ਕੀ ਇੰਨਾ ਹੀ ਮਾੜਾ ਹੈ ਪੱਛਮੀ ਸੱਭਿਆਚਾਰ?

ਸਾਡੇ ਭਾਰਤ ਵਿਚ ਕਈ ਲੋਕਾਂ ਨੂੰ , ਪੱਛਮੀ ਸੱਭਿਆਚਾਰ ਦੀ ਨਿੰਦਿਆ ਕੀਤੇ ਬਿਨਾ ਰੋਟੀ ਨਹੀਂ ਹਜ਼ਮ ਹੁੰਦੀ. ਉਹਨਾਂ ਨੂੰ ਹਰ ਵੇਲੇ ਹੀ ਆਪਣੀ ‘ਸ਼ਰੀਫੀ’ ਉੱਤੇ ਪੱਛਮ ਦੀ ‘ਅਸ਼ਲੀਲਤਾ’ ਦੇ ਹਮਲਿਆਂ ਦਾ ਡਰ ਲੱਗਾ ਰਹਿੰਦਾ ਹੈ. ਉਹਨਾਂ ਦੀਆਂ ਪੂਰੀਆਂ ਯਭਲੀਆਂ ਸੁਣਨ ਤੋਂ ਬਾਅਦ ਨਤੀਜਾ ਇਹੀ ਨਿੱਕਲਦਾ ਹੈ ਕਿ ਉਹਨਾਂ ਨੂੰ ਸਿਰਫ ਪੱਛਮੀ ਸੱਭਿਆਚਾਰ ਦੀ ਖੁੱਲ ਤੋਂ ਖਤਰਾ ਲਗਦਾ ਹੈ. ਨਾਲੇ ਇਹ ਵੀ ਪਤਾ ਲਗਦਾ ਹੈ ਕਿ ਉਹਨਾਂ ਨੂੰ, ਉਥੋਂ ਦੀ ਖੁੱਲ ਤੋਂ ਇਲਾਵਾ , ਹੋਰ ਪਤਾ ਵੀ ਕੱਖ ਨਹੀਂ. ਕੁਝ ਕੱਚ – ਘਰੜ ਤੇ ਚਟਕਾਰੇ ਲੈ ਕੇ ਲਿਖਣ ਵਾਲੇ ਲੇਖਕਾਂ ਤੋਂ, ਉਹਨਾਂ ਨੇ ਬੱਸ ਏਨਾ ਕੁ ਹੀ ਸੁਣਿਆ ਹੁੰਦਾ ਹੈ. ਬਹੁਤਿਆਂ ਨੂੰ ਤਾਂ ਖਤਰਾ ਵੀ ਉਦੋਂ ਹੀ ਲੱਗਣ ਲਗਦਾ ਹੈ ਜਦੋਂ ਉਹਨਾਂ ਦੇ ਖੁਦ ਦੇ ਬੱਚੇ ਜਵਾਨ ਹੋ ਜਾਣ. ਆਪਣੀ ਜਵਾਨੀ ਵੇਲੇ ਉਸੇ ਹੀ ਖੁੱਲ ਨੂੰ ਭਾਵੇਂ ਉਹ ਖੁਦ ਵੀ ਮਾਣਦੇ ਰਹੇ ਹੋਣ. ਨਾਲੇ ਆਪਣੇ ਭਾਰਤੀ ਸੱਭਿਆਚਾਰ ਵਿਚਲੀ ਖੁੱਲ ਉਹਨਾਂ ਨੂੰ ਕਦੇ ਨਹੀਂ ਚੁਭਦੀ.
ਸਾਡੇ ਇੱਕ ਲੋਕ ਗੀਤ ਦਾ ਨਮੂਨਾ ਵੇਖੋ :

ਸਾਡੀ ਕੰਧਾਂ ਤੋਂ ਮਾਰੀ ਆ ਅੱਖ ਵੇ

ਮੇਰੇ ਆਟੇ ਦੇ ਵਿੱਚ ਹੱਥ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ ………

ਹੁਣ ਜ਼ਰਾ ਸੋਚੋ ਕਿ ਕੰਧ ਤੋਂ ਅੱਖ, ਆਪਣਾ ਘਰ ਵਾਲਾ ਤਾਂ ਮਾਰ ਨਹੀਂ ਸਕਦਾ. ਨਾ ਹੀ ਘਰ ਵਾਲੇ ਦੀ ਮਾਰੀ ਹੋਈ ਅੱਖ ਦਾ ਕੋਈ ਖਾਸ ਮਹੱਤਵ ਹੀ ਹੁੰਦਾ ਹੈ. ਯਾਨੀ ਇਹ ਅੱਖ ਕਿਸੇ ਬਿਗਾਨੇ ਨੇ ਮਾਰੀ ਹੈ ਤੇ ਆਪਣੀ ਗੁਆਂਢਣ ਕੁੜੀ ਨੂੰ ਮਾਰੀ ਹੈ. ਦੱਸੋ ਜੀ ਇਹ ਕਿੱਧਰਲਾ ਸ਼ਰੀਫਾਂ ਦਾ ਸੱਭਿਆਚਾਰ ਹੋਇਆ ?

ਪੱਛਮੀ ਸੱਭਿਆਚਾਰ ਵਿਚ ਮਾੜੇ ਚਾਲ – ਚੱਲਣ ਦਾ ਅਰਥ ਹੋ ਸਕਦਾ ਹੈ ਕਿ ਬੰਦਾ ਝੂਠ ਬੋਲਦਾ ਹੋਵੇ, ਇਮਾਨਦਾਰ ਨਾ ਹੋਵੇ , ਭ੍ਰਿਸ਼ਟ ਹੋਵੇ , ਵਾਅਦਾ ਕਰਕੇ ਨਿਭਾਉਂਦਾ ਨਾ ਹੋਵੇ , ਗੈਰ ਜ਼ਿੰਮੇਵਾਰ ਹੋਵੇ ਵਗੈਰਾ ਵਗੈਰਾ. ਪਰ ਸਾਡੇ ਸੱਭਿਆਚਾਰ ਵਿਚ ਇਸ ਦਾ ਮਤਲਬ ਸਿਰਫ ਇੱਕ ਹੀ ਹੁੰਦਾ ਹੈ ਕਿ ਉਹ ਬਾਹਰ ਮੂੰਹ ਮਾਰਦਾ ਹੋਵੇਗਾ. ਇਸ ਇਲਜ਼ਾਮ ਬਾਰੇ ਵੀ ਸਾਨੂੰ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ. ਬੱਸ ਸ਼ੱਕ ਕਰ ਲੈਣਾ ਹੀ ਕਾਫੀ ਹੁੰਦਾ ਹੈ. ਸਾਡੀ ਇਹ ਸੋਚ ਹੁੰਦੀ ਹੈ ਕਿ ਜੇ ਸਾਨੂੰ ਕੋਈ ਬੰਦਾ ਗਲਤ ਆਚਰਣ ਵਾਲਾ ਲਗਦਾ ਹੈ ਤਾਂ ਉਹ ਜ਼ਰੂਰ ਹੀ ਗਲਤ ਹੋਵੇਗਾ. ਕਿਸੇ ਦੀ ਬੇਟੀ ਸ਼ਹਿਰ ਪੜਨ ਜਾਣ ਲੱਗ ਪਵੇ ਤਾਂ ਉਸ ਉੱਤੇ ਸ਼ੱਕ ਕਰਨਾ ਆਪਣਾ ਹੱਕ ਸਮਝਿਆ ਜਾਂਦਾ ਹੈ. ਚੁਗਲੀਆਂ ਕਰਨ ਵਾਲੀਆਂ ਬੀਬੀਆਂ ਪਤਾ ਨਹੀਂ ਕਿਸ – ਕਿਸ ਦੇ ਪੋਤੜੇ ਫੋਲ ਛੱਡਦੀਆਂ ਹਨ. ਕਿਸੇ ਦਾ ਬੱਚਾ ਕੋਈ ਗਲਤੀ ਕਰ ਬੈਠੇ ਤਾਂ ਸਾਰਾ ਪਿੰਡ ਸਵਾਦ ਲੈ ਲੈ ਕੇ ਗੱਲਾਂ ਕਰਦਾ ਹੈ.

