ਸ਼ਾਬਾਸ਼! ਭਾਰਤੀ ਨੇਵੀ ਮਹਿਲਾਵਾਂ ਦੇ: ਵਿਸ਼ਵ ਜਲ ਯਾਤਰਾ ਤੇ ਨਿਕਲੀ ਭਾਰਤੀ ਸਮੁੰਦਰੀ ਬੇੜੀ ‘ਤਾਰਿਣੀ’ ਪਹੁੰਚੀ ਨਿਊਜ਼ੀਲੈਂਡ

-ਪਹਿਲੀ ਵਾਰ ਸਿਰਫ ਮਹਿਲਾਵਾਂ ਦਾ ਪੂਰਾ ਸਟਾਫ ਹੈ ਇਸ ਬੇੜੀ ਦਾ ਮਲਾਹ
-‘ਨਾਵਿਕਾ ਸਾਗਰ ਪਰਿਕਰਮਾ’ ਵੱਧ ਰਹੀ ਆਪਣੇ ਪੜਾਅ ਵੱਲ

NZ PIC 29 Nov-1B

ਔਕਲੈਂਡ 29 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਨੇਵੀ ਦੀ ਇਕ ਸਮੁੰਦਰੀ ਬੇੜੀ ‘ਤਾਰਿਣੀ’ ਜਿਸ ਨੂੰ ਇਸੇ ਸਾਲ ਫਰਵਰੀ ਮਹੀਨੇ ਨੇਵੀ ਦੇ ਵਿਚ ਸ਼ਾਮਿਲ ਕੀਤਾ ਗਿਆ ਸੀ, 10 ਸਤੰਬਰ ਨੂੰ ਗੋਆ ਤੋਂ ਵਿਸ਼ਵ ਸਮੁੰਦਰੀ ਯਾਤਰਾ ਲਈ ਚੱਲੀ ਸੀ, ਜੋ ਅੱਜ ਕ੍ਰਾਈਸਟਚਰਚ ਨੇੜੇ ਲੇਇਟੇਲਟਨ ਦੇ ਸਮੁੰਦਰੀ ਅੱਡੇ ਉਤੇ ਪਹੁੰਚੀ। ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ ਅਤੇ ਹੋਰ ਸਟਾਫ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਡੀਸਾ ਦੇ ਪ੍ਰਸਿੱਧ ਮੰਦਰ ‘ਤਾਰਾ ਤਾਰਿਣੀ’ ਦੇ ਨਾਂਅ ਉਤੇ ਬਣੀ ਇਸ ਬੇੜੀ ਦਾ ਨਾਂਅ ‘ਤਾਰਿਣੀ ਰੱਖਿਆ ਗਿਆ ਸੀ। ਇਸ ‘ਤਾਰਿਣੀ’ ਨਾਂਅ ਦੀ ਬੇੜੀ ਦੀਆਂ ਮਲਾਹ ਸਿਰਫ ਭਾਰਤੀ ਨੇਵੀ ਮਹਿਲਾਵਾਂ ਹੀ ਹਨ ਜਿਨ੍ਹਾਂ ਵਿਚ ਲੈਫਟੀਨੈਂਟ ਕਮਾਂਡਰ ਵਾਰਤਿਕਾ ਜੋਸ਼ੀ, ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਮਵਾਲ, ਲੈਫਟੀਨੈਂਟ ਕਮਾਂਡਰ ਪੀ. ਸਵਾਥੀ, ਲੈਫਟੀਨੈਂਟ ਐਸ. ਵਿਜਿਆ ਦੇਵੀ, ਲੈਫਟੀਨੈਂਟ ਬੀ ਐਸ਼ਵਰਿਆ ਵੋਡਾ ਅਤੇ ਲੈਫਟੀਨੈਂਟ ਲੈਫਟੀਨੈਂਟ ਪਾਇਲ ਗੁਪਤਾ ਸ਼ਾਮਿਲ ਹਨ।

