ਆਓ ਵਿਚਾਰ ਕਰੀਏ -ਸਦਨਾਂ ਵਿਚ ਦੀ ਕਾਰਜ-ਵਿਧੀ ਪਰਜਾਤਾਂਤ੍ਰਿਕ ਬਣਾਉਣ ਦਾ ਵਕਤ ਆਇਆ

ਆਜ਼ਾਦੀ ਬਾਅਦ ਅਸਾਂ ਇਹ ਘੋਸ਼ਣਾ ਵੀ ਕਰ ਦਿੱਤੀ ਸੀ ਕਿ ਅਸੀਂ ਪਰਜਾਤੰਤਰ ਬਣ ਗਏ ਹਾਂ ਅਤੇ ਉਦੋਂ ਤੋਂ ਅਸੀਂ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਵੀ ਕਰਵਾ ਰਹੇ ਹਾਂ ਅਤੇ ਅਸਾਂ ਦੁਨੀਆ ਭਰ ਵਿਚ ਇਹ ਐਲਾਨ ਵੀ ਕਰ ਰਹੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਪਰਜਾਤੰਤਰ ਹਾਂ ਅਤੇ ਜਦੋਂ ਦਾ ਅਸੀਂ ਇਹ ਵਾਲਾ ਪਰਜਾਤੰਤਰ ਅਪਣਾਇਆ ਹੈ, ਪੂਰੀ ਤਰ੍ਹਾਂ ਕਾਇਮ ਵੀ ਰੱਖੀ ਬੈਠੇ ਹਾਂ। ਸਾਡੇ ਨਾਲ ਹੀ ਪਾਕਿਸਤਾਨ ਹੈ ਜਿਹੜਾ ਕਈ ਵਾਰੀਂ ਮਿਲਟਰੀ ਰਾਜ ਅਧੀਨ ਵੀ ਆ ਚੁਕਾ ਹੈ।
ਅਸੀਂ ਇਹ ਆਖੀ ਤਾਂ ਜਾਂਦੇ ਹਾਂ ਕਿ ਅਸੀਂ ਪਰਜਾਤੰਤਰ ਬਣ ਗਏ ਹਾਂ, ਪਰ ਅਗਰ ਅਸੀਂ ਪਰਜਾਤੰਤਰ ਦੀ ਅਸਲ ਪਰਿਭਾਸ਼ਾ ਦੀ ਘੋਖ ਕਰਦੇ ਹਾਂ ਤਾਂ ਹਾਲਾਂ ਤਕ ਅਸੀਂ ਸਦਨਾਂ ਵਿਚ ਆਪਣੇ ਆਪਣੇ ਇਲਾਕੇ ਦੇ ਪ੍ਰਤੀਨਿਧ ਵੀ ਨਹੀਂ ਭੇਜ ਸਕੇ ਹਾਂ। ਚੋਣਾਂ ਵਕਤ ਅਸੀਂ ਦੇਖਦੇ ਹਾਂ ਸਾਡੇ ਸਾਹਮਣੇ ਸਭ ਤੋਂ ਪਹਿਲਾਂ ਉਹ ਆਦਮੀ ਆ ਜਾਂਦੇ ਹਨ ਜਿਹੜੇ ਬਣੇ ਬਣਾਏ ਪ੍ਰਧਾਨ ਮੰਤਰੀ ਹਨ, ਬਣੇ ਬਣਾਏ ਮੁੱਖ ਮੰਤਰੀ ਹੁੰਦੇ ਹਨ। ਅਸੀਂ ਹਾਲਾਂ ਤਕ ਆਪਣੇ ਮੁਲਕ ਦਾ ਪ੍ਰਧਾਨ ਮੰਤਰੀ ਅਤੇ ਆਪਣੇ ਪ੍ਰਾਂਤਾਂ ਦੇ ਮੁੱਖ ਮੰਤਰੀ ਆਪ ਨਹੀਂ ਚੁਣ ਰਹੇ ਹਾਂ ਬਲਕਿ ਇਹ ਆਦਮੀ ਆਪ ਹੀ ਬਣੇ ਬਣਾਏ ਪ੍ਰਧਾਨ ਮੰਤਰੀ ਹਨ ਅਤੇ ਮੁੱਖ ਮੰਤਰੀ ਹਨ। ਇਹੀ ਆਦਮੀ ਜਦ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਹਰ ਇਲਾਕੇ ਵਿਚ ਆ ਕੇ ਆਪ ਹੀ ਚੁਣ ਕੇ ਆਪਣਾ ਆਪਣਾ ਸਪੋਰਟਰ ਖੜ੍ਹਾ ਕਰ ਦਿੰਦੇ ਹਨ ਅਤੇ ਆਪਣੇ ਲਈ ਸਪੋਰਟਰਾਂ ਦੀ ਗਿਣਤੀ ਜ਼ਿਆਦਾ ਬਣਾਉਣ ਲਈ ਸਾਡੇ ਪਾਸ ਬੇਨਤੀ ਕਰਦੇ ਹਨ ਅਤੇ ਜਿਹੜਾ ਵੀ ਜ਼ਿਆਦਾ ਸਪੋਰਟਰ ਬਣਾ ਲੈਂਦਾ ਹੈ ਉਹ ਪ੍ਰਧਾਨ ਮੰਤਰੀ ਆਪ ਹੀ ਬਣ ਜਾਂਦਾ ਹੈ ਅਤੇ ਇਹੀ ਹਾਲ ਹੈ ਸਾਡੇ ਮੁਲਕ ਦੇ ਪ੍ਰਾਂਤਾਂ ਦਾ ਜਿੱਥੇ ਜਿਹੜਾ ਵੀ ਪਹਿਲਾਂ ਹੀ ਬਣਿਆ ਮੁੱਖ ਮੰਤਰੀ ਜ਼ਿਆਦਾ ਸਪੋਰਟਰ ਬਣਾ ਜਾਂਦਾ ਹੈ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਅਰਥਾਤ ਸਾਡੀ ਲੋਕ ਸਭਾ ਵਿਚ ਅਤੇ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਵਿਚ ਅੱਜ ਤਕ ਲੋਕਾਂ ਦਾ ਇੱਕ ਵੀ ਪ੍ਰਤੀਨਿਧ ਜਾ ਕੇ ਨਹੀਂ ਬੈਠਿਆ ਹੈ ਅਤੇ ਅਗਰ ਇਹ ਵਾਲਾ ਸਿਲਸਿਲਾ ਹੀ ਪਰਜਾਤੰਤਰ ਹੈ ਤਾਂ ਅਸੀਂ ਲੋਕਾਂ ਨਾਲ ਧੋਖਾ ਕਰ ਰਹੇ ਹਾਂ।
ਅਸੀਂ ਅਗਰ ਪਿਛਲੀ ਪੋਣੀ ਸਦੀ ਦਾ ਭਾਰਤ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡੇ ਮੁਲਕ ਦੇ ਇਤਿਹਾਸ ਵਿਚ ਜਿਵੇਂ ਮੁਗ਼ਲਾਂ ਦੇ ਸਮਿਆਂ ਵਿਚ ਬਾਬਰ, ਅਕਬਰ, ਜਹਾਂਗੀਰ, ਸ਼ਾਹ ਜਹਾਂ ਆਦਿ ਦੇ ਨਾਮ ਆ ਰਹੇ ਹਨ ਓਵੇਂ ਹੀ ਹੁਣ ਆਜ਼ਾਦੀ ਅਤੇ ਇਹ ਵਾਲੇ ਪਰਜਾਤੰਤਰ ਵਿਚ ਹਰ ਵਾਰੀਂ ਦੇ ਬਣੇ ਪ੍ਰਧਾਨ ਮੰਤਰੀ ਦਾ ਨਾਮ ਹੀ ਬੋਲ ਰਿਹਾ ਹੈ ਅਤੇ ਇਹੀ ਆਖਿਆ ਜਾ ਰਿਹਾ ਹੈ ਕਿ ਸ੍ਰੀ ਜਵਾਹਰ ਲਾਲ ਨਹਿਰੂ ਜੀ ਇਹ ਕਰ ਗਏ ਹਨ, ਸ਼ਾਸਤਰੀ ਜੀ ਇਹ ਕਰ ਗਏ ਹਨ, ਇੰਦਰਾ ਜੀ ਨੇ ਇਹ ਕੀਤਾ ਹੈ, ਰਾਜੀਵ ਗਾਂਧੀ ਜੀ ਨੇ ਇਹ ਕੀਤਾ ਹੈ ਅਤੇ ਡਾਕਟਰ ਮਨਮੋਹਨ ਸਿੰਘ ਜੀ ਇਹ ਕਰ ਗਏ ਹਨ। ਹੁਣ ਵੀ ਹਰ ਕੰਮ ਸ੍ਰੀ ਨਰਿੰਦਰ ਮੋਦੀ ਜੀ ਦੇ ਨਾਮ ਤਲੇ ਹੋ ਰਿਹਾ ਹੈ ਅਤੇ ਹੈਰਾਨੀ ਦੀ ਗਲ ਹੈ ਕਿ ਕਿਸੇ ਵੀ ਮੰਤਰੀ ਤਕ ਦਾ ਨਾਮ ਨਹੀਂ ਬੋਲ ਰਿਹਾ ਹੈ। ਬਾਕੀ ਜਿਹੜੇ ਇਹ ਵਿਧਾਇਕ ਅਸੀਂ ਭੇਜਦੇ ਰਹੇ ਹਾਂ, ਤਨਖ਼ਾਹਾਂ ਦਿੰਦੇ ਰਹੇ ਹਾਂ, ਭੱਤੇ ਦਿੰਦੇ ਰਹੇ ਹਾਂ, ਹੋਰ ਖਰਚਾ ਕਰਦੇ ਰਹੇ ਹਾਂ ਅਤੇ ਪੈਨਸ਼ਨਾਂ ਵੀ ਦਿੱਤੀਆਂ ਹਨ ਕਿਸੇ ਨੇ ਕਦੀ ਕੁੱਝ ਕੀਤਾ ਵੀ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਨਾਮ ਹੀ ਬੋਲਦਾ ਹੈ। ਇਹ ਲੋਕਾਂ ਦੇ ਪ੍ਰਤੀਨਿਧ ਵੀ ਨਹੀਂ ਬਣ ਸਕੇ ਹਨ ਅਤੇ ਇਸ ਕਰ ਕੇ ਅੱਜ ਤਕ ਕਿਸੇ ਵੀ ਵਿਧਾਇਕ ਨੇ ਆਪਣੇ ਇਲਾਕੇ ਦੀ ਪ੍ਰਤੀਨਿਧਤਾ ਹੀ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਸਕੀਮ ਪ੍ਰੋਜੈਕਟ ਬਣਾ ਕੇ ਹੀ ਸਦਨ ਵਿਚ ਪੇਸ਼ ਕੀਤਾ ਹੈ। ਅਰਥਾਤ ਕਿਸੇ ਵੀ ਆਦਮੀ ਪਾਸ ਐਸਾ ਕੁੱਝ ਵੀ ਨਹੀਂ ਹੈ ਜਿਹੜਾ ਉਹ ਲੋਕਾਂ ਸਾਹਮਣੇ ਆ ਕੇ ਬੋਲ ਸਕੇ ਅਤੇ ਆਖ ਸਕੇ ਕਿ ਉਹ ਆਪਣੇ ਇਲਾਕੇ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਇਹ ਇਹ ਕੰਮ ਕਰ ਕੇ ਆਇਆ ਹੈ ਅਤੇ ਅਗਰ ਇਸ ਵਾਰੀਂ ਵੀ ਚੁਣ ਲਵੋ ਤਾਂ ਇਹ ਇਹ ਰਹਿੰਦੇ ਕੰਮ ਵੀ ਕਰਵਾ ਕੇ ਲਿਆਵੇਗਾ।

ਅਗਰ ਸਦਨਾਂ ਵਿਚ ਦੀ ਕਾਰਜ-ਵਿਧੀ ਦਾ ਅਧਿਐਨ ਕਰੀਏ ਤਾਂ ਹਰ ਵਿਧਾਇਕ ਨੇ ਆਪਣੇ ਇਲਾਕੇ ਦੀ ਪ੍ਰਤੀਨਿਧਤਾ ਕਰਨੀ ਹੁੰਦੀ ਹੈ। ਅਤੇ ਸਦਨ ਵਿਚ ਹਾਜ਼ਰ ਹਰ ਵਿਧਾਇਕ ਨੇ ਆਪਣੇ ਅਕਲ, ਲਿਆਕਤ, ਸਿਆਣਪ, ਤਜਰਬਾ, ਮੁਹਾਰਤ ਅਤੇ ਜ਼ਮੀਰ ਦੀ ਆਵਾਜ਼ ਸੁਣਕੇ ਆਪਣੀ ਰਾਏ ਦੇਣੀ ਹੁੰਦੀ ਹੈ। ਅਤੇ ਜਦ ਮੁੱਦੇ ਉਤੇ ਵੋਟਾਂ ਪੈਣੀਆਂ ਹੁੰਦੀਆਂ ਹਨ ਤਾਂ ਉਹ ਵੋਟ ਕਿਸੇ ਦੇ ਆਖਣ ਉਤੇ ਨਹੀਂ ਪਾਉਂਦਾ ਬਲਕਿ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਪਾ ਸਕਦਾ ਹੈ। ਪਰ ਐਸਾ ਕੁੱਝ ਵੀ ਸਾਡੀਆਂ ਸਦਨਾਂ ਵਿਚ ਨਹੀਂ ਹੋ ਰਿਹਾ ਹੈ। ਇੱਥੇ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਹੈ ਉਹੀ ਹਰ ਬਿਲ ਪੇਸ਼ ਕਰਦਾ ਹੈ ਅਤੇ ਉਸ ਦੀ ਹਾਂ ਵਿਚ ਹਾਂ ਮਿਲਾਈ ਜਾਣੀ ਹੈ ਅਤੇ ਕੋਈ ਵੀ ਖ਼ਿਲਾਫ਼ ਨਹੀਂ ਬੋਲ ਸਕਦਾ। ਅਤੇ ਅਗਰ ਵਿਰੋਧੀਆਂ ਵਿਚੋਂ ਕੋਈ ਬੋਲਣ ਦੀ ਹਿੰਮਤ ਵੀ ਕਰ ਲਵੇ ਤਾਂ ਉਸ ਦੀ ਸੁਣੀ ਹੀ ਨਹੀਂ ਜਾਂਦੀ ਅਤੇ ਸਦਨਾਂ ਵਿਚ ਹਰ ਸਰਕਾਰੀ ਵਿਧਾਇਕ ਨੂੰ ਪ੍ਰਧਾਨ ਮੰਤਰੀ ਵੱਲੋਂ ਪੇਸ਼ ਕੀਤੇ ਬਿਲ ਉਤੇ ਹੱਕ ਵਿਚ ਵੋਟ ਪਾਉਣੀ ਹੁੰਦੀ ਹੈ ਅਤੇ ਵਿਰੋਧੀਆਂ ਦੀ ਗਿਣਤੀ ਘੱਟ ਹੁੰਦੀ ਹੈ ਇਸ ਲਈ ਵੀਂ ਵੋਟਾਂ ਤਾਂ ਵਿਰੋਧ ਵਿਚ ਹੀ ਪਾਉਂਦੇ ਹਨ, ਪਰ ਬਿਲ ਪਾਸ ਕਰ ਦਿੱਤਾ ਜਾਂਦਾ ਹੈ।