ਇੱਕ ਪਲ ਲਈ ਦੋ ਤਰਾਂ ਦੇ ਬੰਦਿਆਂ ਬਾਰੇ ਵਿਚਾਰ ਕਰੀਏ. ਇੱਕ ਤਾਂ ਉਹ ਜਿਹੜਾ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਬਾਹਰ ਮੂੰਹ ਮਾਰਦਾ ਹੋਵੇ , ਤੇ ਦੂਜਾ ਉਹ ਜਿਹੜਾ ਲੋਕਾਂ ਨੂੰ ਗੈਰ ਕਾਨੂੰਨੀ ਨਸ਼ੇ ਵੇਚਦਾ ਹੋਵੇ. ਦੇਖਿਆ ਜਾਵੇ ਤਾਂ ਦੋਵੇਂ ਕੰਮ ਹੀ ਗੈਰ ਕਾਨੂੰਨੀ ਹਨ. ਪਰ ਭਾਰਤੀ ਸੱਭਿਆਚਾਰ ਵਿਚ ਪਹਿਲੀ ਕਿਸਮ ਵਾਲੇ ਨੂੰ ਵੱਡਾ ਗੁਨਾਹਗਾਰ ਮੰਨਿਆ ਜਾਵੇਗਾ ਤੇ ਪੱਛਮੀ ਸੱਭਿਆਚਾਰ ਵਿਚ ਦੂਜੀ ਕਿਸਮ ਵਾਲੇ ਨੂੰ. ਪਰ ਦੇਖਿਆ ਜਾਵੇ ਤਾਂ ਪਹਿਲੀ ਕਿਸਮ ਵਾਲਾ ਇੱਕ ਜਾਂ ਦੋ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਪਰ ਦੂਜੀ ਕਿਸਮ ਵਾਲਾ ਅਣਗਿਣਤ ਲੋਕਾਂ ਨਾਲ. ਫਿਰ ਕੀ ਪੱਛਮ ਵਾਲਿਆਂ ਦੀ ਪਹੁੰਚ ਵੱਧ ਸਾਰਥਕ ਨਾ ਹੋਈ ?

