ਦਾਊਦ ਖਿਲਾਫ਼ ਭਾਰਤ-ਅਮਰੀਕਾ ਮਿਲ ਕੇ ਚਲਾਉਣਗੇ ਮੁਹਿੰਮ

dawood

ਮੁੰਬਈ ਲੜੀਵਾਰ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਾਰੀ ਅਤੇ ਹੋਰ ਅੱਤਵਾਦੀ ਸਰਗਰਮੀਆਂ ਚਲਾਉਣ ਦੇ ਮੁੱਖ ਸਾਜ਼ਿਸ਼ਕਾਰੀ ਦਾਊਦ ਇਬਰਾਹੀਮ ਦੀ ਡੀ-ਕੰਪਨੀ ਖਿਲਾਫ਼ ਮੁਹਿੰਮ ਵਿਚ ਅਮਰੀਕਾ ਨੂੰ ਵੀ ਸ਼ਾਮਿਲ ਕਰਨ ਵਿਚ ਭਾਰਤ ਨੂੰ ਵੱਡੀ ਸਫ਼ਲਤਾ ਮਿਲੀ ਹੈ। ਅਮਰੀਕਾ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਸਿਖ਼ਰ ਵਾਰਤਾ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਦੋਵਾਂ ਮੁਲਕਾਂ ਨੇ ਇਸ ਗੱਲ ਦਾ ਤਹੱਈਆ ਕੀਤਾ ਕਿ ਅੱਤਵਾਦੀ ਜਥੇਬੰਦੀਆਂ ਅਲ ਕਾਇਦਾ, ਲਸ਼ਕਰ-ਏ-ਤਾਇਬਾ, ਜੈਸ-ਏ-ਮੁਹੰਮਦ, ਡੀ. ਕੰਪਨੀ ਅਤੇ ਹਕਾਨੀ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਨੱਥ ਪਾਉਣ ਲਈ ਸਾਂਝੇ ਯਤਨ ਕੀਤੇ ਜਾਣਗੇ। ਦੋਵਾਂ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਾਂ ਅੱਤਵਾਦੀ ਤੱਤਾਂ ਨੂੰ ਮੁਹੱਈਆ ਰਹੀ ਵਿੱਤੀ ਮਦਦ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਹਿਮਾਇਤ ਨੂੰ ਰੋਕਣ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਦੋਵਾਂ ਮੁਲਕਾਂ ਵੱਲੋਂ ਜਾਰੀ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਰੀਕੀ ਵਿੱਤ ਮੰਤਰਾਲੇ ਨੇ ਪਾਕਿਸਤਾਨ ਆਧਾਰਿਤ ਅੱਤਵਾਦੀ ਜਥੇਬੰਦੀ ਹਰਕਤ-ਉਲ-ਮੁਜਾਹਦੀਨ ਤੇ ਲਸ਼ਕਰ-ਏ-ਤਾਇਬਾ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਵਾਲੀਆਂ ਦੋ ਸੰਸਥਾਵਾਂ ‘ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ। ਭਾਰਤੀ ਅਧਿਕਾਰੀਆਂ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਦਾਊਦ ਕਰਾਚੀ ਅਤੇ ਦੁੱਬਈ ਵਿਚਲੇ ਆਪਣੇ ਸੰਪਰਕ ਸੂਤਰਾਂ ਨਾਲ ਆਪਣੀਆਂ ਸਰਗਰਮੀਆਂ ਨੂੰ ਅੰਜ਼ਾਮ ਦੇ ਰਿਹਾ ਹੈ ਜਦਕਿ ਪਾਕਿਸਤਾਨ ਹਮੇਸ਼ਾਂ ਇਹ ਗੱਲ ਮੰਨਣ ਤੋਂ ਇਨਕਾਰ ਕਰਦਾ ਹੈ। ਭਾਰਤ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਦੇ ਸਹਿਯੋਗ ਨਾਲ ਦਾਊਦ ਇਬਰਾਹੀਮ ਖਿਲਾਫ਼ ਵੱਡੀ ਕਾਰਵਾਈ ਚਲਾਈ ਜਾਵੇਗੀ ਤਾਂ ਜੋ ਉਸ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਠੱਲ੍ਹ ਪਾਈ ਜਾ ਸਕੇ।