NZ PIC 29 Nov-1C58 ਫੁੱਟ ਲੰਬੀ ਇਹ ਸਮੁੰਦਰੀ ਬੇੜੀ 7800 ਸਮੁੰਦਰੀ ਮੀਲ ਦਾ ਸਫਰ ਤੈਅ ਕਰ ਚੁੱਕੀ ਹੈ ਤੇ ਕੁੱਲ 22000 ਦੇ ਕਰੀਬ ਸਮੁੰਦਰੀ ਮੀਲ ਦਾ ਸਫਰ ਤੈਅ ਹੋਵੇਗਾ।  ਭਾਰਤੀ ਮਹਿਲਾਵਾਂ ਦੀ ਇਸ ਸ਼ਕਤੀ ਦੇ ਜ਼ਰੀਏ ਇਹ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਮਹਿਲਾਵਾਂ ਕਿਸੇ ਵੀ ਖੇਤਰ ਦੇ ਵਿਚ ਝੰਡਾ ਲਹਿਰਾਉਣ ਦੇ ਕਾਬਿਲ ਹਨ। ਨਾਰੀ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੀ ਇਹ ਇਕ ਤਰੀਕਾ ਹੈ। ਇਹ ਸਮੁੰਦਰੀ ਬੇੜੀ ਅਪ੍ਰੈਲ 2018 ਦੇ ਵਿਚ ਵਾਪਿਸ ਗੋਆ ਪਹੁੰਚੇਗੀ। ਆਸਟਰੇਲੀਆ, ਨਿਊਜ਼ੀਲੈਂਡ, ਫਾਲਕਲੈਂਡ ਤੇ ਸਾਊਥ ਅਫਰੀਕਾ ਦੇ ਸਮੁੰਦਰੀ ਅਡਿਆਂ ਉਤੇ ਇਸ ਬੇੜੀ ਦਾ ਠਹਿਰਾ ਰੱਖਿਆ ਗਿਆ ਸੀ। ਇਹ ਸਮੁੰਦਰੀ ਬੇੜਾ 12 ਦਸੰਬਰ ਨੂੰ ਇਥੋਂ ਵਿਧਾ ਹੋ ਜਾਵੇਗਾ।

(ਵਾਰਤਿਕਾ ਜੋਸ਼ੀ, ਪ੍ਰਤਿਭਾ ਜਮਵਾਲ, ਪੀ. ਸਵਾਥੀ, ਐਸ. ਵਿਜਿਆ ਦੇਵੀ, ਬੀ ਐਸ਼ਵਰਿਆ ਵੋਡਾ ਅਤੇ ਪਾਇਲ ਗੁਪਤਾ)
(ਵਾਰਤਿਕਾ ਜੋਸ਼ੀ, ਪ੍ਰਤਿਭਾ ਜਮਵਾਲ, ਪੀ. ਸਵਾਥੀ, ਐਸ. ਵਿਜਿਆ ਦੇਵੀ, ਬੀ ਐਸ਼ਵਰਿਆ ਵੋਡਾ ਅਤੇ ਪਾਇਲ ਗੁਪਤਾ)