ਨਾਲੇ ਚਲੋ ਮੰਨ ਵੀ ਲਉ ਕਿ ਪੱਛਮੀ ਸਭਿਆਚਾਰ ਦੀਆਂ ਕੁਝ ਗੱਲਾਂ ਨਾਲ ਸਾਡੀ ਅਸਹਿਮਤੀ ਹੋ ਸਕਦੀ ਹੈ ਪਰ ਉਹਨਾਂ ਦੀਆਂ ਚੰਗੀਆਂ ਗੱਲਾਂ ਦੀ ਵੀ ਕਦੇ ਤਾਰੀਫ਼ ਕਰ ਲੈਣੀ ਚਾਹੀਦੀ ਹੈ. ਪੱਛਮ ਦੀ ਸਭ ਤੋਂ ਚੰਗੀ ਗੱਲ ਉਹਨਾਂ ਦਾ ਕੰਮ ਸੱਭਿਆਚਾਰ ਹੈ. ਉਹ ਕੰਮ ਵੀ ਡਟ ਕੇ ਕਰਦੇ ਹਨ ਤੇ ਮੌਜ ਵੀ ਪੂਰੀ ਉਡਾਉਂਦੇ ਹਨ. ਪਰ ਸਾਡੇ ਇਥੇ ਪਰਿਵਾਰ ਦਾ ਇੱਕ ਜੀਅ ਤਾਂ ਟੁੱਟ ਟੁੱਟ ਕੇ ਮਰੀ ਜਾਏਗਾ ਤੇ ਬਾਕੀ ਐਸ਼ਾਂ ਉਡਾਈ ਜਾਣਗੇ. ਸਾਡੇ ਲੋਕ ਗੀਤਾਂ ਤੋਂ ਲੈ ਕੇ ਅੱਜਕੱਲ ਦੇ ਕੰਜਰ ਗੀਤਾਂ ਤੱਕ, ਹਰ ਥਾਂ ਵਿਹਲੜਾਂ ਦਾ ਜ਼ਿਕਰ ਬੜਾ ਆਦਰ ਪੂਰਵਕ ਕੀਤਾ ਗਿਆ ਹੈ. ਧੂੰਆਂ ਚਾਦਰਾ ਬੰਨ੍ਹ ਕੇ, ਪਿੰਡ ਦੀਆਂ ਗਲੀਆਂ ਕੱਛਣ ਵਾਲੇ ਵਿਹਲੇ ਲਫੰਗੇ ਦਾ ਜ਼ਿਕਰ ਸਾਡੀਆਂ ਲੋਕ – ਬੋਲੀਆਂ ਵਿੱਚ ਆਮ ਹੀ ਮਿਲ ਜਾਂਦਾ ਹੈ.ਪਿੰਡ ਦੀਆਂ ਕਈ ਕੁੜੀਆਂ ਉਸ ਉੱਤੇ ਮਰਦੀਆਂ ਵਿਖਾਈਆਂ ਜਾਂਦੀਆਂ ਹਨ. ਪਰ ਜਿਹੜਾ ਨੌਜਵਾਨ ਸਾਰਾ ਦਿਨ ਖੇਤਾਂ ਵਿਚ ਰੁਲਦਾ ਹੋਵੇ ਜਾਂ ਪਸ਼ੂਆਂ ਵਿਚ ਪਸ਼ੂ ਬਣਿਆ ਰਹੇ ਉਹਦੀ ਤਾਰੀਫ਼ ਕੋਈ ਕੁੜੀ ਨਹੀਂ ਕਰਦੀ ਵਿਖਾਈ ਜਾਂਦੀ. ਸਾਰਾ ਦਿਨਤਾਸ਼ ਕੁੱਟਣ ਵਾਲੇ ਵਿਹਲੜਾਂ ਤੇ ਅਮਲੀਆਂ ਨੂੰ ਸੱਭਿਆਚਾਰ ਦੀ ਨਿਸ਼ਾਨੀ ਵਜੋਂ ਵਡਿਆਇਆ ਜਾਂਦਾ ਹੈ.

ਸਾਡੇ ਕਿੰਨੇ ਬਜ਼ੁਰਗ ਸਾਰੀ ਉਮਰ ਪੈਸਾ ਜੋੜਦੇ ਰਹਿੰਦੇ ਹਨ ਤੇ ਉਹਨਾਂ ਦੀ ਨਲਾਇਕ ਔਲਾਦ ਸਾਰੀ ਕਮਾਈ ਨੂੰ ਰੋੜ੍ਹ ਕੇ ਰੱਖ ਦਿੰਦੀ ਹੈ ਕਿਉਂਕਿ ਉਸ ਨੂੰ ਉਸ ਕਮਾਈ ਦੀ ਅਹਿਮੀਅਤ ਨਹੀਂ ਪਤਾ ਹੁੰਦੀ. ਇਹਦੇ ਨਾਲੋਂ ਤਾਂ ਫਿਰ ਪੱਛਮੀ ਸੱਭਿਆਚਾਰ ਹੀ ਨਾ ਚੰਗਾ ਹੋਇਆ ? ਨਾ ਕੋਈ ਜੋੜੇ ਤੇ ਨਾ ਹੀ ਕੋਈ ਰੋਹੜੇਤੇ ਨਾ ਹੀ ਕੋਈ ਬੁੱਢਾ ਹੋ ਕੇ ਝੂਰਦਾ ਫਿਰੇ. ਮੁਫਤ ਦੀ ਦੌਲਤ ਬੰਦੇ ਨੂੰ ਭ੍ਰਿਸ਼ਟ ਹੀ ਕਰਦੀ ਹੈ.