ਇਹ ਜਿਹੜੀ ਕਾਰਜ-ਵਿਧੀ ਬਣ ਆਈ ਹੈ ਅਤੇ ਸਥਾਪਿਤ ਹੋ ਗਈ ਹੈ ਇਹ ਸਾਰੇ ਦੇ ਸਾਰੇ ਰਾਜਸੀ ਲੋਕਾਂ ਨੇ ਆਪ ਹੀ ਬਣਾ ਲਈ ਹੈ ਅਤੇ ਮਾਨਤਾ ਵੀ ਦੇ ਦਿੱਤੀ ਗਈ ਹੈ ਕਿਉਂਕਿ ਇਸ ਮੁਲਕ ਵਿਚ ਹਰ ਪਾਰਟੀ ਇਹ ਸੋਚਦੀ ਪਈ ਹੈ ਕਿ ਕਲ ਉਨ੍ਹਾਂ ਦੀ ਵਾਰੀ ਵੀ ਆ ਜਾਣੀ ਹੈ ਅਤੇ ਉਹ ਵੀ ਐਸਾ ਹੀ ਕਰਨਗੇ। ਅਤੇ ਇਹ ਵਾਲਾ ਸਿਲਸਿਲਾ ਚੱਲਦਿਆਂ ਅੱਜ ਪੋਣੀ ਸਦੀ ਦਾ ਵਕਤ ਹੋ ਗਿਆ ਹੈ।
ਇਹ ਜਿਹੜਾ ਵੀ ਸਿਲਸਿਲਾ ਸਾਡੇ ਮੁਲਕ ਵਿਚ ਆ ਬਣਿਆ ਹੈ ਇਹ ਪਰਜਾਤਾਂਤ੍ਰਿਕ ਨਹੀਂ ਅਖਵਾ ਸਕਦਾ। ਪਰ ਅੱਜ ਤਕ ਕਿਸੇ ਨੇ ਵੀ ਸਵਾਲ ਨਹੀਂ ਉਠਾਇਆ ਹੈ ਅਤੇ ਇਹ ਵਾਲਾ ਸਿਲਸਿਲਾ ਆਖ ਲਓ ਜਾਂ ਇਹ ਵਾਲੀ ਕਾਰਜ-ਵਿਧੀ ਆਖ ਲਓ ਸਥਾਪਿਤ ਹੋ ਚੁਕੀ ਹੈ ਅਤੇ ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਅਸੀਂ ਇਹ ਆਖੀ ਜਾ ਰਹੇ ਹਾਂ ਇੱਕ ਅਸਾਂ ਬਹੁਤ ਹੀ ਵਧੀਆਂ ਅਤੇ ਵੱਡਾ ਪਰਜਾਤੰਤਰ ਬਣਾ ਲਿਆ ਹੈ।
ਜਿਹੜਾ ਵੀ ਇਹ ਵਾਲਾ ਪਰਜਾਤੰਤਰ ਅਸੀਂ ਸਥਾਪਿਤ ਕਰ ਬੈਠੇ ਹਾਂ ਇਸ ਵਿਚ ਸਾਡੇ ਮੁਲਕ ਦੇ ਰਾਜਸੀ ਲੋਕਾਂ ਨੇ ਜਿਹੜਾ ਵੀ ਇਹ ਵਾਲਾ ਸਿਲਸਿਲਾ ਸਥਾਪਿਤ ਕਰ ਦਿੱਤਾ ਹੈ ਇਹ ਹੁਣ ਬਦਲਿਆ ਤਾਂ ਨਹੀਂ ਜਾ ਸਕਣਾ ਕਿਉਂਕਿ ਇਹ ਵਾਲਾ ਸਿਲਸਿਲਾ ਸਥਾਪਿਤ ਕਰਨ ਵਿਚ ਇਹ ਸਾਰੇ ਦੇ ਸਾਰੇ ਰਾਜਸੀ ਲੋਕੀਂ ਸ਼ਾਮਲ ਹਨ ਅਤੇ ਜਾਣ ਬੁਝ ਕੇ ਇਹ ਵਾਲਾ ਸਿਲਸਿਲਾ ਪਕਾ ਜਿਹਾ ਕਰ ਬੈਠੇ ਹਨ। ਇਸ ਮੁਲਕ ਵਿਚ ਕੁੱਝ ਲੋਕਾਂ ਨੇ ਇਹ ਆਪਣਾ ਹੱਕ ਬਣਾ ਲਿਆ ਹੈ ਕਿ ਉਹ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਹੀ ਬਣਨਗੇ ਅਤੇ ਉਹੀ ਸਦਨਾਂ ਵਿਚ ਆਪਣੇ ਸਪੋਰਟਰ ਖੜੇ ਕਰਨਗੇ ਅਤੇ ਅਸੀਂ ਇਹ ਆਖੀਏ ਕਿ ਅਸੀਂ ਕਦੀ ਆਪਣੇ ਪ੍ਰਤੀਨਿਧ ਵੀ ਚੁਣ ਸਕਿਆ ਕਰਾਂਗੇ, ਇਹ ਗੱਲਾਂ ਹਾਲ ਦੀ ਘੜੀ ਅਣਹੋਣੀਆਂ ਜਿਹੀਆਂ ਲਗਦੀਆਂ ਹਨ। ਇਸ ਲਈ ਸਦਨਾਂ ਵਿਚ ਇਹ ਭੀੜ ਬਣੀ ਰਹੇਗੀ ਅਤੇ ਇਤਨਾ ਵੱਡਾ ਖਰਚਾ ਲੋਕਾਂ ਸਿਰ ਪਿਆ ਹੀ ਰਹੇਗਾ ਅਤੇ ਕਦੀ ਇਹ ਵਿਧਾਇਕ ਲੋਕਾਂ ਦੇ ਪ੍ਰਤੀਨਿਧ ਬਣ ਕੇ ਲੋਕਾਂ ਲਈ ਸਦਨਾਂ ਵਿਚ ਆਜ਼ਾਦੀ ਨਾਲ ਕੰਮ ਕਰ ਸਕਣਗੇ ਇਹ ਬਹੁਤ ਹੀ ਦੂਰ ਵਾਲੇ ਭਵਿੱਖ ਦੀਆਂ ਗੱਲਾਂ ਹਨ। ਪਰ ਫਿਰ ਵੀ ਸਮਾ ਆ ਗਿਆ ਹੈ ਅਸੀਂ ਇਹ ਵਾਲੇ ਨੁਕਤੇ ਵਿਚਾਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦਸ ਸਕੀਏ ਕਿ ਅਸਾਂ ਬਹੁਤ ਗ਼ਲਤੀਆਂ ਤਾਂ ਕੀਤੀਆਂ ਹਨ, ਪਰ ਅਸੀਂ ਸਦਨਾਂ ਦੀ ਕਾਰਜ-ਵਿਧੀ ਠੀਕ ਠਾਕ ਵੀ ਕਰ ਚਲੇ ਹਾਂ। ਇਹ ਅੱਜ ਵਾਲੀ ਕਾਰਜ-ਵਿਧੀ ਹੀ ਅਗਰ ਅਸੀਂ ਛੱਡ ਜਾਂਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਉਤੇ ਲਾਅਨਤਾਂ ਪਾਉਣਗੀਆਂ ਕਿ ਅਸੀਂ ਕੈਸੀ ਆਜ਼ਾਦੀ ਲਿਆਂਦੀ ਸੀ ਅਤੇ ਕੈਸਾ ਪਰਜਾਤੰਤਰ ਸਥਾਪਿਤ ਕੀਤਾ ਸੀ ਅਤੇ ਇਹ ਵਾਲਾ ਜਿਹੜਾ ਸਿਲਸਿਲਾ ਅਸੀਂ ਸਥਾਪਿਤ ਕਰ ਚਲੇ ਹਾਂ ਇਹ ਖ਼ਤਮ ਉਹ ਵੀ ਨਹੀਂ ਕਰ ਸਕਣਗੇ।

(ਦਲੀਪ ਸਿੰਘ ਵਾਸਨ, ਐਡਵੋਕੇਟ)
0175 5191856
dalipsinghwassan@yahoo.co.in

Install Punjabi Akhbar App

Install
×