਾਹਰ ਨਾ ਜਾਓ, ਹਰ ਤਰ੍ਹਾਂ ਦੇ ਇਕੱਠ ਬੰਦ ਕਰੋ ਅਤੇ ਆਪਸ ਵਿੱਚ ਦੂਰੀ ਬਣਾ ਕੇ ਰਹੋ। ਹਰ 20 ਮਿੰਟ ਬਾਅਦ ਸਾਬਣ ਨਾਲ ਹੱਥ ਧੋਵੋ ਅਤੇ ਵਾਰ ਵਾਰ ਨੱਕ, ਅੱਖ ਜਾਂ ਮੂੰਹ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰੋ। ਹੈਂਡ ਸੈਨਟਾਈਜ਼ਰ ਦੀ ਵਰਤੋਂ ਕਰੋ ਤਾਂ ਕਿ ਇਸ ਵਾਇਰਸ ਨੂੰ ਵੱਧਣ ਤੋਂ ਰੋਕਿਆ ਜਾ ਸਕੇ।ਇਸ ਟੈਲੀ ਕਾਨਫਰੰਸ ਵਿੱਚ ਪਾਰਟੀ ਦੇ ਕਨਵੀਨਰ ਸ:ਬੂਟਾ ਸਿੰਘ ਖੜੌਦ,( ਅਮਰੀਕਾ ) ਸੁਖਮਿੰਦਰ ਸਿੰਘ ਹੰਸਰਾ,( ਕੈਨੇਡਾ ) ਸੁਰਜੀਤ ਸਿੰਘ ਕੁਲਾਰ, ਰੁਪਿੰਦਰ ਸਿੰਘ ਬਾਠ, ਮਨਵੀਰ ਸਿੰਘ ਮਾਂਟਰੀਅਲ, ਅਵਤਾਰ ਸਿੰਘ ਮਿਨਹਾਸ, ਜੋਗਾ ਸਿੰਘ ਨਿਊਜਰਸੀ, ਮਨਦੀਪ ਸਿੰਘ ਐਡਮੈਂਟਨ, ਸੋਹਣ ਸਿੰਘ ਐਡਮੈਂਟਨ, ਗੁਰਜੋਤ ਸਿੰਘ ਐਡਮੈਂਟਨ, ਮਲਕੀਤ ਸਿੰਘ ਢੇਸੀ ਐਡਮੈਂਟਨ, ਕਰਨੈਲ ਸਿੰਘ, ਮੱਖਣ ਸਿੰਘ ਸ਼ਿਕਾਗੋ, ਇੰਦਰਜੀਤ ਸਿੰਘ ਨਿਊਜਰਸੀ, ਗੁਰਪ੍ਰੀਤ ਸਿੰਘ ਐਡਮੈਂਟਨ ਅਤੇ ਜਸਪਾਲ ਸਿੰਘ ਬੈਂਸ ਇੰਗਲੈਂਡ ਅਤੇ ਪਰਮਿੰਦਰ ਸਿੰਘ ਪਾਂਗਲੀ ਸ਼ਾਮਲ ਹੋਏ।

Install Punjabi Akhbar App

Install
×