ਔਕਲੈਂਡ ਤੋਂ ਲਗਪਗ 900 ਕਿਲੋਮੀਟਰ ਦੂਰ ਵਸੇ ਸ਼ਹਿਰ ਮੋਟੂਏਕਾ ਵਿਖੇ ਅੱਜ ਦੇਸ਼ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨੇ ਚੋਣਾਂ ਦੇ ਪ੍ਰਚਾਰ ਹਿੱਤ ਦੌਰਾ ਕੀਤਾ। ਸਥਾਨਕ ਉਮੀਦਵਾਰ ਮੈਡਮ ਮਾਊਰੀਨ ਪੋਹ ਸਮੇਤੇ ਲਗਪਗ 50 ਲੋਕਾਂ ਨੇ ਉਪ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਜਿਨ੍ਹਾਂ ਦੇ ਵਿਚ ਉਥੇ ਰਹਿੰਦੇ ਕੁਝ ਭਾਰਤੀ ਵੀ ਸ਼ਾਮਿਲ ਸਨ। ਸਥਾਨਕ ਪੱਧਰ ਉਤੇ ਜਿੱਥੇ ਉਪ ਪ੍ਰਧਾਨ ਮੰਤਰੀ ਕੋਲ ‘ਰਿਕੋਗਨਾਈਜ਼ਡ ਸੀਜ਼ਨਲ ਇੰਪਲਾਇਰ’ ਦੀ ਨਵੀਂ ਪਾਲਿਸੀ, ਬਾਈਪਾਸ, ਨੈਲਸਨ ਹਵਾਈ ਅਡੇ ਨੂੰ ਅੰਤਰਰਾਸ਼ਟਰੀ ਉਡਾਣਾਂ ਨਾਲ ਜੋੜਨਾ, ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਤਾਂ ਕਿ ਸਰਦੀਆਂ ਦੇ ਵਿਚ ਦੋ ਮਹੀਨੇ ਬੰਦ ਰਹਿਣ ਵਾਲੇ ਅਦਾਰੇ ਵੀ ਚਲਦੇ ਰਹਿਣ ਦੇ ਨਾਲ-ਨਾਲ ਉਥੇ ਦੇ ਭਾਰਤੀ ਵਸਨੀਕ ਸ੍ਰੀ ਪ੍ਰਿਥੀਪਾਲ ਸਿੰਘ ਮਿੰਟੂ ਨੇ ਭਾਰਤ ਦੇ ਨਾਲ ਨਿਊਜ਼ੀਲੈਂਡ ਦੇ ਨਾਲ ਹੋ ਰਹੇ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਨੂੰ ਜਲਦੀ ਤੋਂ ਜਲਦੀ ਸਿਰੇ ਚਾੜ੍ਹਨ ਦੀ ਅਪੀਲ ਕੀਤੀ। ਜੇਕਰ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਭਾਰਤ ਨੂੰ ਸੇਬ, ਕੀਵੀ, ਅੰਗੂਰ ਅਤੇ ਦੁੱਧ ਪਦਾਰਥ ਨਿਰਯਾਤ ਕੀਤੇ ਜਾ ਸਕਦੇ ਹਨ। ‘ਮੁਕਤ ਵਪਾਰ ਸਮਝੌਤੇ’ ਨੂੰ ਲੈ ਕੇ ਨੈਲਸਨ ਵਸਦੇ ਭਾਰਤੀ ਐਕਟਿਵ ਹੋ ਗਏ ਹਨ।
ਇਸ ਸਬੰਧੀ ਉਪ ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੀ ਭਾਰਤ ਦੀ ਨਵੀਂ ਸਰਕਾਰ ਦੇ ਨਾਲ ਇਸ ਮੁੱਦੇ ਉਤੇ ਆਪਣੀ ਕਾਰਵਾਈ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਕਿ ਦੋਵਾਂ ਮੁਲਕਾਂ ਦੇ ਲੋਕ ਫਾਇਦਾ ਲੈ ਸਕਣ। ਉਨ੍ਹਾਂ ਕਿਹਾ ਨਿਊਜ਼ੀਲੈਂਡ ਦੇ ਦੁੱਧ ਪਦਾਰਥਾਂ ਦੀ ਇੰਡੀਆ ਦੇ ਵਿਚ ਕਾਫੀ ਖਪਤ ਹੋ ਸਕਦੀ ਹੈ। ਇਸ ਤਰ੍ਹਾਂ ਹੋਰ ਕਈ ਮੁੱਦਿਆਂ ਉਤੇ ਵਿਚਾਰ ਚਰਚਾ ਕੀਤੀ ਗਈ ਅਤੇ ਅੰਤ ਆਪਣੇ-ਆਪਣੇ ਘਰੋਂ ਲਿਆਂਦੇ ਖਾਧ ਪਦਾਰਥ ਸਾਂਝੇ ਰੂਪ ਵਿਚ ਛਕ ਕੇ ਇਹ ਮੀਟਿੰਗ ਸੰਪੰਨ ਹੋ ਗਈ।