‘ਇੰਡੀਅਨ ਗੁੱਡਵਿੱਲ ਡੈਲੀਗੇਸ਼ਨ’ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ

NZ PIC 3 June-3‘ਇੰਡੀਅਨ ਗੁੱਡਵਿੱਲ ਡੈਲੀਗੇਸ਼ਨ’ ਦਾ ਇਕ ਵਫਦ ਮਾਣਯੋਗ ਰਾਜੀਵ ਪ੍ਰਤਾਪ ਰੂਡੀ ਰਾਜ ਮੰਤਰੀ ਸਕਿੱਲ ਡਿਵੈਲਪਮੈਂਟ ਅਤੇ ਇੰਟਰਪਰਨਿਊਰਸ਼ਿਪ ਦੀ ਅਗਵਾਈ ਹੇਠ ਸਾਂਸਦ ਸ੍ਰੀ ਅਵਿਨਾਸ਼ ਰਾਏ ਖੰਨਾ, ਸ੍ਰੀ ਅਰਵਿੰਦ ਕੁਮਾਰ ਸਿੰਘ, ਡਾ. ਪੋਨੂਸੈਮੀ ਵੇਨੂਗੋਪਾਲ, ਸ੍ਰੀ ਅਲੀ ਅਨਵਰ ਅੰਸਾਰੀ, ਸ੍ਰੀਮਤੀ ਝਰਨਾ ਦਾਸ ਬਾਦਿਆ, ਸ੍ਰੀ ਦਿਲੀਪ ਕੁਮਾਰ ਟਿਰਕੀ, ਸ੍ਰੀ ਪ੍ਰਾਸੁਨ ਬੈਨਰਜੀ ਅਤੇ ਵੈਨਕਾਟਾ ਨਾਰਾਸ਼ਿਮਹਮ ਥੋਟਾ ਦੇ ਨਾਲ ਦੋ ਦਿਨਾਂ ਨਿਊਜ਼ੀਲੈਂਡ ਦੌਰੇ ‘ਤੇ ਕੱਲ੍ਹ ਪਹੁੰਚਿਆ। ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸੰਸਦ ਭਵਨ ਦੇ ਬਾਹਰ ਜਿੱਥੇ ਦੇਸ਼ ਦਾ ਝੰਡਾ ਝੁੱਲ ਰਿਹਾ ਸੀ ਉਥੇ ਨਾਲ ਹੀ ਭਾਰਤ ਦਾ ਤਿਰੰਗਾ ਵੀ ਲਹਿਰਾਇਆ ਗਿਆ। ਇਸ ਉਚ ਪੱਧਰੀ ਸਰਕਾਰੀ ਭਾਰਤੀ ਵਫਦ ਨੇ ਸੰਸਦ ਭਵਨ ਦੀ ਗੈਲਰੀ ਦੇ ਵਿਚ ਬੈਠ ਕੇ ਸਾਰੀ ਕਾਰਵਾਈ ਵੇਖੀ। ਇਨ੍ਹਾਂ ਦੀ ਹਾਜ਼ਰੀ ਨੂੰ ਮਾਣਯੋਗ ਸਪੀਕਰ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਡੈਲੀਗੇਸ਼ਨ ਨੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਦੇ ਨਾਲ ਮੀਟਿੰਗ ਕੀਤੀ। ਭਾਰਤ ਅਤੇ ਨਿਊਜ਼ੀਲੈਂਡ  ਦਰਮਿਆਨ ਬਹੁਤ ਜਲਦ ਹੋ ਰਹੇ ਮੁਕਤ ਵਪਾਰ ਸਮਝੌਤੇ ਸਬੰਧੀ ਵੀ ਦੋਵਾਂ ਪਾਸਿਆਂ ਦੇ ਮੰਤਰੀ ਸਾਹਿਬਾਨਾਂ ਨੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਇਹ ਡੈਲੀਗੇਸ਼ਨ ਆਸਟਰੇਲੀਆ ਹੋ ਕੇ ਆਇਆ ਹੈ।

Install Punjabi Akhbar App

Install
×