ਇੰਡੀਅਨ ਵਰਕਰਜ਼ ਐਸੋ: ਗਲਾਸਗੋ ਇਕਾਈ ਵੱਲੋਂ ਸੇਂਟ ਐਂਡਰਿਊ ਦਿਹਾੜਾ ਰੈਲੀ ‘ਚ ਸ਼ਮੂਲੀਅਤ

ਨਸਲਵਾਦ ਤੇ ਸਮਾਜਿਕ ਨਾ-ਬਰਾਬਰੀ ਖਿਲਾਫ ਹਜਾਰਾਂ ਲੋਕ ਪਹੁੰਚੇ

ਗਲਾਸਗੋ/ਲੰਡਨ — ਸੇਂਟ ਐਂਡਰਿਊ ਦਾ ਨਾਂਅ ਸਕਾਟਲੈਂਡ ਨਾਲ ਪੱਕੇ ਤੌਰ ‘ਤੇ ਜੁੜਿਆ ਹੋਇਆ ਹੈ। ਸਕਾਟਲੈਂਡ ਦੇ ਝੰਡੇ ਵਿੱਚ ਕਰੌਸ ਦੇ ਨਿਸ਼ਾਨ ਨੂੰ ਵੀ ਸੇਂਟ ਐਂਡਰਿਊ ਦੇ ਨਿਸ਼ਾਨ ਵਜੋਂ ਅੰਕਿਤ ਕੀਤਾ ਗਿਆ ਹੈ। ਇਸ ਦਿਹਾੜੇ ਨੂੰ ਯਾਦਗਾਰੀ ਬਨਾਉਣ ਲਈ ਸਕਾਟਿਸ਼ ਲੋਕ ਆਪਣੇ ”ਕੇਅ-ਲੀ” ਨਾਮੀ ਸਕਾਟਿਸ਼ ਨਾਚ ਰਾਂਹੀਂ ਆਪਣੇ ਮਨ ਦੇ ਵਲਵਲੇ ਉਜਾਗਰ ਕਰਦੇ ਹਨ। ਇਸੇ ਤਰ੍ਹਾਂ ਹੀ ਲੋਕ ਆਪੋ ਆਪਣੇ ਢੰਗ ਨਾਲ ਇਸ ਦਿਹਾੜੇ ‘ਤੇ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਇਸੇ ਲੜੀ ਤਹਿਤ ਹੀ ਨਸਲਵਾਦ ਖਿਲਾਫ ਅਤੇ ਸਮਾਜਿਕ ਬਰਾਬਰੀ ਦੇ ਹਾਮੀ ਲੋਕਾਂ ਵੱਲੋਂ ਸਕਾਟਲੈਂਡ ਦੇ ਅਧਿਕਾਰਤ ਰਾਸ਼ਟਰੀ ਦਿਹਾੜੇ ਵਜੋਂ ਮਨਾਏ ਜਾਂਦੇ ਸੇਂਟ ਐਂਡਰਿਊ ਡੇਅ ਮੌਕੇ ਗਲਾਸਗੋ ਵਿਖੇ ਵਿਸ਼ਾਲ ਜਨਤਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧ ਆਪੋ ਆਪਣੀ ਸੰਸਥਾ ਦੀਆਂ ਨਾਅਰੇ-ਤਖ਼ਤੀਆਂ ਲੈ ਕੇ ਜੋਸ਼ੋ-ਖਰੋਸ਼ ਨਾਲ ਹਿੱਸਾ ਲੈਂਦੇ ਹਨ। ਭਾਰਤੀ ਮੂਲ ਦੇ ਚਿੰਤਕ ਲੋਕਾਂ ਵੱਲੋਂ ਬਣਾਈ ਗਈ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਹਰ ਵਾਰ ਦੀ ਤਰ੍ਹਾਂ ਇਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮੇਂ ਇੰਡੀਅਨ ਵਰਕਰਜ਼ ਐਸੋਸੀਏਸਨ ਦੇ ਪ੍ਰਧਾਨ ਪਰਮਜੀਤ ਸਿੰਘ ਬਾਸੀ, ਮਨਜੀਤ ਸਿੰਘ ਗਿੱਲ, ਨਿਰਮਲ ਸਿੰਘ ਅਟਵਾਲ, ਲੀਡਰ ਆਦਿ ਆਗੂਆਂ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੰਗ, ਨਸਲ ਦੇ ਭੇਦਭਾਵ ਨੂੰ ਮਿਟਾਉਣ, ਸਮਾਜ ਦੀ ਖੁਸ਼ੀ ਤੇ ਖੁਸ਼ਹਾਲੀ, ਬਰਾਬਰੀ ਦੇ ਹਾਮੀ ਲੋਕਾਂ ਦਾ ਇਸ ਤਰ੍ਹਾਂ ਸੇਂਟ ਐਂਡਰਿਊ ਦਿਹਾੜੇ ‘ਤੇ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮਾਨਵਤਾ ਦੀ ਗੱਲ ਕਰਨ ਵਾਲੇ ਲੋਕ ਆਪਣੀ ਚਾਲੇ ਚਲਦੇ ਹੀ ਰਹਿੰਦੇ ਹਨ। ਉਹਨਾਂ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਘੱਟ ਸ਼ਮੂਲੀਅਤ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਪੀਲ ਕੀਤੀ ਕਿ ਜਿੱਥੇ ਵੀ ਕਿਧਰੇ ਨਸਲਵਾਦ ਖਿਲਾਫ, ਸਮਾਜਿਕ ਬਰਾਬਰੀ ਦੇ ਹੱਕ ਵਿੱਚ ਆਵਾਜ਼ ਉੱਠਦੀ ਹੈ ਤਾਂ ਸਾਨੂੰ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।