ਪੰਜਾਬੀ ਆਸਟ੍ਰੇਲੀਆ ‘ਚ ਤੇਜ਼ੀ ਨਾਲ ਉਭਰ ਰਹੀ ਭਾਸ਼ਾ ਹੈ: ਹਾਈ ਕਮਿਸ਼ਨਰ ਆਸਟ੍ਰੇਲੀਆ ਹਰਿੰਦਰ ਸਿੱਧੂ

  • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਨੂੰ ਅਪਣਾਉਣਾ ਚਾਹੀਦਾ ਹੈ: ਹਰਿੰਦਰ ਸਿੱਧੂ
  • ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਇੰਡੋ-ਆਸਟ੍ਰੇਲੀਅਨ ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼’ ਦੀ ਸਥਾਪਨਾ
  • ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਕੀਤਾ ਉਦਘਾਟਨ
  • ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਫ਼ ਕੈਨਬਰਾ ਆਸਟ੍ਰੇਲੀਆ ਤੋਂ ਦੋਹਰੀ ਡਿਗਰੀ ਪ੍ਰੋਗਰਾਮ ਦਾ ਮਿਲੇਗਾ ਲਾਭ
(ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਇੰਡੋ-ਆਸਟ੍ਰੇਲੀਅਨ ਸੈਂਟਰ ਆਫ਼ ਐਡਵਾਂਸਡ ਸਟੱਡੀਜ਼’ ਦਾ ਉਦਘਾਟਨ ਕਰਦੇ ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਕੈਨਬਰਾ ਯੂਨੀਵਰਸਿਟੀ ਸ੍ਰੀ ਦੀਪ ਸੈਣੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਾਈਸ-ਚਾਂਸਲਰ ਡਾ. ਆਰ.ਐਸ ਬਾਵਾ)

ਅਸੀਂ ਭਾਰਤ ਨਾਲ ਜਿਥੇ ਸਿੱਖਿਆ, ਖੇਤੀਬਾੜੀ, ਖੇਤੀ-ਵਪਾਰ ਸਮੇਤ ਵੱਖ-ਵੱਖ ਖੇਤਰਾਂ ‘ਚ ਸਮਝੌਤੇ ਕਰ ਰਹੇ ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਇੰਡੋ-ਆਸਟ੍ਰੇਲੀਅਨ ਸੈਂਟਰ ਆਫ਼ ਐਡਵਾਂਸਡ ਸਟੱਡੀਜ਼’ ਦੀ ਸਥਾਪਨਾ ਰਾਹੀਂ ਅਸੀਂ ਲੋਕਾਂ ਨਾਲ ਤਾਲਮੇਲ ਨੂੰ ਪਕੇਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਦੋਵਾਂ ਦੇਸ਼ਾਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਣ ਸਥਾਨ ਰੱਖਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਯੂਨੀਵਰਸਿਟੀ ਆਫ਼ ਕੈਨਬਰਾ ਆਸਟ੍ਰੇਲੀਆ ਵਿਚਾਲੇ ਹੋਏ ਗਠਜੋੜ ਤਹਿਤ ‘ਦਿ ਇੰਡੋ-ਆਸਟ੍ਰੇਲੀਅਨ ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼’ ਦੇ ਉਦਘਾਟਨੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੀ ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰੋ. ਦੀਪ ਸੈਣੀ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਯੂਨੀਵਰਸਿਟੀ ਆਫ਼ ਕੈਨਬਰਾ ਆਸਟ੍ਰੇਲੀਆ, ਚੰਡੀਗੜ੍ਹ ਯੂਨੀਵਰਸਿਟੀ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਪ੍ਰੋ. ਲਾਰੈਂਸ ਪ੍ਰਾਸ਼ੇਤ ਪ੍ਰੋ-ਵਾਈਸ ਚਾਂਸਲਰ ਕੈਨਬਰਾ ਯੂਨੀਵਰਸਿਟੀ, ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਡਾ. ਆਰ.ਐਸ ਬਾਵਾ ਅਤੇ ਅਦਿਤਿਆ ਵਡੀਪਾਰਥੀ ਬਿਜਨੈਸ ਡਿਵੈਲਪਮੈਂਟ ਮੈਨੇਜਰ ਕੈਨਬਰਾ ਯੂਨੀਵਰਸਿਟੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਇੰਡੋ-ਆਸਟ੍ਰੇਲੀਅਨ ਸੈਂਟਰ’ ਵੱਲੋਂ ਕੰਪਿਊਟਰ ਸਾਇੰਸ, ਬਿਜਨੈਸ ਮੈਨੇਜਮੈਂਟ ਅਤੇ ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀਆਂ ਲਈ ਡਿਯੂਲ ਡਿਗਰੀ ਪ੍ਰੋਗਰਾਮ ਤਹਿਤ ਟੂ ਪਲੱਸ ਟੂ ਅਤੇ ਬੀਬੀਏ ਵਿਦਿਆਰਥੀਆਂ ਲਈ ਵੰਨ ਪਲੱਸ ਟੂ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਜਾਵੇਗੀ। ਜਿਸ ਤਹਿਤ ਵਿਦਿਆਰਥੀ ਦੋ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅਤੇ ਦੋ ਸਾਲ ਦੀ ਪੜ੍ਹਾਈ ਕੈਨਬਰਾ ਯੂਨੀਵਰਸਿਟੀ ਵਿਖੇ ਕਰ ਸਕਣਗੇ।ਵੰਨ ਪਲੱਸ ਟੂ ਪ੍ਰੋਗਰਾਮ ਤਹਿਤ ਬੀਬੀਏ ਖੇਤਰ ਦੇ ਵਿਦਿਆਰਥੀ ਇੱਕ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਅਤੇ ਦੋ ਸਾਲ ਦੀ ਕੈਨਬਰਾ ਯੂਨੀਵਰਸਿਟੀ ਵਿਖੇ ਕਰ ਸਕਦੇ ਹਨ।

ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਕੈਨਬਰਾ ਯੂਨੀਵਰਸਿਟੀ ਆਸਟ੍ਰੇਲੀਆ ਦਾ ਗਠਜੋੜ ਜਿਥੇ ਦੋਵੇ ਯੂਨੀਵਰਸਿਟੀ ਲਈ ਮਹੱਤਵਪੂਰਣ ਹੈ ਉਥੇ ਹੀ ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਆਸਟ੍ਰੇਲੀਆ ਵਿੱਚ ਪੰਜਾਬੀ ਵੱਡੇ ਪੱਧਰ ‘ਤੇ ਉੱਭਰ ਰਹੀ ਭਾਸ਼ਾ ਹੈ ਅਤੇ ਉਨ੍ਹਾਂ ਭਾਰਤ ਤੋਂ ਆਸਟ੍ਰੇਲੀਆ ਪੜ੍ਹਨ ਜਾ ਰਹੇ ਯੋਗ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਵਪਾਰਕ ਅਤੇ ਸਿੱਖਿਆ ਖੇਤਰ ਵਿੱਚ ਬਹੁਤ ਚੰਗੇ ਸਬੰਧ ਹਨ। ਜਿਨ੍ਹਾਂ ਦੇ ਚੱਲਦੇ ਵਪਾਰਕ ਅਤੇ ਸਿੱਖਿਆ ਦੇ ਪੱਧਰ ‘ਤੇ ਵੱਡੀ ਗਿਣਤੀ ਵਿਦਿਆਰਥੀਆਂ ਦਾ ਰੁਝਾਨ ਆਸਟ੍ਰੇਲੀਆ ਵੱਲ ਕੇਂਦਰਿਤ ਹੈ। ਜਿਸ ਤਹਿਤ ਹਰ ਸਾਲ ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਪੜ੍ਹਾਈ ਲਈ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਆਪਸ ‘ਚ ਬਹੁਤ ਹੀ ਸੁਚੱਜੇ ਆਰਥਿਕ, ਵਪਾਰਕ ਅਤੇ ਰਵਾਇਤੀ ਸੰਬੰਧ ਸਾਂਝੇ ਕੀਤੇ ਹਨ ਅਤੇ ਵਪਾਰ, ਵਣਜ ਅਤੇ ਸਿੱਖਿਆ ਜਿਹੇ ਖੇਤਰਾਂ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਦੁੱਗਣੇ ਅੰਕਾਂ ਦੀ ਵਾਧਾ ਦਰ ਵਿਖਾਈ ਦਿੱਤੀ ਹੈ।

( ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਇੰਡੋ-ਆਸਟ੍ਰੇਲੀਅਨ ਸੈਂਟਰ ਆਫ਼ ਐਡਵਾਂਸਡ ਸਟੱਡੀਜ਼’ ਦਾ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਕੈਨਬਰਾ ਯੂਨੀਵਰਸਿਟੀ ਸ੍ਰੀ ਦੀਪ ਸੈਣੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਾਈਸ-ਚਾਂਸਲਰ ਡਾ. ਆਰ.ਐਸ ਬਾਵਾ)

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਣਾਲੀ ਵਿਚ ਖਾਸ ਰਿਆਇਤਾਂ ਦੇਣ ਤੋਂ ਬਾਅਦ ਸਾਲ 2018-19 ਦੌਰਾਨ ਭਾਰਤੀ ਵਿਦਿਆਰਥੀਆਂ ਦੇ ਆਸਟ੍ਰੇਲੀਆ ਜਾਣ ਦੀ ਦਰ ‘ਚ ਆਮ ਨਾਲੋਂ 38 ਫ਼ੀਸਦੀ ਵਾਧਾ ਹੋਇਆ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਦੀ, ਜੋ ਮਨੁੱਖ ਨੂੰ ਆਪੇ ਅਤੇ ਬ੍ਰਹਿਮੰਡ ਨਾਲ ਜੋੜਦੀ ਹੋਈ ਸਹੀ ਮਾਰਗ ਦਿਖਾਉਂਦੀ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਤੇ ਸਮਾਜ ਦੀ ਸਥਾਪਨਾ ਲਈ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਤਿੰਨ ਮੁੱਖ ਉਪਦੇਸ਼ ਦਿੱਤੇ, ਜੋ ਸਮਾਜ ਦੇ ਅਰਥਚਾਰੇ ਤੇ ਸਮਾਜਿਕ ਸਾਂਝੀਵਾਲਤਾ ਦੇ ਸੰਕਲਪ ਹਨ, ਜਿਨ੍ਹਾਂ ਨੂੰ ਸਾਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੈਂਟਰ ਦੀ ਸਥਾਪਨਾ ਨਾਲ ਜਿਥੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਅਕਾਦਮਿਕ ਸਹਿਯੋਗ ਮਿਲੇਗਾ ਉਥੇ ਹੀ ਦੋਵੇਂ ਦੇਸ਼ਾਂ ਵਿਚਾਲੇ ਅਕਾਦਮਿਕ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਗਤੀ ਪ੍ਰਦਾਨ ਹੋਵੇਗੀ।

