ਸਮਾਜਿਕ ਕਾਰਜਾਂ ਦੀ ਹੈ ਤਮੰਨਾ: ਨਿਊਜ਼ੀਲੈਂਡ ‘ਚ ‘ਇੰਡੋਕੀਵੀ ਸਪੋਰਟਸ ਐਂਡ ਕਲਚਰਲ ਕਲੱਬ’ ਦੀ ਹੋਈ ਸਥਾਪਨਾ

ਭਾਰਤੀ ਲੋਕ ਜਿੱਥੇ ਵੀ ਗਏ ਪਹਿਲਾਂ ਆਪਣੀ ਸਥਾਪਤੀ ਵੱਲ ਦਿਨੇ ਰਾਤ ਮਿਹਨਤ ਕਰਕੇ ਕਿਸੇ ਮੁਕਾਮ ‘ਤੇ ਪਹੁੰਚੇ ਅਤੇ ਫਿਰ ਮੌਕਾ ਮਿਲਦੇ ਹੀ ਸਮਾਜਿਕ ਕਾਰਜਾਂ ਦੀ ਚਿਰਾਂ ਤੋਂ ਦਿਲਾਂ ਅੰਦਰ ਸਮਾਈ ਤਮੰਨਾ ਨੂੰ ਵੀ ਉਨ੍ਹਾਂ ਉਸ ਦੇਸ਼ ਦੇ ਕਾਨੂੰਨ ਅਨੁਸਾਰ ਕਲੱਬ ਜਾਂ ਸੰਸਥਾਵਾਂ ਬਣਾ ਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਨਿਊਜ਼ੀਲੈਂਡ ਦੇ ਵਿਚ ਵੀ ਇਸ ਵੇਲੇ ਬਹੁਤ ਸਾਰੇ ਭਾਰਤੀ ਲੋਕਾਂ ਦੇ ਖੇਡਾਂ ਅਤੇ ਸਭਿਆਚਾਰ ਨੂੰ ਉਪਰ ਚੁੱਕਣ ਵਾਲੇ ਕੱਲਬ ਬਣੇ ਹੋਏ ਹਨ। ਅੱਜ ਭਾਰਤੀ ਭਾਈਚਾਰੇ ਦੇ ਵਿਚ ਇਕ ਹੋਰ ਕਲੱਬ ਜਿਸ ਦੇ ਨਾਂਅ ਤੋਂ ਹੀ ਭਾਰਤੀ ਹੋਣ ਅਤੇ ਕੀਵੀ ਹੋਣ ਦਾ ਅਹਿਸਾਸ ਹੁੰਦਾ ਹੈ ਦੀ ਸਥਾਪਨਾ ਕੀਤੀ ਗਈ। ਇਸ ਕਲੱਬ ਦਾ ਨਾਂਅ ‘ਇੰਡੋਕੀਵੀ ਸਪੋਰਟਸ ਐਂਡ ਕਲਚਰਲ ਕਲੱਬ’ (ਰਜਿ.)  ਹੈ। ਇਸ ਦੇ ਪਹਿਲੇ ਪ੍ਰਧਾਨ ਸ. ਸੁਖਮਿੰਦਰ ਸਿੰਘ ਬਰਮਾਲੀਪੁਰ ਸਰਬ ਸੰਮਤੀ ਨਾਲ ਚੁਣੇ ਗਏ ਹਨ।
ਕੱਲਬ ਦਾ ਪੋਸਟਰ ਜਾਰੀ ਕੀਤਾ: ਕਲੱਬ ਦੀ ਲਾਂਚਿਗ ਮੌਕੇ ਹਲਕਾ ਪਾਪਾਕੁਰਾ ਤੋਂ ਸੰਸਦ ਮੈਂਬਰ ਸ੍ਰੀਮਤੀ ਜੂਠਿਤ ਕੌਲਿਨ ਅਤੇ ਹਲਕਾ ਮੈਨੁਕਾਓ ਈਸਟ ਤੋਂ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਕਲੱਬ ਮੈਂਬਰਾਂ ਵੱਲੋਂ ਤਿਆਰ ਕੀਤਾ ਗਿਆ ਵਿਸ਼ੇਸ਼ ਪੋਸਟਰ ਜਾਰੀ ਕੀਤਾ। ਸੰਸਦ ਮੈਂਬਰਾਂ ਵੱਲੋਂ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਸਾਰੇ ਮੈਂਬਰਾਂ ਦੀ ਇਕ ਦੂਜੇ ਨਾਲ ਜਾਣ-ਪਹਿਚਾਣ ਕਰਵਾਈ ਗਈ। ਇਸ ਮੌਕੇ ਰੇਡੀਓ ਸਪਾਈਸ ਤੋਂ ਨਵਤੇਜ ਸਿੰਘ ਰੰਧਾਵਾ, ਗੁਰਸਿਮਰਨ ਸਿੰਘ ਮਿੰਟੂ, ਹਰਪ੍ਰੀਤ ਸਿੰਘ ਹੈਪੀ, ਹਰਪਾਲ ਸਿੰਘ ਪਾਲ ਤੇ ਹੋਰ ਕੁਝ ਮੈਂਬਰ ਹਾਜਿਰ ਸਨ।
ਪਹਿਲੇ ਬਣੇ ਪ੍ਰਧਾਨ ਸ. ਸੁਖਮਿੰਦਰ ਸਿੰਘ 2001 ਦੇ ਵਿਚ ਇਥੇ ਆਏ ਸਨ। 2009 ਤੋਂ 2011 ਤੱਕ ਉਹ ਪੰਜਾਬੀ ਸੱਥ ਦੇ ਪ੍ਰਧਾਨ ਰਹੇ ਹਨ। 2010 ਦੇ ਵਿਚ ਸੁਪਰਸਿਟੀ ਚੋਣਾਂ ਦੇ ਵਿਚ ਉਹ ਬੋਰਡ ਦੇ ਉਮੀਦਵਾਰ ਵਜੋਂ ਚੋਣ ਵੀ ਲੜੇ ਸਨ। ਉਹ ਕਾਫੀ ਸਮੇਂ ਤੋਂ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਕਾਰਜਾਂ ਦੇ ਵਿਚ ਵਿਚਰਦੇ ਆ ਰਹੇ ਹਨ। ਮੀਤ ਪ੍ਰਧਾਨ ਸ੍ਰੀ ਤਰਲੋਚਨ ਸਿੰਘ (ਬਿਜਨਸਮੈਨ), ਸਕੱਤਰ ਸ੍ਰੀਮਤੀ ਦਲਵਿੰਦਰ ਕੌਰ ਸਿੰਘ ਬਣਾਏ ਗਏ ਹਨ ਜੋ ਕਿ ਪਿਛਲੇ 27 ਸਾਲਾਂ ਤੋਂ ਇਥੇ ਰਹਿ ਰਹੇ ਹਨ ਅਤੇ ਕਸਟਮਰ ਸਰਵਿਸ ਦੇ ਵਿਚ ਇਕ ਤਜ਼ਰਬੇਕਾਰ ਟੀਮ ਮੈਂਬਰ ਹਨ। ਸ੍ਰੀ ਭਾਰਤ ਮਹਿਤਾ ਨੂੰ ਲੇਖਾਕਾਰ, ਸ੍ਰੀ ਲਖਵੀਰ ਸਿੰਘ ਤੇ ਮੁਨੀਸ਼ ਚੋਪੜਾ ਨੂੰ ਮੀਡੀਆ ਕੋਆਰਡੀਨੇਟਰ ਬਣਾਇਆ ਗਿਆ ਹੈ।  ਮਿਸ ਮਨਿੰਦਰ ਕੌਰ ਪੰਜੀਤਾ ਨੂੰ ਬੋਰਡ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਕਲੱਬ ਦੇ ਆਉਣ ਵਾਲੇ ਪ੍ਰਾਜੈਕਟ: ਕਲੱਬ ਵੱਲੋਂ ਸ਼ੁਰੂ ਦੇ ਵਿਚ ਆਪਣੇ ਕੱਲਬ ਮੈਂਬਰਾਂ ਦਾ ਵਿਸਥਾਰ ਕਰਕੇ ਹੋਰ ਸ਼ੋਸ਼ਲ ਵਰਕਰਾਂ ਨੂੰ ਨਾਲ ਜੋੜਿਆ ਜਾਵੇਗਾ। ਸਬ ਕਮੇਟੀ ਬਣਾ ਕੇ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਸੌਕਰ ਅਤੇ ਰੈਸਲਿੰਗ ਦੇ ਵਿਚ ਭਾਰਤੀ, ਫੀਜ਼ੀ ਜਾਂ ਕਿਸੇ ਵੀ ਕਮਿਊਨਿਟੀ ਨਾਲ ਸਬੰਧ ਰੱਖਣ ਵਾਲੇ ਜੂਨੀਅਰ ਅਤੇ ਸੀਨੀਅਰਜ਼ ਖਿਡਾਰੀਆਂ ਦੀ ਸਹਾਇਤਾ ਕਰਕੇ ਦੇਸ਼ ਦਾ ਨਾਮ ਖੇਡਾਂ ਵਿਚ ਹੋਰ ਰੌਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਸਭਿਆਚਾਰ ਨੂੰ ਨਵੀਂ ਜਨਰੇਸ਼ਨ ਤੱਕ ਪਹੁੰਚਾਉਣ ਦੇ ਲਈ ਗਿੱਧਾ, ਭੰਗੜਾ ਖਾਸ ਕਰਕੇ ਸੂਫੀ ਗਾਇਕੀ ਦੇ ਰਾਹੀਂ ਸਾਰਥਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੱਲਬ ਸਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 021 716 412 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×