ਹਾਏ ਪੈਸਾ: ਆਪਣਿਆਂ ਵੱਲੋਂ ਆਪਣਿਆਂ ਦਾ ਸੋਸ਼ਣ: ਨਿਊਜ਼ੀਲੈਂਡ ‘ਚ ਭਾਰਤੀ ਕੰਪਨੀ ