ਹੁਣ ਘਰ ਬੈਠਿਆਂ ਹੀ ਮਿਲਣਗੀਆਂ ਰੇਲ ਟਿਕਟਾਂ

indian-railways

ਦੇਸ਼ ਭਰ ‘ਚ ਰੇਲਵੇ ਕਾਊਂਟਰਾਂ ‘ਤੇ ਯਾਤਰੀਆਂ ਵਲੋਂ ਟਿਕਟ ਲਈ ਕੀਤੀ ਜਾਂਦੀ ਮਾਰਾ ਮਾਰੀ ਖ਼ਤਮ ਕਰਨ ਲਈ ਆਈ.ਆਰ.ਟੀ.ਸੀ. ਇਕ ਨਿਵੇਕਲੀ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਰੇਲਵੇ ਲੋਕਾਂ ਨੂੰ ਟਿਕਟ ਘਰੋਂ-ਘਰੀ ਜਾ ਕੇ ਮੁਹੱਈਆ ਕਰਵਾਏਗਾ। ਰੇਲਵੇ ਦੇ ਇਕ ਉੱਚ ਅਧਿਕਾਰੀ ਅਨੁਸਾਰ ਇਹ ਸੇਵਾ ਉਨ੍ਹਾਂ ਲੋਕਾਂ ਨੂੰ ਵੱਡੀ ਸਹੂਲਤ ਦੇਣ ਲਈ ਸ਼ੁਰੂ ਕੀਤੀ ਜਾ ਰਹੀ ਹੈ, ਜੋ ਆਨਲਾਈਨ ਜਾਂ ਡੈਬਿਟ ਕਾਰਡ ਜ਼ਰੀਏ ਟਿਕਟਾਂ ਬੁੱਕ ਨਹੀਂ ਕਰਵਾ ਸਕਦੇ। ਇਹ ਸੇਵਾ 6 ਮਹੀਨੇ ਦੇ ਅੰਦਰ ਦੇਸ਼ ਦੇ 150 ਸ਼ਹਿਰਾਂ ‘ਚ ਸ਼ੁਰੂ ਕੀਤੀ ਜਾਵੇਗੀ ਤੇ ਇਸ ਦਾ ਪਾਇਲਟ ਪ੍ਰਾਜੈਕਟ ਇਕ ਮਹੀਨੇ ਅੰਦਰ ਲਾਗੂ ਕਰਕੇ ਸਭ ਤੋਂ ਪਹਿਲਾਂ ਦਿੱਲੀ ‘ਚ ਇਹ ਸੇਵਾ ਸ਼ੁਰੂ ਹੋਵੇਗੀ। ਮਗਰੋਂ ਪੰਜਾਬ ਸਮੇਤ ਕਈ ਹੋਰ ਰਾਜਾਂ ‘ਚ ਇਹ ਸੇਵਾ ਜਲਦ ਸ਼ੁਰੂ ਕਰਨ ਲਈ ਰੇਲਵੇ ਯੋਜਨਾ ਬਣਾ ਰਿਹਾ ਹੈ। ਭਾਰਤੀ ਰੇਲਵੇ ਵਲੋਂ ਇਸ ਸੇਵਾ ਨੂੰ ਨੇਪਰੇ ਚਾੜ੍ਹਨ ਲਈ ਇਕ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ ਤੇ ਇਸ ਸੇਵਾ ਨੂੰ ‘ਈ ਡਾਕੀਆ’ ਦਾ ਨਾਂਅ ਦਿੱਤਾ ਗਿਆ ਹੈ। ਇਸ ਸੇਵਾ ਲਈ ਰੇਲਵੇ ਵੱਲੋਂ ਅਲਕਾ ਤੋਂ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਨਾਂਅ ‘ਬੁੱਕ ਮਾਈ ਟਰੇਨ ਡਾਟ ਕਾਮ’ ਰੱਖਿਆ ਗਿਆ ਹੈ। ਇਸ ਪੋਰਟਲ ਦੀ ਖਾਸ ਗੱਲ ਇਹ ਹੋਵੇਗੀ ਕਿ ਯਾਤਰੀ ਨੂੰ ਆਪਣੀ ਟਿਕਟ ਬੁੱਕ ਕਰਨ ਲਈ ਪੈਸੇ ਪਹਿਲਾਂ ਅਦਾ ਨਹੀਂ ਕਰਨੇ ਪੈਣਗੇ ਤੇ ਟਿਕਟ ਬੁੱਕ ਹੋਣ ਮਗਰੋਂ ਰੇਲਵੇ ਯਾਤਰੀ ਨੂੰ ਘਰ ਜਾ ਕੇ ਟਿਕਟ ਮੁਹੱਈਆ ਕਰਾਉਣ ‘ਤੇ ਹੀ ਟਿਕਟ ਦੀ ਕੀਮਤ ਅਦਾ ਕਰਨੀ ਪਵੇਗੀ। ਰੇਲਵੇ ਵੱਲੋਂ ਕਾਊਂਟਰਾਂ ‘ਤੇ ਏਜੰਟਾਂ ਵੱਲੋਂ ਕੀਤੀ ਜਾਂਦੀ ਯਾਤਰੀਆਂ ਦੀ ਲੁੱਟ ਤੇ ਟਿਕਟ ਦੀ ਮਾਰਾ ਮਾਰੀ ਖ਼ਤਮ ਕਰਨ ਲਈ ਰੇਲਵੇ ਵਲੋਂ ਇਹ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸੇਵਾ ਲੈਣ ਲਈ ਯਾਤਰੀਆਂ ਨੂੰ ਏ.ਸੀ. ਕੋਚ ਦੀ ਬੁਕਿੰਗ ਲਈ 60 ਰੁਪਏ ਤੇ ਨਾਨ ਏ.ਸੀ. ਕੋਚ ਲਈ ਟਿਕਟ ਦੀ ਡਲਿਵਰੀ ਮੌਕੇ 40 ਰੁਪਏ ਟਿਕਟ ਤੋਂ ਵਾਧੂ ਅਦਾ ਕਰਨੇ ਪੈਣਗੇ। ਇਸ ਸੇਵਾ ਜ਼ਰੀਏ ਯਾਤਰੀ ਤਤਕਾਲ ਟਿਕਟ ਵੀ ਘਰ ਬੈਠੇ ਪ੍ਰਾਪਤ ਕਰ ਸਕਣਗੇ, ਜਿਸ ਨਾਲ ਜਿੱਥੇ ਰੇਲਵੇ ਦੇ ਲੱਖਾਂ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਉਥੇ ਰੇਲਵੇ ਕਰਮੀਆਂ ਤੋਂ ਵੀ ਕੰਮ ਦਾ ਵਾਧੂ ਬੋਝ ਘਟੇਗਾ।

Welcome to Punjabi Akhbar

Install Punjabi Akhbar
×