ਇਸ ਮੌਕੇ ਸ੍ਰੀ ਦੀਪ ਸੈਣੀ ਵਾਈਸ ਚਾਂਸਲਰ ਕੈਨਬਰਾ ਯੂਨੀਵਰਸਿਟੀ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਸੈਂਟਰ ਦੇ ਸਹਿਯੋਗ ਨਾਲ ਅਕਾਦਮਿਕ ਖੋਜ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਖੇਤਰ ‘ਚ ਆਪਸ ‘ਚ ਮਿਲ ਕੇ ਨਵੀਆਂ ਸੰਭਾਵਨਾਵਾਂ ਖੋਜਣ ਦੇ ਨਾਲ-ਨਾਲ ਡਿਗਰੀ-ਡਿਪਲੋਮਾ ਪ੍ਰੋਗਰਾਮਾਂ ਸਬੰਧੀ ਸਹਿਮਤੀ ਬਣੀ ਹੈ।ਉਨ੍ਹਾਂ ਕਿਹਾ ਕਿ ਦੋਵਾਂ ਵਰਸਿਟੀਆਂ ਵਿਚਾਲੇ ਅਕਾਦਮਿਕ ਸਾਂਝ ਨੂੰ ਪਕੇਰੀ ਕਰਨ ਦੇ ਮਕਸਦ ਨਾਲ ਸਾਂਝੇ ਖੋਜ ਪ੍ਰਾਜੈਕਟ ਫੈਕਲਟੀ ਸੇਵਾਵਾਂ ਦਾ ਅਦਾਨ-ਪ੍ਰਦਾਨ, ਸਾਂਝੇ ਪ੍ਰੋਗਰਾਮ, ਜਿਨ੍ਹਾਂ ਵਿਚੋਂ ਸੈਮੀਨਾਰ ਗੋਸ਼ਟੀਆਂ, ਕਾਨਫ਼ਰੰਸਾਂ, ਵਰਕਸ਼ਾਪਾਂ ਤੇ ਲੈਕਚਰਾਂ ਆਦਿ ਦਾ ਆਯੋਜਨ ਅਤੇ ਪ੍ਰਕਾਸ਼ਨਾਵਾਂ ਦਾ ਆਦਾਨ ਪ੍ਰਦਾਨ ਕਰਨ ਦੇ ਪੱਖ ਤੋਂ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ।

(ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਇੰਡੋ-ਆਸਟ੍ਰੇਲੀਅਨ ਸੈਂਟਰ ਆਫ਼ ਐਡਵਾਂਸਡ ਸਟੱਡੀਜ਼’ ਦੇ ਉਦਘਾਟਨ ਮੌਕੇ ਸੱਭਿਆਚਾਰਕ ਸਮਾਗਮ ਦੌਰਾਨ ਪੱਗੜੀ ਬੰਨ੍ਹ ਕੇ ਖ਼ੁਸ਼ੀ ਦਾ ਇਜਹਾਰ ਕਰਦੇ ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ)

ਇਸ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ‘ਵਰਸਿਟੀ ਵਿਖੇ ਇੰਡੋ-ਆਸਟ੍ਰੇਲੀਅਨ ਸੈਂਟਰ ਸਥਾਪਿਤ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਅਕਾਦਮਿਕ ਸਿੱਖਿਆ ਨਾਲ ਜੋੜਨਾ ਅਤੇ ਵਿਦੇਸ਼ਾਂ ‘ਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣਾ ਹੈ। ਜਿਸ ਤਹਿਤ ਲੋੜਵੰਦ ਵਿਦਿਆਰਥੀ ਕਿਫ਼ਾਇਤੀ ਖ਼ਰਚੇ ‘ਤੇ ਅੰਤਰਰਾਸ਼ਟਰੀ ਪੱਧਰ ਦੀ ਅਕਾਦਮਿਕ ਸਿੱਖਿਆ ਪ੍ਰਾਪਤ ਕਰਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਉਪਰੋਕਤ ਸੈਂਟਰ ਦੀ ਸਥਾਪਨਾ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਕਰਨ ਸਬੰਧੀ ਸਾਡੀ ਵਚਨਬੱਧਤਾ ਅਤੇ ਯਤਨਾਂ ਨੂੰ ਲੋੜੀਂਦੀ ਗਤੀ ਪ੍ਰਦਾਨ ਕਰੇਗਾ।