ਇਸੇ ਤਰਾਂ ਜਦੋਂ ਅਸੀਂ ਸਾਇੰਸ ਪੜ੍ਹਦੇ ਹਾਂ ਤਾਂ ਲਗਭਗ ਸਾਰੇ ਸਾਇੰਸਦਾਨ ਪੱਛਮੀ ਦੇਸ਼ਾਂ ਵਾਲੇ ਹੀ ਹੁੰਦੇ ਹਨ. ਉਹਨਾਂ ਦਾ ਜੀਵਨ ਇਤਿਹਾਸ ਪੜ੍ਹ ਕੇ ਪਤਾ ਲਗਦਾ ਹੈ ਕਿ ਉਹਨਾਂ ਨੇ ਕਿੰਨੀ ਮਿਹਨਤ ਨਾਲ ਉਹ ਖੋਜਾਂ ਕੀਤੀਆਂ ਅਤੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ. ਪਾਈਥਾਗੋਰਸ, ਡਾਰਵਿਨ, ਗਲੈਲਿਉ, ਬਰੂਨੋ, ਕੋਲੰਬਸ ਅਤੇ ਮੇਰੀ ਕਿਊਰੀ ਵਰਗੇ ਲੋਕਾਂ ਨੇ ਕਿੰਨੀਆਂ ਮੁਸੀਬਤਾਂ ਝੱਲ ਕੇ ਆਪਣੇ ਮਿਸ਼ਨ ਪੂਰੇ ਕੀਤੇ. ਜੇਕਰ ਉਹ ਇੰਨੇ ਸਿਰੜੀ ਨਾ ਹੁੰਦੇ ਤਾਂ ਅੱਜ ਇਹ ਦੁਨੀਆ ਕੁਝ ਹੋਰ ਹੀ ਹੁੰਦੀ. ਪਰ ਸਾਡੇ ਭਾਰਤੀ ‘ਮਹਾਂਪੁਰਸ਼’ ਤਾਂ ਨਾਲੇ ਸਾਇੰਸ ਨੂੰ ਨਿੰਦੀ ਜਾਣਗੇ ਤੇ ਨਾਲੇ ਸਾਇੰਸ ਦੀਆਂ ਸਾਰੀਆਂ ਸਹੂਲਤਾਂ ਵੀ ਮਾਣੀ ਜਾਣਗੇ.

