ਆਸਟ੍ਰੇਲੀਆ ਵਿਚਲਾ ਪਹਿਲਾ ਨਵੀਨਤਮ ਹਾਈਡ੍ਰੋ ਪਾਵਰ ਬੈਟਰੀ ਪ੍ਰਾਜੈਕਟ ਨੂੰ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਮਨਜ਼ੂਰੀ

ਨਿਊ ਸਾਊਥ ਵੇਲਜ਼ ਸਰਕਾਰ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਐਲਬਰੀ ਦੇ ਨਜ਼ਦੀਕ ਲੱਗਣ ਵਾਲੇ ਦੇਸ਼ ਦੇ ਪਹਿਲੇ ਅਤੇ ਨਵੀਨਤਮ, 32 ਮਿਲੀਅਨ ਡਾਲਰ ਵਾਲੇ ਹਾਈਡ੍ਰੋ ਪਾਵਰ ਬੈਟਰੀ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਬੈਟਰੀ ਪ੍ਰਾਜੈਕਟ ਹੂਮੇ ਹਾਈਡ੍ਰੋ ਪਾਵਰ ਸਟੇਸ਼ਨ, ਜੋ ਕਿ ਪਹਿਲਾਂ ਹੀ 40,000 ਘਰਾਂ ਨੂੰ ਬਿਜਲੀ ਸਪਲਾਈ ਕਰ ਰਿਹਾ ਹੈ, ਤੋਂ ਊਰਜਾ ਲੈ ਕੇ ਚਾਰਜ ਕੀਤਾ ਜਾਵੇਗਾ ਅਤੇ ਇਸ ਬੈਟਰੀ ਨਾਲ ਉਸ ਸਮੇਂ ਲਈ ਬਿਜਲੀ ਸਟੋਰ ਕੀਤੀ ਜਾਵੇਗੀ ਜਦੋਂ ਕਿ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹ ਪ੍ਰਾਜੈਕਟ ਜਿੱਥੇ ਲੋੜੀਂਦੇ ਸਮੇਂ ਵਿੱਚ ਬਿਜਲੀ ਸਪਲਾਈ ਕਰੇਗਾ ਉਥੇ ਹੀ ਸਥਾਨਕ ਪੱਧਰ ਉਪਰ ਨਵੇਂ ਰੌਜ਼ਗਾਰ ਵੀ ਸਿਰਜੇਗਾ ਅਤੇ ਇਸ ਦਾ ਸਿੱਧਾ ਫਾਇਦਾ ਸਥਾਨਕ ਲੋਕਾਂ ਨੂੰ ਹੀ ਹੋਵੇਗਾ। ਊਰਜਾ ਅਤੇ ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ ਮੈਟ ਕੀਨ ਦਾ ਕਹਿਣਾ ਹੈ ਕਿ ਰਾਜ ਵਿੱਚ ਪਹਿਲਾਂ ਹੀ ਅਜਿਹੇ ਹਾਈਡ੍ਰੋ ਪ੍ਰਾਜੈਕਟਾਂ ਦੀ ਵਿਵਸਥਾ ਹੋਰਨਾ ਰਾਜਾਂ ਨਾਲੋਂ ਬਿਹਤਰ ਅਤੇ ਸੁਸੱਜਿਤ ਹੈ ਪਰੰਤੂ ਇਸ ਨਵੇਂ ਬੈਟਰੀ ਪ੍ਰਾਜੈਕਟ ਰਾਹੀਂ ਰਾਜ ਵਿਚ ਹੋਰ ਵੀ ਸੁਵਿਧਾਵਾਂ ਮਿਲਣੀਆਂ ਜਾਹਿਰ ਹੀ ਹਨ ਅਤੇ ਮੁੜ ਤੋਂ ਇਸਤੇਮਾਲ ਹੋਣ ਵਾਲੀ ਊਰਜਾ ਦੇ ਖੇਤਰਾਂ ਵਿੱਚ ਇਹ ਸਰਕਾਰ ਦਾ ਇੱਕ ਹੋਰ ਉਸਾਰੂ ਕਦਮ ਹੈ। ਐਲਬਰੀ ਤੋਂ ਐਮ.ਪੀ. ਜਸਟਿਨ ਕਲੈਂਸੀ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਵੀ ਹੋਰਨਾਂ ਵਾਂਗ ਹੀ ਸ਼ਲਾਘਾਯੋਗ ਹੈ ਅਤੇ ਅਸੀਂ ਸਭ ਸਰਕਾਰ ਦੇ ਆਭਾਰੀ ਹਾਂ ਕਿਉਂਕਿ ਇਸ 32 ਮਿਲੀਅਨ ਡਾਲਰ ਦੇ ਪ੍ਰਾਜੈਕਟ ਨਾਲ ਸਥਾਨਕ ਖੇਤਰ ਵਿੱਚ ਕਾਇਆਕਲਪ ਹੋਵੇਗਾ ਅਤੇ ਘੱਟੋ ਘੱਟ ਵੀ 40 ਕੰਸਟ੍ਰਕਸ਼ਨ ਖੇਤਰ ਵਿੱਚਲੇ ਰੌਜ਼ਗਾਰ ਵੀ ਪ੍ਰਾਪਤ ਹੋਣਗੇ। ਪ੍ਰਾਜੈਕਟ ਦੇ ਇਸੇ ਸਾਲ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।

Install Punjabi Akhbar App

Install
×