ਇਨ੍ਹਾਂ ਛੇ ਕੁੜੀਆਂ ਸਬੰਧੀ ਵਿਸ਼ੇਸ਼ ਜਾਣਕਾਰੀ ਸੇਵਾ ਮੁਕਤ  ਕਰਨਲ ਸਾਰੰਗ ਥੱਤੇ ਨੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਸੰਪਰਕ ਕਰਨ ਉਤੇ ਦਿੱਤੀ। ਜਾਣਕਾਰੀ ਅਨੁਸਾਰ ਲੈਫਟੀਨੈਂਟ ਕਮਾਂਡਰ ਵਾਰਤਿਕਾ ਜੋਸ਼ੀ ਦੀ ਮਾਂ ਰਿਸ਼ੀਕੇਸ਼ ਦੇ ਵਿਚ ਟੀਚਰ ਹੈ ਅਤੇ ਪਿਤਾ ਸ੍ਰੀਨਗਰ ਦੇ ਵਿਚ ਪ੍ਰੋਫੈਸਰ ਹਨ। ਇਹ ਕੁੜੀ ਸੈਨਾ ਵਿਚ ਜਾਣਾ ਚਾਹੁੰਦੀ ਸੀ ਪਰ ਸਮੁੰਦਰੀ ਸੈਨਾ ਵਿਚ ਭਰਤੀ ਹੋ ਗਈ। ਲੈਫਟੀਨੈਂਟ ਕਮਾਂਡਰ ਪੀ. ਸਵਾਥੀ ਵਿਸ਼ਾਖਾਪਟਨਮ ਤੋਂ ਹੈ। ਉਹ ਡਾਕਟਰ ਬਨਣਾ ਚਾਹੁੰਦੀ ਸੀ, ਪਰ ਪਿਤਾ ਜੀ ਦੀ ਇੱਛਾ ਮੁਤਾਬਿਕ ਉਹ ਸਮੁੰਦਰੀ ਸੈਨਾ ਵਿਚ ਆ ਗਈ। ਲੈਫਟੀਨੈਂਟ ਬੀ ਐਸ਼ਵਰਿਆ ਵੋਡਾ ਪੱਟੀ ਦੇ ਪਿਤਾ ਏਅਰ ਫੋਰਸ ਵਿਚ ਸਨ। ਅੰਡੇਮਾਨ ਦੀਪ ਸਮੂਹ ਵਿਖੇ ਇਸਦਾ ਪਾਲਣ-ਪੋਸ਼ਣ ਅਤੇ ਪੜ੍ਹਾਈ ਹੋਈ। ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਮਵਾਲ ਹਿਮਾਚਲ ਪ੍ਰਦੇਸ਼ ਤੋਂ ਹੈ। ਇਹ ਕੁੜੀ ਇੰਜੀਨੀਅਰ ਕਰਨ ਦੀ ਚਾਹਵਾਨ ਸੀ ਪਰ ਇਸਦੀ ਮਾਂ ਨੇ ਕੁਝ ਪੈਸੇ ਦੇ ਕੇ ਸਮੁੰਦਰੀ ਸੈਨਾ ਵਿਚ ਆਪਣੀ ਚੋਣ ਕਰਵਾਉਣ ਲਈ ਬੰਗਲੌਰ ਭੇਜਿਆ। ਕੁਝ ਕੋਲ ਪੈਸੇ ਹੋਰ ਦਿਤੇ ਸਨ ਕਿ ਜੇਕਰ ਉਸਦੀ ਚੋਣ ਨਾ ਹੋਈ ਤਾਂ ਉਹ ਰੋਵੇ ਨਾ ਘਰ ਆ ਜਾਵੇ। ਲੈਫਟੀਨੈਂਟ ਐਸ. ਵਿਜਿਆ ਦੇਵੀ ਨੇ ਕਦੀ ਆਪਣੀ ਜ਼ਿੰਦਰੀ ਵਿਚ ਸਮੁੰਦਰ ਨਹੀਂ ਵੇਖਿਆ ਸੀ। ਇਹ ਮਣੀਪੁਰ ਦੀ ਰਹਿਣ ਵਾਲੀ ਹੈ। ਇਸਨੂੰ ਪਾਣੀ ਤੋਂ ਬਹੁਤ ਡਰ ਲਗਦਾ ਸੀ ਪਰ ਅੱਜ ਲੈਫਟੀਨੈਂਟ ਹੈ। ਲੈਫਟੀਨੈਂਟ ਪਾਇਲ ਗੁਪਤਾ ਜੋ ਕਿ ਦੇਹਰਾਦੂਨ ਨਾਲ ਸਬੰਧ ਰੱਖਦੀ ਹੈ, ਉਸਨੇ ਪੰਜਵੀਂ ਵਾਰ ਟੈਸਟ ਪਾਸ ਕੀਤਾ ਅਤੇ ਆਖਿਰ ਸਮੁੰਦਰੀ ਸੈਨਾ ਦੇ ਵਿਚ ਸ਼ਾਮਿਲ ਹੋ ਹੀ ਗਈ। ਇਨ੍ਹਾਂ ਕੁੜੀਆਂ ਨੂੰ 3 ਦਸੰਬਰ ਨੂੰ ਭਾਰਤੀ ਹਾਈਕਮਿਸ਼ਨ ਅਤੇ ਭਾਰਤੀ ਭਾਈਚਾਰੇ ਵੱਲੋਂ ਰਾਤਰੀ ਭੋਜਨ ਦਿੱਤਾ ਜਾ ਰਿਹਾ ਹੈ।

Install Punjabi Akhbar App

Install
×