
(ਦ ਏਜ ਮੁਤਾਬਿਕ) ਵਿਕਟੋਰੀਆ ਸਰਕਾਰ ਦੇ ਕੋਵਿਡ-19 ਤੋਂ ਬਚਾਅ ਅਧੀਨ ਲਗਾਈਆਂ ਗਈਆਂ ਨਵੀਆਂ ਪਾਬੰਧੀਆਂ ਅਤੇ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਦਾ ਲਾਜ਼ਮੀ ਹੋਟਲ ਕੁਆਰਨਟੀਨ ਦੀ ਸ਼ਰਤ ਕਾਰਨ ਮੈਲਬੋਰਨ ਆਉਣ ਵਾਲੀਆਂ ਅੰਤਰ-ਰਾਸ਼ਟਰੀ ਫਲਾਈਟਾਂ ਨੂੰ ਫੌਰੀ ਤੌਰ ਤੇ ਬੰਦ ਕਰਨ ਦੀਆਂ ਸਲਾਹਾਂ ਅੰਤਰ ਰਾਸ਼ਟਰੀ ਏਅਰਲਾਈਨਾਂ ਵੱਲੋਂ ਕੀਤੀਆਂ ਜਾਣੀਆਂ ਸ਼ੁਰੂ ਹੋ ਚੁਕੀਆਂ ਹਨ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੀ ਤਰਜ ਤੇ ਹੀ ਵਿਕਟੋਰੀਆ ਨੇ ਵੀ ਮੈਲਬੋਰਨ ਵਿੱਚ ਆਉਣ ਵਾਲੀਆਂ ਅੰਤਰ-ਰਾਸ਼ਟਰੀ ਫਲਾਈਟਾਂ ਦੇ ਕਰੂ ਮੈਂਬਰਾਂ ਨੂੰ ਵੀ ਲਾਜ਼ਮੀ ਤੌਰ ਤੇ ਕੋਵਿਡ-19 ਦੀਆਂ ਸ਼ਰਤਾਂ ਅਧੀਨ ਹੋਟਲ ਕੁਆਰਨਟੀਨ ਕਰਨਾ ਜ਼ਰੂਰੀ ਕਰ ਦਿੱਤਾ ਹੈ ਅਤੇ ਇਹ ਨਿਯਮ ਬੀਤੇ ਕੱਲ੍ਹ ਤੋਂ ਲਾਗੂ ਹੋ ਵੀ ਗਏ ਹਨ। ਵੈਸੇ ਵਿਕਟੋਰੀਆ ਵਿੱਚ ਇਹ ਸਹੂਲਤ ਦਿੱਤੀ ਜਾ ਰਹੀ ਹੈ ਕਿ ਅੰਤਰ ਰਾਸ਼ਟਰੀ ਫਲਾਈਟਾਂ ਦੇ ਕਰੂ ਮੈਂਬਰਾਂ ਦਾ ਮੈਲਬੋਰਨ ਆਉਣ ਤੇ ਕੋਵਿਡ-19 ਟੈਸਟ ਕੀਤਾ ਜਾਵੇਗਾ ਪਰੰਤੂ ਉਨ੍ਹਾਂ ਨੂੰ ਕੁਆਰਟਨੀਨ ਵਿੱਚੋਂ ਵਾਪਸੀ ਦੀ ਫਲਾਈਟ ਉਪਰ ਤਾਂ ਹੀ ਜਾਣ ਦਿੱਤਾ ਜਾਵੇਗਾ ਜੇਕਰ ਉਨ੍ਹਾਂ ਦਾ ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ। ਜੇਕਰ ਕਿਸੇ ਕਰੂ ਮੈਂਬਰ ਦਾ ਟੈਸਟ ਰਿਜ਼ਲਟ ਪਾਜ਼ਿਟਿਵ ਆ ਜਾਂਦਾ ਹੈ ਤਾਂ ਫੇਰ ਉਸ ਦੇ ਠੀਕ ਹੋਣ ਤੱਕ ਉਸਨੂੰ ਕੁਆਰਨਟੀਨ ਵਿੱਚ ਹੀ ਰਹਿਣਾ ਹੋਵੇਗਾ -ਬੱਸ ਇਹੀ ਕਾਰਨ ਹੈ ਜਿਸਨੇ ਕਿ ਅੰਤਰ ਰਾਸ਼ਟਰੀ ਪੱਧਰ ਉਪਰ ਆਉਣ ਵਾਲੀਆਂ ਫਲਾਈਟਾਂ ਦੇ ਪਾਇਲਟਾਂ ਅਤੇ ਹੋਰ ਕਰੂ ਮੈਂਬਰਾਂ ਅੰਦਰ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਵਿਕਟੋਰੀਆ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਪਾਜ਼ਿਟਿਵ ਆਇਆ ਇੱਕ ਵੀ ਕਰੂ ਮੈਂਬਰ, ਨੂੰ 10 ਦਿਨਾਂ ਦੇ ਹੋਟਲ ਕੁਆਰਨਟੀਨ ਵਿੱਚ ਰਹਿਣਾ ਪਵੇਗਾ ਅਤੇ ਉਸਦੇ ਨਾਲ ਦੇ ਸਾਥੀ ਵਾਪਿਸ ਤਾਂ ਜਾ ਸਕਦੇ ਹਨ ਪਰੰਤੂ ਯਾਤਰੂ ਸੇਵਾਵਾਂ ਵਿੱਚ ਆਪਣੀਆਂ ਸੇਵਾਵਾਂ ਨਹੀਂ ਨਿਭਾਉਣਗੇ।