ਪੱਛਮ ਦੀ ਇੱਕ ਹੋਰ ਵੱਡੀ ਸਿਫਤ ਹੈ ਉਥੋਂ ਦਾ ਕਾਨੂੰਨ ਦਾ ਰਾਜ. ਉਥੇ ਟ੍ਰੈਫਿਕ ਵਿਚ ਕਿੰਨੇ ਕਾਨੂੰਨਾਂ ਦਾ ਪਾਲਣ ਕੀਤਾ ਜਾਂਦਾ ਹੈ. ਪਰ ਭਾਰਤ ਵਿੱਚ ਹਰ ਲੱਲੀ ਛੱਲੀ ਘੈਂਟ ਡਰਾਇਵਰ ਬਣ ਕੇ ਲੋਕਾਂ ਦੀ ਜਾਨ ਨਾਲ ਖੇਡਦਾ ਫਿਰਦਾ ਹੈ. ਉਥੇ ਕਿਸੇ ਬੱਚੇ ਜਾਂ ਬਜ਼ੁਰਗ ਨੂੰ ਸੜਕ ਪਾਰ ਕਰਦਾ ਵੇਖ ਟ੍ਰੈਫਿਕ ਸਲੋਅ ਹੋ ਜਾਂਦੀ ਹੈ. ਪਰਸਾਡੇ ਇੱਥੇ ਬੱਚੇ ਜਾਂ ਬਜ਼ੁਰਗ ਨੂੰ ਜਿਹੜੇ ਸਲੋਕ ਸੁਣਾਏ ਜਾਂਦੇ ਹਨ , ਸਾਨੂੰ ਉਹ ਵੀ ਪਤਾ ਹੀ ਹੈ. ਉਹ ਲੋਕ ਸਮੇਂ ਦੀ ਕਦਰ ਸਾਡੇ ਤੋਂ ਕਿਤੇ ਵੱਧ ਕਰਦੇ ਹਨ ਪਰ ਸਾਡੇ ਵਾਲੇ, ਦਿੱਤੇ ਹੋਏ ਸਮੇਂ ਤੋਂ ਲੇਟ ਪਹੁੰਚਣ ਨੂੰ ਹਾਈ ਸਟੈਂਡਰਡ ਮੰਨਦੇ ਹਨ. ਲਾਲ ਬੱਤੀ ਕਲਚਰ ਵੀ ਸਾਡਾ ਹੀ ਹੈ , ਉਹਨਾਂ ਦਾ ਨਹੀਂ. ਉਥੋਂ ਦੇ ਸੱਭਿਆਚਾਰ ਵਿਚ ਕੋਈ ਮੁਸ਼ਕਿਲ ਵਿਚ ਫਸਿਆ ਬੰਦਾ , ਪੁਲਿਸ ਨੂੰ ਵੇਖ ਕੇ ਸੁੱਖ ਦਾ ਸਾਹ ਲੈਂਦਾ ਹੈ ਪਰ ਸਾਨੂੰ ਇਥੇ ਥਾਣੇਦਾਰ ਨੂੰ ਵੇਖ ਕੇ ਆਪਣੀ ਜੇਬ ਦਾ ਫਿਕਰ ਪੈ ਜਾਂਦਾ ਹੈ. ਪੱਛਮ ਵਿੱਚਭਰਿਸ਼ਟਾਚਾਰ ਵੀ ਸਾਡੇ ਤੋਂ ਕਿਤੇ ਘੱਟ ਹੈ. ਉਥੋਂ ਦੇ ਨੇਤਾ ਆਪਣੇ ਲੋਕਾਂ ਪਰ੍ਤੀ ਸਾਡੇ ਨੇਤਾਵਾਂ ਨਾਲੋਂ ਕਿਤੇ ਵੱਧ ਜਵਾਬਦੇਹ ਹਨ. ਫਿਰਕੂ ਜਾਂ ਨਸਲੀ ਦੰਗੇ , ਜੇ ਕਦੇ ਹੋ ਵੀ ਜਾਣ, ਤਾਂ ਸਾਡੇ ਵਾਂਗੂੰ ਸਰਕਾਰ ਮੂਕ ਦਰਸ਼ਕ ਬਣ ਕੇ ਨਹੀਂ ਵੇਖਦੀ. ਉਥੋਂ ਦੀਆਂ ਅਦਾਲਤਾਂ ਵਿਚ ਬੰਦੇ ਇਨਸਾਫ਼ ਮੰਗਦੇ-ਮੰਗਦੇ ਬਿਰਖ ਨਹੀਂ ਹੋ ਜਾਂਦੇ. ਉਥੇ ਚੋਣਾਂ ਤੋਂ ਪਹਿਲਾਂ ਵਿਰੋਧੀ ਉਮੀਦਵਾਰ ਇੱਕ ਦੂਜੇ ਨਾਲ , ਜਨਤਾ ਦੇ ਸਾਹਮਣੇ ਖੁੱਲੀ ਬਹਿਸ ਕਰਦੇ ਹਨ. ਸਾਡੇ ਵਾਲੇ ਤਾਂ ਸਿਰਫ ਖੁੱਲੀ ਬਹਿਸ ਦੀਆਂ ਚੁਣੌਤੀਆਂ ਹੀ ਦਿੰਦੇ ਹਨ ਪਰ ਬਹਿਸ ਕਦੇ ਵੀ ਨਹੀਂ ਕਰਦੇ ਕਿਉਂਕਿ ਸਾਰੇ ਹੀ ਇੱਕ ਦੂਸਰੇ ਤੋਂ ਵੱਧ ਝੂਠੇ ਹੁੰਦੇ ਹਨ.

