ਨਾ ਰਹੇ ਆਰ ਦੇ – ਨਾ ਰਹੇ ਪਾਰ ਦੇ: ਭਾਰਤੀ ਏਜੰਟਾਂ ਵਿਦਿਆਰਥੀਆਂ ਨਾਲ ਦਗਾ ਕਮਾਇਆ

NZ PIC 3 Sep-1 B
(ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀ ਅਤੇ ਸਹਿਯੋਗੀ ਜਲਾਵਤਨੀ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ)

ਭਾਰਤੀ ਏਜੰਟਾਂ ਨੇ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਕਰਨ ਵਿਚ ਜਾਅਲੀ ਕਾਗਜ਼ਾਂ ਦਾ ਸਹਾਰਾ ਲੈ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਦਗਾ ਕਮਾਇਆ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਸੈਂਕੜੇ ਅਜਿਹੀ ਕੇਸ ਜਾਂਚ-ਪੜ੍ਹਤਾਲ ਵਿਚ ਕੱਢੇ ਹਨ ਜਿਨ੍ਹਾਂ ਦੇ ਵਿਚ ਜਾਅਲੀ ਕਾਗਜ਼ਾਂ ਦੀ ਵਰਤੋਂ ਕੀਤੀ ਗਈ ਹੈ। ਬਹੁਤ ਸਾਰੇ ਵਿਦਿਆਰਥੀ ਹੈਦਰਾਬਾਦ ਵਾਲੇ ਪਾਸੇ ਤੋਂ ਹਨ। ਆਂਧਰਾ ਬੈਂਕ ਦੇ ਜਾਅਲੀ ਕਾਗਜ਼ ਵਰਤੇ ਗਏ ਹਨ। ਅੱਜ ਸੈਂਕੜੇ ਵਿਦਿਆਰਥੀਆਂ ਨੇ ਇਕ ਭਾਰਤੀ ਸੰਸਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਪਰਮਾਰ ਦੇ ਮਾਊਂਟ ਰੌਸਕਿਲ ਦਫਤਰ ਸਾਹਮਣੇ ਆਪਣਾ ਰੋਸ ਪ੍ਰਗਟ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਮਾਮਲੇ ਵਿਚ ਬੇਕਸੂਰ ਹਨ ਅਤੇ ਏਜੰਟਾਂ ਨੇ ਧੋਖਾ ਕੀਤਾ ਹੈ। ਇਕਨਾਮਿਕਸ, ਡਿਵੈਲਪਮੈਂਟ ਤੇ ਸਿੱਖਿਆ ਮੰਤਰੀ ਸ੍ਰੀ ਸਟੀਵ ਜੋਇਸ ਨੇ ਇਸ ਕੇਸ ਵਿਚ ਆਮ ਮੁਆਫੀ ਦੇਣ ਤੋਂ ਨਾਂਹ ਕੀਤੀ ਹੈ ਅਤੇ ਕਿਹਾ ਕਿ ਜਦੋਂ ਕੋਈ ਵੀ ਵਿਦਿਆਰਥੀ ਇਥੇ ਆਉਂਦਾ ਹੈ ਤਾਂ ਉਹ ਤਸਦੀਕ ਕਰਦਾ ਹੈ ਕਿ ਉਸਨੇ ਜੋ ਵੀ ਕਾਗਜ਼ ਲਗਾਏ ਸਹੀ ਅਤੇ ਦਰੁਸਤ ਹਨ। ਇਸ ਕਰਕੇ ਇਸ ਜਾਅਲੀ ਕਾਗਜ਼ਾਤ ਪੇਸ਼ ਕਰਨ ਵਿਚ ਉਨ੍ਹਾਂ ਦੀ ਭਾਗੀਦਾਰੀ ਤੋਂ ਨਹੀਂ ਬਚਿਆ ਜਾ ਸਕਦਾ। ਹਾਲ ਹੀ ਵਿਚ 41 ਭਾਰਤੀ ਵਿਦਿਆਰਥੀਆਂ ਦੀ ਜਲਾਵਤਨੀ ਹੋ ਚੁੱਕੀ ਹੈ ਅਤੇ ਦਰਜਨਾਂ ਹੋਰ ਦੀ ਹੋਣੀ ਹੈ। ਲਗਪਗ 22000 ਦੇ ਕਰੀਬ ਭਾਰਤੀ ਵਿਦਿਆਰਥੀ ਸਲਾਨਾ ਇਥੇ ਪੜ੍ਹਨ ਆਉਂਦੇ ਰਹੇ ਹਨ। ਨਿਊਜ਼ੀਲੈਂਡ ਲਗਪਗ 3 ਮਿਲੀਅਨ ਡਾਲਰ ਦੀ ਪੜ੍ਹਾਈ ਹਰ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੇਚਦਾ ਹੈ।  