ਟ੍ਰੇਨਾਂ ਨਾ ਚੱਲਣ ਕਾਰਨ ਉਦਯੋਗਾਂ ਦੇ ਹੋ ਰਹੇ ਨੁਕਸਾਨ ਲਈ ਕੇਂਦਰ ਸਰਕਾਰ ਜ਼ਿੰਮੇਵਾਰ: ਪਵਨ ਦੀਵਾਨ

ਨਿਊਯਾਰਕ/ਲੁਧਿਆਣਾ—ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਟ੍ਰੇਨਾਂ ਦੇ ਬੰਦ ਹੋਣ ਕਾਰਨ ਸੂਬੇ ਅੰਦਰ ਉਦਯੋਗਾਂ ਨੂੰ ਹੋ ਰਹੇ ਨੁਕਸਾਨ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਆਰਥਿਕ ਪੈਕੇਜ ਤਾਂ ਅਸਲੀਅਤ ਨਹੀਂ ਬਣ ਸਕਿਆ, ਜਿਹੜੀ ਸਰਕਾਰ ਹੁਣ  ਸੂਬੇ ਅੰਦਰ ਉਦਯੋਗਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ।ਜਾਰੀ ਇਕ ਬਿਆਨ ਚ ਦੀਵਾਨ ਨੇ ਕਿਹਾ ਕਿ ਕੇਂਦਰ ਵੱਲੋਂ ਟ੍ਰੇਨਾਂ ਦਾ ਸੰਚਾਲਨ ਨਾ ਕਰਨ ਕਰਕੇ ਜਿਥੇ ਉਦਯੋਗਾਂ ਨੂੰ ਉਤਪਾਦਨ ਲਈ ਕੱਚਾ ਮਾਲ ਨਹੀਂ ਮਿਲ ਰਿਹਾ ਹੈ। ਉੱਥੇ ਹੀ ਬਣਿਆ ਹੋਇਆ ਸਮਾਨ ਵੀ ਆਪਣੇ ਮਿੱਥੇ ਸਥਾਨ ਤੇ ਨਹੀਂ ਪਹੁੰਚ ਪਾ ਰਿਹਾ ਹੈ। ਜਿਸ ਕਾਰਨ ਜਿੱਥੇ ਲੁਧਿਆਣਾ ਦੀ ਵਿਸ਼ਵ ਪ੍ਰਸਿੱਧ ਹੌਜਰੀ ਇੱਡਸਟਰੀ ਪ੍ਰੇਸ਼ਾਨੀ ਚ ਹੈ। ਹੋਰ ਉਦਯੋਗ ਘਾਟੇ ਦਾ ਸਾਹਮਣਾ ਕਰ ਰਹੇ ਹਨ। ਇੱਥੋਂ ਤੱਕ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਵੀ ਮਾਲ ਗੱਡੀਆਂ ਨੂੰ ਜਾਣ ਦੇਣ ਤੇ ਸਹਿਮਤੀ ਦੇ ਰੱਖੀ ਹੈ।ਦੀਵਾਨ ਨੇ ਕਿਹਾ ਕਿ ਕੇਂਦਰ ਨੇ ਉਦਯੋਗਾਂ ਨੂੰ 20 ਹਜ਼ਾਰ ਕਰੋੜ ਰੁਪਏ ਦਾ ਆਰਥਿਕ ਪੈਕੇਜ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਅਸਲੀਅਤ ਤਾਂ ਨਹੀਂ ਬਣ ਸਕਿਆ। ਪਰ ਸਰਕਾਰ ਚੱਲ ਰਹੀ ਇੰਡਸਟਰੀ ਨੂੰ ਵੀ ਬੰਦ ਕਰਨ ਦੇ ਰਾਹ ਤੇ ਚੱਲ ਰਹੀ ਹੈ, ਜਿਹੜੀ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਨਿਕਲ ਵੀ ਨਹੀਂ ਪਾਈ ਸੀ। ਦੀਵਾਨ ਨੇ ਕਿਹਾ ਕਿ ਟ੍ਰੇਨਾਂ ਦੇ ਬੰਦ ਹੋਣ ਕਾਰਨ ਹੌਜ਼ਰੀ ਇੰਡਸਟਰੀ ਦਾ ਸਮਾਨ ਦੇਸ਼ ਦੇ ਦੂਜੇ ਹਿੱਸਿਆਂ ਤੇ ਵਿਦੇਸ਼ਾਂ ਚ ਨਹੀਂ ਜਾ ਪਾ ਰਿਹਾ ਹੈ। ਬਾਵਜੂਦ ਇਸਦੇ ਕਿ ਠੰਢ ਸ਼ੁਰੂ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਲੁਧਿਆਣਾ ਵਿਚ ਬਾਹਰੋਂ ਵਪਾਰੀ ਆਉਂਦੇ ਸਨ, ਜਿਹੜੇ ਟ੍ਰੇਨ ਬੰਦ ਹੋਣ ਕਾਰਨ ਨਹੀਂ ਪਹੁੰਚ ਪਾ ਰਹੇ ਹਨ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਕਈ ਦਿਨਾਂ ਤੋਂ ਮਾਲ ਰੇਲਵੇ ਸਟੇਸ਼ਨ ਤੇ ਪਿਆ ਹੈ। ਜਿਸਨੂੰ ਰੋਡ ਟਰਾਂਸਪੋਰਟ ਰਾਹੀਂ ਭੇਜਿਆ ਜਾਵੇ ਤਾਂ ਲਾਗਤ ਵਧ ਰਹੀ ਹੈ, ਜਿਸ ਨਾਲ ਸਥਾਨਕ ਉਦਯੋਗ ਬਜ਼ਾਰ ਮੁਕਾਬਲੇ ਵਿੱਚ ਪਿਛੜ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਟ੍ਰੇਨਾਂ ਦਾ ਸੰਚਾਲਨ ਨਾ ਕਰਨ ਸਬੰਧੀ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜਿਸਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ।

Install Punjabi Akhbar App

Install
×