ਭਾਰਤ ਤੇ ਵੀਅਤਨਾਮ ਵਿਚਕਾਰ 7 ਸਮਝੌਤਿਆਂ ‘ਤੇ ਦਸਤਖ਼ਤ

india-vietnamਹਨੋਈ  ਵਿਖੇ ਭਾਰਤ ਤੇ ਵੀਅਤਨਾਮ ਨੇ ਅੱਜ ਅਹਿਮ ਤੇਲ ਖੇਤਰ ‘ਚ ਸਹਿਯੋਗ ਵਧਾਉਣ ਸਮੇਤ 7 ਸਮਝੌਤਿਆਂ ਉੱਪਰ ਦਸਤਖ਼ਤ ਕੀਤੇ ਹਨ। ਇਸ ਦੇ ਨਾਲ ਹੀ ਦੋਨਾਂ ਦੇਸ਼ਾਂ ਨੇ ਸੱਦਾ ਦਿੱਤਾ ਹੈ ਕਿ ਦੱਖਣ ਚੀਨੀ ਸਮੁੰਦਰ ‘ਚ ਜਹਾਜ਼ਾਂ ਦੀ ਆਵਾਜਾਈ ਉੱਪਰ ਕੋਈ ਬੰਦਸ਼ ਨਹੀਂ ਹੋਣੀ ਚਾਹੀਦੀ। ਇਹ ਇੱਕ ਅਜਿਹੀ ਟਿੱਪਣੀ ਹੈ ਜਿਸ ਨਾਲ ਚੀਨ ਭੜਕ ਸਕਦਾ ਹੈ ਕਿਉਂਕਿ ਉਹ ਦੱਖਣ ਚੀਨੀ ਸਮੁੰਦਰ ਨੂੰ ਆਪਣਾ ਹਿੱਸਾ ਸਮਝਦਾ ਹੈ। ਇਹ ਸਮਝੌਤੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ 4 ਦਿਨਾਂ ਵੀਅਤਨਾਮ ਦੌਰ ਦੇ ਦੂਸਰੇ ਦਿਨ ਸਹੀਬੰਦ ਹੋਏ ਜਿਨ੍ਹਾਂ ਨੇ ਆਪਣੇ ਵੀਅਤਨਾਮੀ ਹਮਰੁਤਬਾ ਤਰੂਓਂਗ ਤਾਨ ਸਾਂਗ ਨਾਲ ਇੱਥੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਨਾਂ ਦੇਸ਼ਾਂ ਨੇ ਰਣਨੀਤਿਕ ਭਾਈਵਾਲੀ ਦੇ ਆਧਾਰ ‘ਤੇ ਦੁਪਾਸੜ ਸਬੰਧ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵੇਂ ਦੇਸ਼ ਰਾਜਸੀ, ਰੱਖਿਆ , ਆਰਥਕ, ਸਾਇੰਸ ਤੇ ਤਕਨੀਕੀ ਖੇਤਰ ‘ਚ ਸਹਿਯੋਗ ਕਰਨ, ਸਭਿਆਚਾਰ ਤੇ ਲੋਕਾਂ ਵਿਚਾਲੇ ਮੇਲਜੋਲ ਵਧਾਉਣ ਅਤੇ ਬਹੁਧਿਰੀ ਤੇ ਖੇਤਰੀ ਸਹਿਯੋਗ ਕਰਨ ਵਾਸਤੇ ਸਹਿਮਤ ਹੋਏ ਹਨ। ਚੀਨ ਨੂੰ ਸਪਸ਼ਟ ਸੁਨੇਹਾ ਦਿੰਦਿਆਂ ਦੋਨਾਂ ਦੇਸ਼ਾਂ, ਜਿਨ੍ਹਾਂ ਨੇ 2007 ਵਿਚ ਰਣਨੀਤਿਕ ਭਾਈਵਾਲੀ ਕਾਇਮ ਕਰ ਲਈ ਸੀ, ਨੇ ਜ਼ੋਰ ਦਿੱਤਾ ਹੈ ਕਿ ਝਗੜੇ ਵਾਲੇ ਦੱਖਣ ਚੀਨੀ ਸਮੁੰਦਰ ਵਿਚ ਜਹਾਜ਼ਾਂ ਦੇ ਘੁੰਮਣ ਫਿਰਨ ਦੀ ਆਜ਼ਾਦੀ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਦੋਨਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸਮੁੰਦਰੀ ਲੁਟੇਰਿਆਂ ਨਾਲ ਨਿਪਟਣ ਤੇ ਖੋਜ ਅਤੇ ਬਚਾਅ ਕਾਰਵਾਈਆਂ ਵਿਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਦੋਵੇਂ ਆਗੂਆਂ ਨੇ ਸਾਂਝੀਆਂ ਇਕਾਈਆਂ ਕਾਇਮ ਕਰਨ ਸਮੇਤ ਆਰਥਕ ਭਾਈਵਾਲ ਵਧਾਉਣ ਤੇ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਨਿਵੇਸ਼ ਤੇ ਵਪਾਰ ਵਧਾਉਣ ਬਾਰੇ ਸਹਿਮਤੀ ਪ੍ਰਗਟਾਈ ਹੈ।

Install Punjabi Akhbar App

Install
×