ਸਾਨੂੰ ਮੰਨ ਹੀ ਲੈਣਾ ਚਾਹੀਦਾ ਹੈ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ. ਕਮਜ਼ੋਰ ਨੂੰ ਤਕੜੇ ਨੇ ਦਬਾ ਹੀ ਲੈਣਾ ਹੈ. ਇਸ ਲਈ ਖਤਰਾ ਸਿਰਫ ਕਮਜ਼ੋਰ ਨੂੰ ਹੀ ਹੁੰਦਾ ਹੈ. ਜੇ ਸਾਡਾ ਸੱਭਿਆਚਾਰ ਕਮਜ਼ੋਰ ਹੋਇਆ ਤਾਂ ਇਸ ਨੂੰ ਕੋਈ ਨਹੀਂ ਬਚਾ ਸਕਦਾ. ਜੇ ਇਸ ਵਿਚ ਦਮ ਹੋਇਆ ਤਾਂ ਕੋਈ ਇਸ ਉੱਤੇ ਹਾਵੀ ਨਹੀਂ ਹੋ ਸਕਦਾ. ਇਸ ਕਰਕੇ ਅਸੀਂ ਆਪਣੀਆਂ ਕਮਜ਼ੋਰੀਆਂ ਵੱਲ ਧਿਆਨ ਦੇਈਏ ਤੇ ਪੱਛਮੀ ਸੱਭਿਆਚਾਰ ਉੱਤੇ ਫਾਲਤੂ ਦਾ ਤਵਾ ਲਾਉਣਾ ਬੰਦ ਕਰੀਏ. ਪੱਛਮੀ ਸੱਭਿਆਚਾਰ ਦੀਆਂ ਕੁਝ ਮਾੜੀਆਂ ਗੱਲਾਂ ਨੂੰ ਜ਼ਰੂਰ ਛੱਡ ਦੇਈਏ ਪਰ ਪੂਰੇ ਸੱਭਿਆਚਾਰ ਨੂੰ ਨਾ ਨਕਾਰੀਏ ਕਿਉਂਕਿ ਉਸ ਵਿੱਚ ਬਹੁਤ ਕੁਝ ਅਜਿਹਾ ਹੈ ਜਿਸ ਦੀ ਸਾਨੂੰ ਸਖਤ ਲੋੜ ਹੈ. ਆਪਣੇ ਸੱਭਿਆਚਾਰ ਦੇ ਚੰਗੇ ਪੱਖਾਂ ਨੂੰ ਮਜ਼ਬੂਤ ਕਰੀਏ ਅਤੇ ਜਿਹੜੇ ਚੰਗੇ ਪੱਖ ਪੱਛਮੀ ਸੱਭਿਆਚਾਰ ਵਿਚ ਮਿਲਦੇ ਹਨ ਉਹਨਾਂ ਨੂੰ ਵੀ ਅਪਣਾ ਲਈਏ.

Welcome to Punjabi Akhbar

Install Punjabi Akhbar
×
Enable Notifications    OK No thanks