ਇਨੀਂ ਦਿਨੀਂ 40% ਤੱਕ ਭਾਰਤੀ ਵਿਦਿਆਰਥੀਆਂ ਦੀ ਅਰਜ਼ੀਆਂ ਵੀਜ਼ਾ ਦੇਣ ਤੋਂ ਇਨਕਾਰੀ ਕੀਤੀਆਂ ਜਾ ਰਹੀਆਂ ਹਨ। ਤੱਕ ਭਾਰਤੀ ਵਿਦਿਆਰਥੀਆਂ ਦੇ ਆਉਣ ਉਤੇ ਅਜੇ ਪੱਕੀ ਰੋਕ ਲਗਾਉਣ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ। ਇਸ ਵੇਲੇ ਲਗਪਗ 150 ਵਿਦਿਆਰਥੀ ‘ਡੀਪੋਰਟੇਸ਼ਨ’ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਪੂਰੀ ਨਹੀਂ ਕਰਨ ਦਿੱਤੀ ਜਾ ਰਹੀ। ਇਸ ਤੋਂ ਪਹਿਲਾਂ ਲਗਪਗ 146 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦੀ ਹਾਲਤ ਨਾ ਰਹੇ ਆਰ ਦੇ ਅਤੇ ਨਾ ਰਹੇ ਪਾਰ ਦੇ ਵਾਲੀ ਹੋ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੇ ਇਕ ਵਕੀਲ ਰਾਹੀਂ ਇਮੀਗ੍ਰੇਸ਼ਨ ਮੰਤਰੀ ਕੋਲ ਜਲਾਵਤਨੀ ਰੋਕਣ ਵਾਸਤੇ ਅਰਜ਼ੀ ਵੀ ਦਿੱਤੀ ਹੋਈ ਹੈ। ਅੱਜ ਰਾਸ਼ਟਰੀ ਮੀਡੀਆ ਵੀ ਸਾਰੇ ਰੋਸ ਮਾਰਚ ਨੂੰ ਕਵਰ ਕਰਨ ਪਹੁੰਚਿਆ ਹੋਇਆ ਸੀ।
ਸਿਖਿਆ ਸੰਸਥਾਨਾਂ ਵੱਲੋਂ ਜਲਾਵਤਨੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਫੀਸਾਂ ਮੋੜਨ ਤੋਂ ਮਨ੍ਹਾਂ ਕੀਤਾ ਗਿਆ ਹੈ। ਅੱਜ ਦੇ ਰੋਸ ਪ੍ਰਦਰਸ਼ਨ ਵਿਚ ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ ਤੋਂ ਸ੍ਰੀਮਤੀ ਅਨੂ ਕਲੋਟੀ ਤੇ ਸੰਨੀ ਸਹਿਗਲ ਤੇ ਪੰਥਕ ਵਿਚਾਰ ਮੰਚ ਤੋਂ ਸ. ਕੁਲਦੀਪ ਸਿੰਘ ਨੇ ਸੰਬੋਧਨ ਕੀਤਾ। ਹੋਰਨਾਂ ਵਿਚ ਲੇਬਰ ਪਾਰਟੀ ਤੋਂ ਸੰਨੀ ਕੌਸ਼ਿਲ, ਸ. ਭਾਰਤੀ ਕਲੋਟੀ, ਅਮਨ ਸਿੰਘ ਵੀ ਇਸ ਰੋਸ ਪ੍ਰਦਰਸ਼ਨ ਵਿਚ ਵਿਦਿਆਰਥੀਆਂ ਦਾ ਸਾਥ ਦੇਣ ਪੁੱਜੇ। ਨਿਊਜ਼ੀਲੈਂਡ ਫਸਟ, ਗ੍ਰੀਨ ਪਾਰਟੀ ਤੋਂ ਵੀ ਵਿਦਿਆਰਥੀਆਂ ਦੇ ਹੱਕ ਵਿਚ ਆਵਾਜ਼ ਉੱਠੀ ਹੈ।
ਪਤਾ ਲੱਗਾ ਹੈ ਕਿ ਅਜਿਹਾ ਪਹਿਲਾਂ ਵੀ ਚੀਨ ਤੋਂ ਆਏ ਵਿਦਿਆਰਥੀਆਂ ਅਤੇ ਫਿਲਪੀਨਜ਼ ਤੋਂ ਆਏ ਕਾਮਿਆਂ ਨਾਲ ਅਜਿਹਾ ਹੋਇਆ ਸੀ ਉਤੇ ਸਰਕਾਰ ਨੇ ਪੀੜ੍ਹਤ ਵਿਦਿਆਰਥੀਆਂ ਅਤੇ ਵਰਕਰਾਂ ਦਾ ਸਾਥ ਦਿੰਦੇ ਹੋਏ ਉਨ੍ਹਾਂ ਨੂੰ ਨਿਊਜ਼ੀਲੈਂਡ ਰਹਿਣ ਦਾ ਹੱਕ ਦਿੱਤਾ ਸੀ, ਪਰ ਜਦੋਂ ਹੁਣ ਭਾਰਤੀ ਵਿਦਿਆਰਥੀਆਂ ਦੀ ਵਾਰੀ ਆਈ ਤਾਂ ਸਰਕਾਰ ਸਖਤ ਹੋ ਰਹੀ ਹੈ ਅਤੇ ਵਾਪਿਸ ਭੇਜਣ ਦਾ ਦਬਾਅ ਪਾ ਰਹੀ ਹੈ।

Install Punjabi Akhbar App

Install
×