ਰੋਟੋਰੂਆ ‘ਚ ਰੋਟੀਆਂ ਦੀ ਖੁਸ਼ਬੂ – ਨਿਊਜ਼ੀਲੈਂਡ ‘ਚ ਮੇਜ਼ਬਾਨੀ ਦੇ ‘ਆਈਕਾਨ’ ਵਜੋਂ ਚਮਕਿਆ ਪੰਜਾਬੀਆਂ ਦਾ ‘ਇੰਡੀਅਨ ਸਟਾਰ ਰੈਸਟੋਰੈਂਟ’

-18 ਸਾਲ ਪਹਿਲਾਂ ਆਏ ਸ. ਰੇਸ਼ਮ ਸਿੰਘ ਨੇ ਗੋਰੇ ਲਾਏ ਭਾਰਤੀ ਖਾਣੇ ‘ਤੇ

NZ PIC 17 July-1
(ਖੁਸ਼ੀ ਐਵਾਰਡ ਦੀ: ਸ. ਰੇਸ਼ਮ ਸਿੰਘ ਐਵਾਰਡ ਸਮਾਰੋਹ ਉਤੇ ਆਪਣੀ ਟੀਮ ਦੇ ਨਾਲ ਸਟੇਜ ਉਤੇ ਆਪਣਾ ਰੈਸਟੋਰੈਂਟ ਜੀਵਨ ਸਾਂਝਾ ਕਰਦਿਆਂ)

ਆਕਲੈਂਡ  17 ਜੁਲਾਈ  -ਨਿਊਜ਼ੀਲੈਂਡ ਵਿਚ ਸੈਰ ਸਪਾਟੇ ਲਈ ਮਸ਼ਹੂਰ ਸ਼ਹਿਰ ਰੋਟੋਰੂਆ ਜਿੱਥੇ ਮਨੋਰੰਜਕ ਸਕਾਈ ਲਾਈਨ (ਗੰਡੋਲਾ), ਲਿਊਜ਼ ਸਵਾਰੀ, ਅਕਾਸ਼ੀ ਪੀਂਘ ਅਤੇ ਸਲਫਰ (ਗੰਧਕ) ਵਾਲੀ ਹਵਾ ਲਈ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਕ ਕਰਦਾ ਹੈ ਉਥੇ ਖਾਣੇ ਦੋ ਸ਼ੋਕੀਨਾਂ ਲਈ ਇਥੇ ਪੱਕਦੀਆਂ ਪੰਜਾਬੀ ਰੋਟੀਆਂ ਦੀ ਖੁਸ਼ਬੂ ਵੀ ਉਨ੍ਹਾਂ ਨੂੰ ਭਾਰਤੀ ਰੈਸਟੋਰੈਂਟਾਂ ਤੱਕ ਲੈ ਜਾਂਦੀ ਹੈ। ਗੱਲ ਜਦੋਂ ਉਚ ਕੁਆਲਿਟੀ ਅਤੇ ਸਿਰੇ ਦੀ ਸਰਵਿਸ ਦੀ ਹੋਵੇ ਤਾਂ ਗੋਰੇ ਬਹੁਤ ਕੁਝ ਵੇਖ ਕੇ ਬੈਠਦੇ ਹਨ। ਪੰਜਾਬੀਆਂ ਨੂੰ ਮਾਣ ਹੋਏਗਾ ਕਿ ਇਥੇ ਇਕ ਪੰਜਾਬੀ ਰੈਸਟੋਰੈਂਟ ‘ਇੰਡੀਅਨ ਸਟਾਰ ਰੈਸਟੋਰੈਂਟ’ ਸਾਲ ਦਰ ਸਾਲ ਐਵਾਰਡਾਂ ਦੀ ਲਿਸਟ ਲੰਬੀ ਕਰਦਾ ਜਾ ਰਿਹਾ ਹੈ। ਸ. ਰੇਸ਼ਮ ਸਿੰਘ ਇਸਦੇ ਮਾਲਕ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਰੋਟੋਰੂਆ ਦਾ ‘ਆਈਕਨ ਆਫ ਹਾਸਪੀਟਲਟੀ’ (ਮੇਜ਼ਬਾਨੀ ਦਾ ਨਮੂਨਾ) ਦਾ ਵਕਾਰੀ ਐਵਾਰਡ ਜਿੱਤਿਆ ਹੈ। ਇਹ ਐਵਾਰਡ ‘ਰੈਸਟੋਰੈਂਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ’ ਵੱਲੋਂ ਬੀਤੇ ਦਿਨੀਂ ਇਕ ਸਮਾਗਮ ਦੇ ਵਿਚ ਦਿੱਤੇ ਗਏ। ਗੋਰੇ ਅਤੇ ਹੋਰ ਭਾਰਤੀ ਲੋਕ ਜਿੱਥੇ ਉਨ੍ਹਾਂ ਨੂੰ ਵਧਾਈ ਸੰਦੇਸ਼ ਦੇ ਰਹੇ ਹਨ ਉਥੇ ਇਸ ਸ਼ਹਿਰ ਦੀ ਭੋਜਨ ਗਲੀ ਦੇ ਵਿਚ ਭਾਰਤੀਆਂ ਦੇ ਰੈਸਟੋਰੈਂਟ ਦੀ ਚਮਕ ਉਤੇ ਮਾਨ ਵੀ ਮਹਿਸੂਸ ਕਰਦੇ ਹਨ। 18 ਸਾਲ ਪਹਿਲਾਂ ਸ. ਰੇਸ਼ਮ ਸਿੰਘ ਹੁਣ ਗੋਰਿਆਂ ਦੇ ਰੇਅ ਸਿੰਘ ਲੁਧਿਆਣਾ ਸ਼ਹਿਰ ਤੋਂ ਨਿਊਜ਼ੀਲੈਂਡ ਪੁਹੰਚੇ ਸਨ। ਲੁਧਿਆਣਾ ਵਿਖੇ ਵੀ ਇਕ ਵਕਾਰੀ ਹੋਟਲ ਦੇ ਵਿਚ ਉਹ ਮੈਨੇਜਰ ਸਨ ਅਤੇ ਆਪਣੀ ਸਕਿੱਲ ਉਨ੍ਹਾਂ ਨੇ ਇਥੇ ਵਰਤੋਂ ਵਿਚ ਲਿਆਂਦੀ। ਰੋਟੋਰੂਆ ਵਿਖੇ 2001 ਦੇ ਵਿਚ ਇਨ੍ਹਾਂ ਨੇ ਇਹ ਰੈਸਟੋਰੈਂਟ ਸ਼ੁਰੂ ਕੀਤਾ ਸੀ ਅਤੇ ਇਸ ਵੇਲੇ ਦੋ ਹੋਰ ਥਾਵਾਂ ਉਤੇ ਵੀ ਉਨ੍ਹਾਂ ਨੇ ਆਪਣੀਆਂ ਸ਼ਾਖਾਵਾਂ ਖੋਲ੍ਹੀਆਂ ਹਨ।

Install Punjabi Akhbar App

Install
×