ਵਾਹ!  ਸੀਨੀਅਰ ਸਿਟੀਜ਼ਨ ਸ਼ਕਤੀ-ਲੋਕਲ ਉਮੀਦਵਾਰਾਂ ਦੇ ਅੱਗੇ ਰੱਖ ‘ਤੀ

ਇੰਡੋ-ਨਿਊਜ਼ੀਲੈਂਡ ਸੀਨੀਅਰਜ਼ ਐਸੋਸੀਏਸ਼ਨ ਨੇ ਲੋਕਲ ਬੋਰਡ ਚੋਣਾਂ ਲਈ ਭਾਰਤੀ ਉਮੀਦਵਾਰਾਂ ਦੇ ਹੱਕ ‘ਚ ਕੀਤਾ ਸਮਾਗਮ

ਤੁਮਹਾਰਾ ਲਹਿਜ਼ਾ ਬਤਾ ਰਹਾ ਹੈ…ਅਭੀ ਤੌ ਸ਼ੌਹਰਤ ਨਈਂ-ਨਈਂ ਹੈ…(ਗਜ਼ਲ ਬੋਲ ਸੱਚਦੇਵਾ)

(ਸੀਨੀਅਰਜ਼ ਸਿਟੀਜ਼ਨ ਭਾਰਤੀ ਉਮੀਦਵਾਰਾਂ ਦੀ ਹੱਕ ਵਿਚ ਸਮਾਗਮ ਦੌਰਾਨ)
(ਸੀਨੀਅਰਜ਼ ਸਿਟੀਜ਼ਨ ਭਾਰਤੀ ਉਮੀਦਵਾਰਾਂ ਦੀ ਹੱਕ ਵਿਚ ਸਮਾਗਮ ਦੌਰਾਨ)

ਔਕਲੈਂਡ 14 ਸਤੰਬਰ -ਕਹਿੰਦੇ ਨੇ ਜਿਸ ਘਰ ਦੇ ਵਿਚ ਵੱਡੇ-ਵਡੇਰੇ ਆਪਣੇ ਪਰਿਵਾਰਕ ਮੈਂਬਰਾਂ ਲਈ ਸ਼ਕਤੀਸ਼ਾਲੀ ਅਧਾਰ ਬਣ ਜਾਣ ਤਾਂ ਤਰੱਕੀ ਦੇ ਉਸਰ ਰਹੇ ਕਿਲੇ ਕਦੀ ਢਹਿੰਦੇ ਨਹੀਂ। ਇੰਡੋ-ਨਿਊਜ਼ੀਲੈਂਡ ਸੀਨੀਅਰਜ਼ ਐਸੋਸੀਏਸ਼ਨ ਨੇ ਅੱਜ ਉਸ ਸਮੇਂ ਵਾਹ-ਵਾਹ ਖੱਟੀ ਜਦੋਂ ਇਸਦੇ 100 ਦੇ ਕਰੀਬ ਮੈਂਬਰਾਂ ਨੇ ਸੀਨੀਅਰ ਸਿਟੀਜ਼ਨ ਸ਼ਕਤੀ ਦੇ ਰੂਪ ਵਿਚ ਲੋਕਲ ਬੋਰਡ ਦੀਆਂ ਚੋਣਾਂ ਵਿਚ ਖੜੇ ਭਾਰਤੀ ਉਮੀਦਵਾਰਾਂ ਦੇ ਹੱਕ ਵਿਚ ਇਕ ਸਾਂਝਾ ਸਮਾਗਮ ਕੀਤਾ। ਇੰਡੀਅਨ ਐਸੋਸੀਏਸ਼ਨ ਹਾਲ ਪਾਪਾਟੋਏਟੋਏ ਵਿਖੇ ਇਹ ਸਮਾਗਮ ਸ. ਖੜਗ ਸਿੰਘ (ਬੌਟਨੀ ਸਬ ਡਿਵੀਜ਼ਨ), ਸ. ਭੁਪਿੰਦਰ ਸਿੰਘ ਪਾਬਲਾ ਤੇ ਜੈਸੀ ਪਾਬਲਾ (ਪਾਪਾਕੁਰਾ ਲੋਕਲ ਬੋਰਡ), ਨਿਵਦਿਤਾ ਸ਼ਰਮਾ ਵਿਜ (ਬੌਟਨੀ ਸਬ ਡਿਵੀਜ਼ਨ) ਅਤੇ ਅਨੀਤਾ ਕੀਸਤਰਾ (ਮੈਨੁਕਾਓ ਕਾਊਂਟੀਜ਼ ਹੈਲਥ ਬੋਰਡ) ਦੀ ਸੁਪੋਰਟ ਵਾਸਤੇ ਕੀਤਾ ਗਿਆ। ਵੇਖਣ ਨੂੰ ਸਾਰੇ ਸੀਨੀਆਰ ਸਿਟੀਜ਼ ਲਗਦੇ ਸਨ ਪਰ ਜੋਸ਼ ਐਨਾ ਕਿ ਨਜ਼ਮਾ ਅਤੇ ਗੀਤ ਗਾ ਕੇ ਜ਼ਿੰਦਗੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰ ਰਹੇ ਸਨ।  ਪ੍ਰੋਗਰਾਮ ਦੀ ਸ਼ੁਰਆਤ ਗਰਮਾ-ਗਰਮ ਸਮੋਸਿਆਂ, ਬੇਸਨ, ਬਦਾਨਾ ਅਤੇ ਚਾਹ ਉਪਰੰਤ ਹੋਈ। ਗੁਰ ਮੰਤਰ ਦਾ ਜਾਪ ਕੀਤਾ ਗਿਆ। ਸਟੇਜ ਸੰਚਾਲਨ ਸ. ਤੇਜਿੰਦਰ ਸਿੰਘ ਬਡਵਾਲ ਨੇ ਕੀਤਾ ਜਦ ਕਿ ਸਮਾਗਮ ਦੀ ਪ੍ਰਧਾਨਗੀ ਸ. ਰਜਿੰਦਰਪਾਲ ਸਿਘ ਬਾਜਵਾ ਅਤੇ ਸ. ਬਲਕਾਰ ਸਿੰਘ  ਹੋਰਾਂ ਨੇ ਕੀਤੀ। ਸੀਨੀਅਰ ਕਿਵੇਂ ਸੀਨੀਅਰ ਦਾ ਖਿਆਲਾ ਰੱਖਦੇ ਹਨ? ਦਾ ਸਬੂਤ ਉਨ੍ਹਾਂ ਸ. ਜਗਜੀਤ ਸਿੰਘ ਕਥੂਰੀਆਂ ਨੂੰ ਆਸਟਰੇਲੀਆ ਵਿਖੇ ਦੋ ਚਾਂਦੀ ਦੇ ਤਮਗੇ ਜਿੱਤਣ ਦੀ ਵਧਾਈ ਦੇਣ ਦੇ ਨਾਲ ਕੀਤਾ। ਸਾਰਿਆਂ ਨੇ ਖੜ ਕੇ ਤਾੜੀਆਂ ਮਾਰੀਆਂ। ਡਾ. ਮਹਿੰਦਰਾ ਹੋਰਾਂ ਇਕ ਨਜ਼ਮ ‘ਮੁੱਕ ਗਈ ਚਿੰਤਾ ਤੈਨੂੰ….’ ਗਾ ਕੇ ਪ੍ਰੋਗਰਾਮ ਨੂੰ ਲੀਹੇ ਪਾਇਆ। ਲੋਕਲ ਬੋਰਡ ਉਮੀਦਵਾਰ ਸ. ਖੜਗ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਦੇ ਵਿਚ ਪਹਿਲਾਂ ਆਪਣਾ ਸੰਖੇਪ ਜੀਵਨ ਦੱਸਿਆ ਅਤੇ ਫਿਰ ਲੋਕਲ ਬੋਰਡ ਦੇ ਵਿਚ ਭਾਰਤੀ ਉਮੀਦਵਾਰਾਂ ਦੀ ਮਹੱਤਤਾ ਦਾ ਵਰਨਣ ਕਰਦਿਆਂ ਸਾਰੇ ਭਾਰਤੀ ਉਮੀਦਵਾਰਾਂ ਨੂੰ ਸੁਪੋਰਟ ਕਰਨ ਦੀ ਅਪੀਲ ਕੀਤੀ।  ਸ. ਭੁਪਿੰਦਰ ਸਿੰਘ ਪਾਬਲਾ ਨੇ ਆਪਸੀ ਫੁੱਟ ਤੋਂ ਉਪਰ ਉਠ ਕੇ ਸਭ ਦੀ ਮਦਦ ਕਰਨ ਦੀ ਅਪੀਲ ਕੀਤੀ। ਨਿਵਦਿਤਾ ਸ਼ਰਮਾ ਜੋ ਕਿ ਸਿਹਤ ਲਾਈਨ ਦੇ ਨਾਲ ਸਬੰਧਿਤ ਹਨ ਨੇ ਵੀ ਕਮਿਊਨਿਟੀ ਕਾਰਜਾਂ ਦੇ ਵਿਚ ਭਾਰਤੀਆਂ ਦੀ ਸ਼ਮੂਲੀਅਤ ਨੂੰ ਵਧਾਉਣ ਉਤੇ ਜ਼ੋਰ ਦਿੱਤਾ। ਅਨੀਤਾ ਕੀਸਤਰਾ ਨੇ ਜੋ ਕਿ ਭਾਰਤੀ ਮੂਲ ਦੇ ਸਬੰਧ ਰੱਖਦੀ ਹੈ ਅਤੇ ਫੀਜ਼ੀ ਤੋਂ ਇਥੇ ਆਏ ਹੋਏ ਹਨ ਨੇ ਵੀ ਆਪਣੀਆਂ ਮੂਲ ਜੜ੍ਹਾਂ ਦੀ ਅਹਿਮੀਅਤ ਨੂੰ ਵਰਨਣ ਕੀਤਾ। ਜੈਸੀ ਪਾਬਲਾ ਨੇ ਸੀਨੀਅਰਜ਼ ਤੋਂ ਮਿਲ ਰਹੇ ਸਹਿਯੋਗ ਉਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਹਰੇਕ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਘਰ ਪਹੁੰਚ ਸਕਦੇ ਹਨ ਤੇ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ। ਸ. ਅਮਰਜੀਤ ਸਿੰਘ ਰਿਟਾਇਰਡ ਡੀ. ਐਸ. ਪੀ. ਨੇ ਇਕ ਫਿਲਮੀ ਗੀਤ ‘ਮੇਰੇ ਅਰਮਾਨੋ ਕਿ ਪੰਖ ਲਗਾ ਕੇ’ ਗਾ ਕੇ ਸੀਨੀਅਰਜ਼ ਦੇ ਮੁੱਖੜਿਆਂ ‘ਤੇ ਜਵਾਨੀ ਵਾਲੀ ਚਮਕ ਲਿਆਂਦੀ। ਇਸ ਤੋਂ ਬਾਅਦ ਸ. ਸੁਰਜੀਤ ਸਿੰਘ ਸੱਚਦੇਵਾ ਜਿਨ੍ਹਾਂ ਦੀ ਖਾਸੀਅਤ ਹੈ ਕਿ ਉਹ ਹਮੇਸ਼ਾਂ ਸੁੰਦਰ ਪੱਗ ਅਤੇ ਬੜੇ ਸਲੀਕੇ ਨਾਲ ਦਾੜੀ ਬੰਨ੍ਹ ਕੇ ਹਮੇਸ਼ਾਂ ਕਮਿਊਨਿਟੀ ਕਾਰਜਾਂ ਦੇ ਵਿਚ ਵਿਚਰਦੇ ਹਨ, ਨੇ ‘ਅਭੀ ਤੌ ਸ਼ੌਹਰਤ ਨਈਂ-ਨਈਂ ਹੈ’ ਗਜ਼ਲ ਗਾ ਕੇ ਮਾਹੌਲ ਨੂੰ ਮੁਸ਼ਾਇਰੇ ਵਿਚ ਬਦਲ ਦਿੱਤਾ ਹੈ। ਅੰਤ ਦੇ ਵਿਚ ਕੁਝ ਪ੍ਰਸ਼ਨ ਉਤਰ ਵੀ ਹੋਏ। ਇਸ ਸਾਰੇ ਸਮਾਗਮ ਦਾ ਮਨੋਰਥ ਭਾਰਤੀ ਉਮੀਦਵਾਰਾਂ ਦੀ ਮਾਨਸਿਕ ਪੱਧਰ ‘ਤੇ ਹਮਾਇਤ ਕਰਨਾ ਅਤੇ ਹੌਂਸਲਾ ਦੇਣਾ ਸੀ ਜੋ ਕਿ ਸੀਨੀਅਰਜ਼ ਸਿਟੀਜ਼ਨ ਨੇ ਆਪਣਾ ਫਰਜ ਸਮਝਦਿਆਂ ਪੂਰਾ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਮਹਿਲਾਵਾਂ ਦੀ ਗਿਣਤੀ ਵੀ ਵੱਡੀ ਗਿਣਤੀ ਦੇ ਵਿਚ ਸੀ ਜਿਸ ਦਾ ਭਾਵ ਸੀ ਕਿ ਪੂਰਾ ਪਰਿਵਾਰ ਭਾਰਤੀ ਉਮੀਦਵਾਰਾਂ ਦੀ ਸਹਾਇਤਾ ਵਾਸਤੇ ਤਿਆਰ ਬਰ ਤਿਆਰ ਹੈ। ਸੀਨੀਅਰ ਸਿਟੀਜ਼ਨ ਨੇ ਅੱਜ ਆਪਣੀ ਸ਼ਕਤੀ ਲੋਕਲ ਉਮੀਦਵਾਰਾਂ ਦੇ ਮੂਹਰੇ ਰੱਖਤੀ ਜੋ ਕਿ ਵੱਡੇ ਹੌਂਸਲੇ ਦਾ ਕਾਰਜ ਕਰੇਗੀ।
ਸੁਪੋਰਟ ਸਮਾਗਮ: ਸ. ਪਰਮਿੰਦਰ ਸਿੰਘ ਫਲੈਟ ਬੁੱਸ਼ ਵਾਲਿਆਂ ਦੇ ਘਰ ਵੀ ਇਕ ਵਿਸ਼ੇਸ਼ ਸਮਾਗਮ ਸ. ਖੜਗ ਸਿੰਘ ਦੀ ਹਮਾਇਤ ਵਿਚ ਉਨ੍ਹਾਂ ਦੇ ਘਰ ਰੱਖਿਆ ਗਿਆ ਜਿਸ ਦੇ ਵਿਚ ਇਲਾਕਾ ਨਿਵਾਸੀ ਅਤੇ ਹੋਰ ਸੱਦੇ ਹੋਏ ਮਹਿਮਾਨ ਪਹੁੰਚੇ। ਸਾਰਿਆਂ ਨੇ ਸ. ਖੜਗ ਸਿੰਘ ਦੇ ਨਾਲ ਸਵਾਲ-ਜਵਾਬ ਕੀਤੇ ਅਤੇ ਲੋਕਲ ਬੋਰਡ ਚੋਣਾਂ  ਦੇ ਵਿਚ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ।

Install Punjabi Akhbar App

Install
×