ਅੰਤਰਿਮ ਵੀਜ਼ੇ ਦੀ ਉਮਰ ‘ਚ ਵਾਧਾ

  • ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 27 ਅਗਸਤ ਤੋਂ ਅੰਤਰਿਮ ਵੀਜ਼ੇ ਦੀ ਮਿਆਦ 21 ਦਿਨ ਤੱਕ ਹੋਰ ਜਾਇਜ ਮੰਨੀ ਜਾਏਗੀ

NZ PIC 16 Aug-1

ਆਕਲੈਂਡ 16 ਅਗਸਤ  -ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਵੀਜ਼ਾ ਅਰਜੀਦਾਤਾਵਾਂ ਦੀ ਸਹੂਲਤ ਲਈ ਇਕ ਚੰਗਾ ਕਦਮ ਚੁੱਕਿਆ ਹੈ। ਹੁਣ 27 ਅਗਸਤ 2018 ਤੋਂ ਅੰਤਰਿਮ ਵੀਜ਼ੇ ਦੀ ਮਿਆਦ ਉਦੋਂ 21 ਦਿਨ ਹੋਰ ਮੰਨੀ ਜਾਵੇਗੀ ਜਦੋਂ ਕਿ ਤੁਹਾਡਾ ਅਪਲਾਈ ਕੀਤਾ ਹੋਇਆ ਅਗਲਾ ਵੀਜਾ ਕਿਸੀ ਕਾਰਨ ਰੱਦ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਜੇਕਰ ਤੁਹਾਡੀ ਮੰਗ ਅਨੁਸਾਰ ਦਿੱਤਾ ਜਾਣਾ ਵਾਲਾ ਅਗਲਾ ਵੀਜ਼ਾ ਜੇਕਰ ਰੱਦ ਹੋ ਜਾਂਦਾ ਸੀ ਤਾਂ ਇਸ ਅੰਤਰਾਲ ਦੌਰਾਨ ਮਿਲਿਆ ਅੰਤਰਿਮ ਵੀਜ਼ਾ ਵੀ ਆਪਣੇ ਸਾਹ ਨਾਲ ਹੀ ਛੱਡ ਦਿੰਦਾ ਸੀ ਅਤੇ ਤੁਹਾਨੂੰ 42 ਦਿਨਾਂ ਦੇ ਵਿਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਤੋਂ ਬਾਹਰ ਜਾਣਾ ਪੈ ਸਕਦਾ ਸੀ। ਪਰ ਨਵੇਂ ਬਦਲਾਅ ਦੇ ਬਾਅਦ ਤੁਹਾਡੇ ਕੋਲ 21 ਦਿਨ ਦਾ ਹੋਰ ਸਮਾਂ ਅੰਤਰਿਮ ਵੀਜ਼ੇ ਦੇ ਤੌਰ ‘ਤੇ ਰਹੇਗਾ, ਇਸ ਦੌਰਾਨ ਤੁਸੀਂ ਕੋਈ ਬਦਲਵਾਂ ਹੱਲ ਲੱਭਣ ਵਾਸਤੇ ਅਰਜ਼ੀ ਲਾ ਸਕਦੇ ਹੋ ਅਤੇ ਇਸ ਤੋਂ ਬਾਅਦ 42 ਦਿਨ ਵਾਲਾ ਸਮਾਂ ਸ਼ੁਰੂ ਹੋਵੇਗਾ। ਵੀਜ਼ਾ ਨਿਯਮਾਂ ਅਨੁਸਾਰ ਬੁਹਤੇ ਕੇਸਾਂ ਦੇ ਵਿਚ 6 ਮਹੀਨੇ ਦੇ ਅੰਦਰ-ਅੰਦਰ ਫੈਸਲਾ ਹੋ ਜਾਂਦਾ ਹੈ ਪਰ ਕਈ ਕੇਸਾਂ ਦੇ ਵਿਚ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਅੰਤਰਿਮ ਵੀਜ਼ਾ 6 ਮਹੀਨੇ ਬਾਅਦ ਰੱਦ ਹੋ ਜਾਵੇਗਾ। ਪਰ ਜੇਕਰ ਤੁਸੀਂ ਆਪਣੀ ਅਰਜ਼ੀ ਵਾਪਿਸ ਲੈ ਲੈਂਦੇ ਹੋ ਤਾਂ ਵੀ ਅਰਜ਼ੀ ਵਾਪਿਸ ਲੈਣ ਦੇ ਬਾਅਦ 21 ਦਿਨ ਦਾ ਸਮਾਂ ਤੁਹਾਨੂੰ ਅੰਤਰਿਮ ਵੀਜੇ ਦੇ ਤੌਰ ‘ਤੇ ਮਿਲੇਗਾ। ਜੇਕਰ ਤੁਹਾਡਾ ਅਪਲਾਈ ਕੀਤਾ ਹੋਇਆ ਵੀਜ਼ਾ ਮੰਜੂਰ ਹੋ ਜਾਂਦਾ ਹੈ ਤਾਂ ਤੁਹਾਡਾ ਅੰਤਰਿਮ ਵੀਜ਼ਾ ਉਸੇ ਦਿਨ ਰੱਦ ਹੋਇਆ ਮੰਨਿਆ ਜਾਵੇਗਾ ਤੇ ਨਵਾਂ ਵੀਜ਼ਾ ਅਮਲ ਵਿਚ ਆ ਜਾਵੇਗਾ। ਇਮੀਗ੍ਰੇਸ਼ਨ ਸਲਾਹਕਾਰ ਜਗਜੀਤ ਸਿੰਘ ਸਿੱਧੂ ਹੋਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਖਾਸ ਕਰ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ ਤਾਂ ਕਿ ਉਹ ਆਪਣੀਆਂ ਵੀਜ਼ਾ ਅਰਜੀਆਂ ਨੂੰ ਨਵੇਂ ਸਿਰੇ ਤੋਂ ਲਾ ਸਕਣ। ਨਵੇਂ ਵੀਜੇ ਵਾਸਤੇ ਅਪਲਾਈ ਕਰਨ ਬਾਅਦ ਜੇਕਰ ਕੋਈ ਅੰਤਰਿਮ ਵੀਜ਼ੇ ਉਤੇ ਹੈ ਤਾਂ ਉਸ ਦੌਰਾਨ ਉਹ ਕਿਸੇ ਹੋਰ ਬਦਲਵੇਂ ਵੀਜੇ ਵਾਸਤੇ ਅਪਲਾਈ ਨਹੀਂ ਕਰ ਸਕਦਾ।

Install Punjabi Akhbar App

Install
×