ਨਾਂਅ ਪ੍ਰਭੂ ਕ੍ਰਿਪਾ ਤੇ ਕੰਮ ਸ਼ੈਤਾਨਾਂ ਵਾਲੇ 

– ਹੇਸਟਿੰਗਜ਼ ਵਿਖੇ ‘ਇੰਡੀਅਨ ਪੈਲੇਸ ਰੈਸਟੋਰੈਂਟ’ ਚਲਾ ਰਿਹਾ ਭਾਰਤੀ ਜੋੜਾ ਟੈਕਸ ਹੇਰਾਫੇਰੀ ਵਿਚ ਫਸਿਆ
– ਵਿਖਾਇਆ ਘਾਟਾ-ਪਰ ਜਮ੍ਹਾ ਕਰਵਾਉਂਦੇ ਰਹੇ ਨਕਦੀ
– ਜੋੜੇ ਨੂੰ ਅਕਤੂਬਰ ਮਹੀਨੇ ਸਜ਼ਾ ਸੁਣਾਈ ਜਾਏਗੀ

NZ PIC 31 july-1
ਆਕਲੈਂਡ 31 ਜੁਲਾਈ  – ਹੇਸਟਿੰਗਜ਼ ਵਿਖੇ ‘ਇੰਡੀਅਨ ਪੈਲੇਸ ਰੈਸਟੋਰੈਂਟ’ ਚਲਾ ਰਿਹਾ ਇਕ ਭਾਰਤੀ ਜੋੜਾ ਰਾਕੇਸ਼ ਕੁਮਾਰ (56) ਅਤੇ ਉਸਦੀ ਪਤਨੀ ਨਲਿਨੀ (55) ਆਈ. ਆਰ.ਡੀ. ਵਿਭਾਗ ਦੇ ਨਾਲ ਟੈਕਸ ਹੇਰਾਫੇਰੀ ਕਰਨ ਦੇ  ਚੱਕਰ ‘ਚ ਫਸ ਗਏ ਹਨ। 2010 ਤੋਂ 2016 ਦੌਰਾਨ ਇਨ੍ਹਾਂ ਨੇ ਇਹੀ ਰੱਟ ਲਾਈ ਰੱਖੀ ਕਿ ਉਨ੍ਹਾਂ ਦੇ ਹਰ ਵਪਾਰ ਵਿਚ ਘਾਟਾ ਪੈ ਰਿਹਾ ਹੈ ਪਰ ਉਨ੍ਹਾਂ ਦੇ ਬੈਂਕ ਖਾਤੇ ਵਿਚ ਚਿਰਾਪੂੰਜੀ ਦੇ ਬਦਲਾਂ ਵਾਂਗ ਨਕਦੀ ਜਰੂਰ ਵਰ੍ਹਦੀ ਰਹੀ। ਅੱਜ ਇਕ ਨੈਸ਼ਨਲ ਅਖਬਾਰ ਨੇ ਵਿਸਤ੍ਰਿਤ ਰਿਪੋਰਟ ਛਾਪੀ ਹੈ। ਹੇਸਟਿੰਗਜ਼ ਜਿਲ੍ਹਾ ਅਦਾਲਤ ਨੇ ਇਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਹੈ।
ਕੰਪਨੀ ਦਾ ਨਾਂਅ ‘ਪ੍ਰਭੂ ਕ੍ਰਿਪਾ ਲਿਮਟਿਡ’ ਸੀ ਜਦ ਕਿ ਇਹ ਕੰਮ ਸ਼ੈਤਾਨਾਂ ਵਾਲਾ ਕਰਦੇ ਰਹੇ। ਜਦੋਂ ਆਈ. ਆਰ. ਡੀ. ਨੇ ਉਨ੍ਹਾਂ ਵੱਲੋਂ ਵਿਖਾਏ ਜਾਂਦੇ ਘਾਟੇ ਨੂੰ ਨੇੜੇ ਹੋ ਕੇ ਗਹੁ ਨਾਲ ਤੱਕਿਆ ਤਾਂ ਉਨ੍ਹਾਂ ਨੂੰ ਘਾਟਾ ਨਹੀਂ ਸਗੋਂ ਉਨ੍ਹਾਂ ਦੀਆਂ ਅੱਖਾਂ ਵਿਚ ਪਾਇਆ ਜਾ ਰਿਹਾ ਘੱਟਾ ਦਿੱਸਿਆ। ਰਾਕੇਸ਼ ਕੁਮਾਰ ਦੀ ਇਕ ਕੰਪਨੀ ਨਹੀਂ ਸਗੋਂ ਕਈ ਬਿਜ਼ਨਸ ਹਨ। ਕਮਾਲ ਦੀ ਗੱਲ ਇਹ ਰਹੀ ਕਿ ਘਾਟੇ ਦੌਰਾਨ ਉਨ੍ਹਾਂ ਨੇ ਨਵਾਂ ਬਿਜ਼ਨਸ ਵੀ ਖਰੀਦਿਆ। ਇਨ੍ਹਾਂ  ਕੋਲ ਡੇਅਰੀ, ਰੈਸਟੋਰੈਂਟ, ਰੈਂਟਲ ਪ੍ਰਾਪਰਟੀ ਅਤੇ ਹਾਰਟੀਕਲਚਰ ਨਾਲ ਸਬੰਧਿਤ ਬਿਜ਼ਨਸ ਹਨ। ਬੈਂਕ ਰਿਕਾਰਡ ਤੋਂ ਪਤਾ ਲੱਗਿਆ ਹੈ ਉਨ੍ਹਾਂ ਦੇ ਖਾਤੇ ਵਿਚ ਲਗਾਤਾਰ ਨਕਦੀ ਜਮ੍ਹਾ ਹੁੰਦੀ ਰਹੀ ਹੈ। ਕੁਝ ਪਰਿਵਾਰਕ ਮੈਂਬਰਾਂ ਦੇ ਖਾਤੇ ਵਿਚ ਵੀ ਨਕਦੀ ਜਮ੍ਹਾ ਹੁੰਦੀ ਰਹੀ ਪਰ ਇਹ ਪੈਸਾ ਕਿਥੋਂ ਆਉਂਦਾ ਰਿਹਾ? ਨਹੀਂ ਦੱਸਿਆ ਗਿਆ। ਉਸਨੇ ਆਪਣੇ ਕਾਮਿਆਂ ਨੂੰ ਵੀ ਨਕਦ ਮਿਹਨਤਾਨਾ ਹੀ ਦਿੱਤਾ। 2009 ਤੋਂ 2016 ਤੱਕ ਇਸ ਜੋੜੇ ਨੇ 833,294-99 ਡਾਲਰ ਇਧਰ-ਉਧਰ ਕੀਤੇ। ਅੱਜ ਰਾਕੇਸ਼ ਕੁਮਾਰ ਨੂੰ ਹੇਸਟਿੰਗਜ਼ ਜ਼ਿਲ੍ਹਾ ਅਦਾਲਤ ਨੇ ਤਿੰਨ ਦੋਸ਼ਾਂ ਲਈ ਜ਼ਿੰਮੇਵਾਰ ਮੰਨਿਆ ਜਦ ਕਿ ਉਸਦੀ ਪਤਨੀ ਨਲਿਨੀ ਕੁਮਾਰ ਉਤੇ ਇਕ ਦੋਸ਼ ਸਾਬਿਤ ਹੋਇਆ। ਨਲਿਨੀ ਕੁਮਾਰ ‘ਪ੍ਰਭੂ ਕ੍ਰਿਪਾ ਲਿਮਟਿਡ’ ਕੰਪਨੀ ਦੀ ਨਿਰਦੇਸ਼ਕ ਅਤੇ ਹਿੱਸੇਦਾਰ ਹੈ ਜੋ ਕਿ ਇੰਡੀਅਨ ਪੈਲੇਸ ਰੈਸਟੋਰੈਂਟ ਚਲਾਉਂਦੀ ਹੈ। ਜਾਂਚ-ਪੜਤਾਲ ਦੇ ਚਲਦਿਆਂ ਇਕ ਸਾਲ ਉਨ੍ਹਾਂ ਨੇ ਆਪਣੇ ਵਪਾਰ ਦੀ ਸਿਰਫ 1% ਤੋਂ ਵੀ ਘੱਟ ਨਕਦ ਸੇਲ ਵਿਖਾਈ ਜਦ ਕਿ ਇਸ ਬਿਜ਼ਨਸ ਵਿਚ 30% ਨਕਦ ਸੇਲ ਆਮ ਹੁੰਦੀ ਹੈ। ਇਕ ਪੀ.ਏ.ਵਾਈ. ਆਈ (ਦਾ ਪੇਅ ਐਜ਼ ਯੂ ਅਰਨ (P1Y5) ) ਇਹ ਦਰਸਾਉਂਦੀ ਹੈ ਕਿ ਦਸੰਬਰ 2010 ਅਤੇ ਫਰਵਰੀ 2011 ਤੱਕ ਜਦ ਕਿ ਇਹ ਸਮਾਂ ਬਿਜ਼ਨਸ ਦਾ ਵਧੀਆ ਸਮਾਂ ਹੁੰਦਾ ਹੈ, ਦੌਰਾਨ ਕੰਪਨੀ ਕੋਲ ਸਿਰਫ ਇਕ ਹੀ ਵਰਕਰ ਸੀ ਅਤੇ ਉਸਨੂੰ ਮਹੀਨ ਦੇ ਸਿਰਫ 947 ਡਾਲਰ ਦਿੱਤੇ ਗਏ। ਨਲਿਨੀ ਕੁਮਾਰ ਨੇ ਇਹ ਜਾਣਦੇ ਹੋਏ ਕਿ ਇਹ ਰਿਟਰਨ ਗਲਤ ਹੈ, ਉਤੇ ਦਸਤਖਤ ਕੀਤੇ ਤਾਂ ਕਿ ਲੱਖਾਂ ਡਾਲਰ ਬਚਾਇਆ ਜਾ ਸਕੇ। ਇਸ ਜੋੜੇ ਨੂੰ ਅਕਤੂਬਰ ਮਹੀਨੇ ਸਜ਼ਾ ਸੁਣਾਈ ਜਾਏਗੀ ਅਤੇ ਫਿਲਹਾਲ ਜ਼ਮਾਨਤ ਦੇ ਦਿੱਤੀ ਗਈ ਹੈ। ਆਈ. ਆਰ.ਡੀ. ਨੇ ਆਪਣਾ ਬਣਦਾ ਟੈਕਸ ਕਢਵਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ।

Install Punjabi Akhbar App

Install
×