“…..ਕੋਈ ਫਰਕ ਨਹੀਂ ਪੈਂਦਾ, ਪਾਸਪੋਰਟ ਲੈ ਲਿਆ ਕਿਹੜਾ ਏ” ਹਿੰਦ-ਪਾਕਿ ਸਾਂਝੀ ਮਹਿਫਲ ’ਚ, ਬੋਲ ਉਠੀਆਂ ਕਵਿਤਾਵਾਂ

ਮੁੱਕ ਜਾਵਣ ਇਹ ਸਰਹੱਦਾਂ, ਦਿਨੇ-ਰਾਤੀਂ ਆਵਾਂ-ਜਾਵਾਂ

ਔਕਲੈਂਡ :-ਨਿਊਜ਼ੀਲੈਂਡ ਪੰਜਾਬੀ ਮਲਟੀ ਮੀਡੀਆ ਟ੍ਰਸਟ ਵੱਲੋ ਰੇਡੀਓ ਸਪਾਈਸ ਦੇ ਮੁੱਖ ਸਟੂਡੀਓ ਪਾਪਾਟੋਏਟੋਏ ਬੀਤੀ ਸ਼ਾਮ ਤੀਜੀ ਹਿੰਦ-ਪਾਕਿ ਸਾਂਝੀ ਮਹਿਫਲ ਸਜਾਈ ਗਈ। ਭਾਰਤ ਅਤੇ ਪਾਕਿਸਤਾਨ ਦੇ ਆਜ਼ਾਦੀ ਦਿਵਸਾਂ ਨੂੰ ਸਮਰਪਿਤ ਦੋਹਾਂ ਦੇਸ਼ਾਂ ਦੇ ਲੋਕ ਇਕੋ ਮੰਚ ਉਤੇ ਇਕੱਤਕ ਹੋਏ। ਖੇਤਾਂ ਦੀ ਖੁਸ਼ਬੋ ਨੂੰ ਮਾਣਦਿਆਂ ਸ਼ਹਿਰੀ ਭੋਜਨ ਦੀ ਥਾਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਵੀ ਇਸ ਮਹਿਫਲ ਨੂੰ ਹੋਰ ਸਵਾਦਲੀ ਬਣਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਾਇਰਾਨਾ ਅੰਦਾਜ਼  ਲਈ ਮਸ਼ਹੂਰ ਰੇਡੀਓ ਪੇਸ਼ਕਾਰ ਅਤੇ ਰੇਡੀਓ ਸਪਾਈਸ ਦੇ ਮੈਨੇਜਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਖ ਕੇ ਕੀਤੀ। ਸ਼ਮਾ ਰੌਸ਼ਨ ਸ. ਰੁਲੀਆ ਸਿੰਘ ਸਿੱਧੂ ਅਤੇ ਪਾਕਿਸਤਾਨੀ ਮਹਿਮਾਨਾਂ ਨੇ ਕੀਤੀ। ਆਨਰੇਰੀ ਕੌਂਸਲ ਸ੍ਰੀ ਭਵ ਢਿੱਲੋਂ ਹੋਰਾਂ ਦਾ ਵੀਡੀਓ ਸੰਦੇਸ਼ ਸੁਣਾਇਆ ਗਿਆ।
ਮਹਿਫਲ ਦੀ ਸ਼ੁਰੂਆਤ ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਨੇ ਆਪਣੀ ਇਕ ਕਵਿਤਾ ‘ ਹਿੰਦੁਸਤਾਨ ਵੀ ਮੇਰਾ ਏ ਔਰ ਪਾਕਿਸਤਾਨ ਵੀ ਮੇਰਾ ਏ, ਕੋਈ ਫਰਕ ਨਹੀਂ ਪੈਂਦਾ ਪਾਸਪੋਰਟ ਲੈ ਲਿਆ ਕਿਹੜਾ ਏ’ ਨਾਲ ਕੀਤੀ। ਮਹਿਫਲ ਦੇ ਵਿਚ ਸਟੇਜ ਨੇ ਮਿੰਟਾ ਦੇ ਵਿਚ ਹੀ ਭਰਵੇਂ ਮੇਲੇ ਦੀ ਵਰਗਾ ਮਾਹੌਲ ਸਿਰਜ ਦਿੱਤਾ। 2-4 ਮਿੰਟਾਂ ਦੀ ਪੇਸ਼ਕਾਰੀ ਕਰਦਿਆਂ-ਕਰਦਿਆਂ ਦਰਜਨਾਂ ਸ਼ਾਇਰਾਂ ਅਤੇ ਕਵੀਆਂ ਨੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦੀ ਗੱਲ ਕਰਨ ਵਾਸਤੇ ਕਤਾਰ ਬੰਨ੍ਹ ਲਈ। ਦੀਪ ਪ੍ਰੀਤ ਸੈਣੀ, ਜ਼ੁਬੇਰ ਸਲੀਮ ਬਿੱਲਾ ਜੀ, ਮੁਖਤਿਆਰ ਸਿੰਘ, ਬੁਸ਼ਾਰਤ ਅਲੀ ਜਾਨ, ਸ. ਰੁਲੀਆ ਸਿੰਘ ਸਿੱਧੂ, ਇੰਦੂ ਬਾਜਵਾ, ਨਿੰਮੀ ਬੇਦੀ, ਹਰਜੀਤ ਕੌਰ, ਚਰਨਜੀਤ ਸਿੰਘ ਦੁੱਲਾ, ਰਣਜੀਤ ਸੰਧੂ, ਸੱਤਾ ਵੈਰੋਵਾਲੀਆ, ਅਵਤਾਰ ਤਰਕਸ਼ੀਲ, ਨਰਿੰਦਰਬੀਰ ਸਿੰਘ ਅਤੇ ਹਰ ਕਈ ਲਿਖਾਰੀਆਂ ਨੇ ਖੂਬ ਮਹਿਫਲ ਦੇ ਵਿਚ ਰੰਗ ਬੰਨਿ੍ਹਆ। ਪ੍ਰੋਫੈਸਰ ਮਨਜੀਤ ਸਿੰਘ-ਬੀਬੀ ਦਲਜੀਤ ਕੌਰ ਦਾ ਸੰਗੀਤਕ ਗਰੁੱਪ ਤਾਂ ਸੋਨੇ ’ਤੇ ਦੋਹਰੇ ਸੁਹਾਗੇ ਵਾਂਗ ਸਾਰੇ ਵਲ ਕੱਢ ਗਿਆ। ਸਥਾਨਕ ਗਾਇਕ ਜਯੋਤੀ ਵਿਰਕ ਕੁਲਾਰ, ਦਲਜੀਤ ਕੌਰ, ਗੁੰਚਾ ਸਿੰਘ, ਨਾਸਿਰ ਮਿਰਜ਼ਾ ਅਤੇ ਸੁੱਖ ਢੀਂਡਸਾ ਹੋਰਾਂ ਕੁਝ ਪੁਰਾਣ ਅਤੇ ਕੁਝ ਨਵੇਂ ਗੀਤਾਂ ਦੇ ਨਾਲ ਇੰਝ ਮਾਹੌਲ ਸਿਰਜਿਆ ਜਿਵੇਂ ਦਹਾਕਿਆਂ ਪਹਿਲਾਂ ਵਾਲਾ ਰੇਡੀਓ ਚੱਲ ਰਿਹਾ ਹੋਵੇ। ਨਾਸਿਰ ਮਿਰਜ਼ਾ ਨੇ ਕਮਾਲ ਦੀ ਪੇਸ਼ਕਾਰੀ ਕੀਤੀ, ਕਦੇ ਬੈਠ ਕਦੇ ਉਠ ਕਦੇ ਪੂਰੇ ਜੋਸ਼ ਦੇ ਵਿਚ ਉਨ੍ਹਾਂ ਐਨਾ ਰੰਗ ਬੰਨਿ੍ਹਆ ਕਿ ਸਾਰੇ ਤਾੜੀਆਂ ਮਾਰ ਕੇ ਸਾਥ ਦੇਣ ਲੱਗੇ।
ਰੇਡੀਓ ਸਪਾਈਸ ਦੀ ਟੀਮ ਵੱਲੋਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ, ਟੀਮ ਢੱਟ (ਰੀਅਲ ਇਸਟੇਟ ਗਰੁੱਪ), ਅਵਤਾਰ ਇੰਟਰਪ੍ਰਾਈਜ਼, ਈਸਟਰਨ ਕੋਰੀਅਨ (ਸ. ਕੁਲਦੀਪ ਸਿੰਘ ਰਾਜਾ-ਸ. ਤਰਸੇਮ ਸਿੰਘ ਮਿੰਟਾ), ਇੰਡੋ ਸਪਾਈਸ ਵਰਲਡ, ਅਕਾਲ ਫਾਊਂਡੇਸ਼ਨ, ਨਿਊਜ਼ੀਲੈਂਡ ਸਿੱਖ ਵੋਮੈਨ ਐਸੋਸੀਏਸ਼ਨ, ਡੇਲੀ ਖਬਰ, ਪੰਜਾਬੀ ਹੈਰਲਡ, ਜੱਗ ਬਾਣੀ, ਇੰਡੀਅਨ ਵੀਕਐਂਡਰ ਸਮੇਤ ਆਪਣੇ ਸਾਰੇ ਸਪਾਂਸਰਜ਼ ਨੂੰ ਸ. ਦਲਬੀਰ ਸਿੰਘ ਪੰਨੂ ਦੀ ਪਾਕਿਸਤਾਨ ਉਤੇ ਬਾਕਮਾਲ ਲਿਖੀ ਕਿਤਾਬ ‘ਸਿੱਖ ਹੈਰੀਟੇਜ’ ਭੇਟ ਕਰਕੇ ਦੋਹਾਂ ਦੇਸ਼ਾਂ ਦੀਆਂ ਸਾਂਝਾ ਨੂੰ ਯਾਦਗਾਰ ਬਣਾਇਆ ਗਿਆ। ਐਨ. ਜ਼ੈਡ. ਇੰਡੀਅਨ ਫਲੇਮ ਵੱਲੋਂ ਮੱਕੀ ਦੀ ਰੋਟੀ, ਸਰੋਂ ਦਾ ਸਾਗ ਅਤੇ ਮੂੰਗ ਦਾ ਹਲਵਾ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਸਰੋਤਿਆਂ ਦੀ ਗਿਣਤੀ ਆਸ ਨਾਲੋਂ ਕਿਤੇ ਵਧ ਜਾਣ ਕਰਕੇ ਪ੍ਰਬੰਧਕਾਂ ਨੂੰ ਅਗਲੇ ਸਾਲ ਲਗਦਾ ਕਿਤੇ ਹੋਰ ਵੀ ਅਜਿਹਾ ਸਮਾਗਮ ਕਰਨਾ ਪਏਗਾ। ਸ. ਤਾਰਾ ਸਿੰਘ ਬੈਂਸ ਨੇ ਅਗਲੇ ਸਾਲ ਲਈ ਬਿਨਾਂਸ਼ਰਤ ਸਹਿਯੋਗ ਦਾ ਵਾਅਦਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਸਾਂਝ ਪੈਦਾ ਕਰਦੇ ਹਨ, ਇਹ ਹੋਣੇ ਚਾਹੀਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks