ਨਿਊਜ਼ੀਲੈਂਡ ਦੇ ਵਿਚ ਭਾਰਤੀ ਮਹਿਲਾਵਾਂ ਨੂੰ ਭਾਰਤੀਆਂ ਪੁਰਸ਼ਾਂ ਵੱਲੋਂ ਹੀ ਗਲੀ ਮਹੱਲੇ ਛੇੜੇ ਜਾਣ ਦੇ ਕਿੱਸੇ ਰਾਸ਼ਟਰੀ ਅਖਬਾਰਾਂ ਵਿਚ

NZ PIC 12 Nov-2

ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਏ ਦੇ ਵਿਚ ਭਾਰਤੀ ਮਹਿਲਾਵਾਂ ਜਿਨ੍ਹਾਂ ਦੇ ਵਿਚ ਬਹੁ ਗਿਣਤੀ ਵਿਦਿਆਰਥਣਾਂ ਦੀ ਹੈ, ਨੂੰ ਗਲੀ ਮੁਹੱਲੇ ਵਿਚ ਭਾਰਤੀ ਪੁਰਸ਼ਾਂ ਵੱਲੋਂ ਹੀ ਜਿਨਸੀ ਟਿੱਚਰਾਂ ਮਾਰਕੇ ਛੇੜ-ਛਾੜ ਕਰਨ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ ਹੈ ਜੋ ਕਿ ਭਾਰਤੀਆਂ ਦਾ ਗੰਭੀਰ ਧਿਆਨ ਖਿਚਦਾ ਹੈ। ਅਜਿਹੀਆਂ ਛੇੜ-ਛਾੜ ਦੀਆਂ ਘਟਨਾਵਾਂ ਅੱਗ ਜਾ ਕੇ ਵੱਡੇ ਅਪਰਾਧਾਂ ਨੂੰ ਜਨਮ ਤਾਂ ਦਿੰਦੀਆਂ ਹੀ ਹਨ ਪਰ ਜਿਹੜੀ ਕੌਮੀ ਛਵੀ ਪੂਰੇ ਭਾਰਤੀਆਂ ਦੀ ਦੂਜੇ ਮੁਲਕਾਂ ਦੇ ਵਿਚ ਬਣਦੀ ਹੈ ਉਹ ਸ਼ਰਮ-ਸ਼ਾਰ ਕਰਨ ਵਾਲੀ ਬਣ ਜਾਂਦੀ ਹੈ।
ਇਥੇ ਦੇ ਰਾਸ਼ਟਰੀ ਅਖਬਾਰ ਨੇ ਲਿਖਿਆ ਹੈ ਕਿ ਭਾਰਤੀ ਮਹਿਲਾਵਾਂ ਨੂੰ ਇਥੇ ਜਿਨਸੀ ਛੇੜ-ਛਾੜ ‘ਈਵ ਟੀਜਿੰਗ’ ਦਾ ਸ਼ਿਕਾਰ ਭਾਰਤੀ ਪੁਰਸ਼ਾਂ ਵੱਲੋਂ ਹੀ ਹੋਣਾ ਪੈ ਰਿਹਾ ਹੈ। ਬਹੁਤੀਆਂ ਮਹਿਲਾਵਾਂ ਵਿਦਾਰਥੀ ਜੀਵਨ ਦੇ ਦੌਰ ਵਿਚ ਹਨ। ਕੁਝ ਮਹਿਲਵਾਂ ਨੇ ਅਖਬਾਰ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਗਲੀਆਂ ਦੇ ਵਿਚ ਉਨ੍ਹਾਂ ਨੂੰ ਰੋਕ ਕੇ ਭੱਦੇ ਮਜ਼ਾਕ ਕੀਤੇ ਜਾਂਦੇ ਹਨ ਅਤੇ ਫਿਰ ਸ਼ੋਸ਼ਲ ਮੀਡੀਆ ਦੇ ਉਤੇ ਗੰਦੇ ਕੁਮੇਂਟ ਪਾਏ ਜਾਂਦੇ ਹਨ। ਪੰਜ ਸਾਲ ਤੋਂ ਇਥੇ ਰਹਿ ਰਹੀ  ਮਾਸਟਰ ਡਿਗਰੀ ਕਰ ਰਹੀ ਇਕ ਵਿਦਿਆਰਥਣ ਨੇ ਬੜੇ ਅਫਸੋਸ ਨਾਲ ਆਪਣੀ ਕਹਾਣੀ ਦੱਸਦਿਆਂ ਕਿਹਾ ਕਿ ਉਸਨੂੰ ਵੀ ਬੜਾ ਦੁੱਖ ਹੋਇਆ ਸੀ ਜਦੋਂ ਇਕ ਨੌਜਵਾਨ ਦੀ ਉਸਨੇ ਇਸ ਕਰਕੇ ਸਹਾਇਤਾ ਕੀਤੀ ਸੀ ਕਿ ਉਹ ਕਹਿ ਰਿਹਾ ਸੀ ਕਿ ਇਥੇ ਭਾਰਤ ਦਾ ਬਣਿਆ ਵਧੀਆ ਖਾਣਾ ਬੜੀ ਮੁਸ਼ਕਿਲ ਨਾਲ ਉਸ ਨੂੰ ਮਿਲ ਰਿਹਾ ਹੈ।  ਭਾਵੇਂ ਉਹ ਪਹਿਲਾਂ ਵਿਦਿਆਰਥੀਆਂ ਦੀ ਸਹਾਇਤਾ ਕਰਨ ਦਾ ਮਨ ਰੱਖਦੀ ਹੁੰਦੀ ਸੀ ਪਰ ਹੁਣ ਨਹੀਂ। ਉਸਨੇ ਕਿਹਾ ਕਿ ਉਹ ਕੁਝ ਵਿਦਿਆਰਥੀਆਂ ਦੇ ਮਨ ਦੀ ਦਸ਼ਾ ਜਾਣ ਚੁੱਕੀ ਹੈ ਅਤੇ ਹੁਣ ਤਾਂ ਉਨ੍ਹਾਂ ਨਾਲ ਗੱਲ ਕਰਨ ਤੋਂ ਵੀ ਡਰਦੀ ਹੈ।
ਇਕ ਹੋਰ ਭਾਰਤੀ ਮਹਿਲਾ ਨੇ ਕਿਹਾ ਕਿ ਦਿਵਾਲੀ ਵਾਲੇ ਦਿਨ ਉਹ ਸਾੜ੍ਹੀ ਪਹਿਨ ਕੇ ਜਾ ਰਹੀ ਸੀ ਤਾਂ ਇਕ ਭਾਰਤੀ ਪੁਰਸ਼  ਜੋ ਕਾਰ ਦੇ ਵਿਚ ਸਵਾਰ ਸੀ ਨੇ ਉਸ ਨਾਲ ਛੇੜ-ਛਾੜ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਕਿ ਆਕਲੈਂਡ ਖੇਤਰ ਦੇ ਵਿਚ ਅਤਿ ਸਨਸੀਖੇਜ਼ ਛੇੜ-ਛਾੜ ਦੇ ਮਾਮਲੇ ਹੋ ਰਹੇ ਹਨ।
ਇਸ ਵੇਲੇ 12000 ਦੇ ਕਰੀਬ ਭਾਰਤੀ ਵਿਦਿਆਰਥੀ ਆਕਲੈਂਡ ਦੇ ਵੱਖ-ਵੱਖ ਸਕੂਲਾਂ ਦੇ ਵਿਚ ਹਨ ਜੋ ਕਿ ਇਥੇ ਦੂਜਾ ਵੱੱਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਮੂਹ ਹੈ। ਬਹੁਤ ਸਾਰੇ ਵਿਦਿਆਰਥੀ ਇਥੇ ਪਹਿਲੀ ਵਾਰ ਇਕੱਲੇ ਰਹਿਣ ਲੱਗੇ ਹਨ ਜਦ ਕਿ ਉਹ ਭਾਰਤ ਦੇ ਵਿਚ ਆਪਣੇ ਪਰਿਵਾਰਾਂ ਦੇ ਨਾਲ ਰਹਿੰਦੇ ਸਨ। ਇਸ ਦੇਸ਼ ਦੇ ਵਿਚ ਮਹਿਲਾਵਾਂ ਨਾਲ ਛੇੜ-ਛਾੜ ਦੇ ਮਾਮਲਿਆਂ ਨੂੰ ਬਾਅਦ ਦੇ ਵਿਚ ਬਲਾਤਕਾਰ ਜਾਂ ਕਤਲ ਆਦਿ ਦੀਆਂ ਘਟਨਾਵਾਂ ਵਧਣ ਦੇ ਆਸਾਰਾਂ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਕਿ ਜੋ ਕਿ ਬਹੁਤ ਗੰਭੀਰ ਮਾਮਲਾ ਸਾਰਿਆਂ ਵਾਸਤੇ ਬਣ ਸਕਦਾ ਹੈ।
ਇਥੇ ਰਹਿੰਦੀਆਂ ਲੜਕੀਆਂ ਨੇ ਕੁਮੇਂਟ ਕਰਦਿਆਂ ਕਿਹਾ ਹੈ ਕਿ ਅਜਿਹੇ ਸ਼ਰਾਰਤੀਆਂ ਨੂੰ ਉਦੋ ਅਕਲ ਆਉਂਦੀ ਹੈ ਜਦੋਂ ਉਨ੍ਹਾਂ ਦੀਆਂ ਭੈਣਾਂ ਦੇ ਨਾਲ ਕੋਈ ਛੇੜ-ਛਾੜ ਕਰਦਾ ਹੈ। ਕਈ ਮਹਿਲਾਵਾਂ ਨੇ ਇਹ ਵੀ ਕੁਮੇਂਟ ਕੀਤੇ ਹਨ ਕਿ ਉਨ੍ਹਾਂ ਦੇ ਪਤੀ ਕੁਝ ਵਿਦਿਆਰਥੀਆਂ ਦੀਆਂ ਆਪ-ਹੁਦਰੀਆਂ ਜਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀਆਂ ਗੱਲਾਂ ਤੋਂ ਬਾਅਦ ਆਪਣੇ ਘਰ ਦਾ ਕੁਝ ਹਿੱਸਾ ਕਿਰਾਏ ‘ਤੇ ਦੇਣ ਲਈ ਹੁਣ ਤਿਆਰ ਨਹੀਂ ਹਨ।
ਅੰਤ ਇਹੀ ਕਿਹਾ ਜਾ ਸਕਦਾ ਹੈ ਕਿ ਭਾਵੇਂ ਕੁਝ ਭਾਰਤੀ ਆਪਣਾ ਦੇਸ਼ ਛੱਡ ਕੇ ਬਾਹਰਲੇ ਵਿਕਸਤ ਮੁਲਕਾਂ ਦੇ ਵਿਚ ਪਹੁੰਚ ਗਏ ਹਨ ਪਰ ਗੰਦੇ ਵਿਚਾਰਾਂ ਅਤੇ ਸਮਾਜਿਕ ਪਤਨ ਦਾ ਕਾਰਨ ਬਣਦੀਆਂ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ। ਇਸ ਦੇ ਨਾਲ ਇਥੇ ਪੁਰਾਣੇ-ਨਵੇਂ ਭਾਰਤੀਆਂ ਵੱਲੋਂ ਬਣੀ-ਬਣਾਈ ਸਾਫ-ਸੁਥਰੀ ਅਤੇ ਸਖਤ ਮਿਹਨਤ ਕਰਨ ਵਾਲੀ ਛਵੀ ਖਰਾਬ ਹੋ ਰਹੀ ਹੈ।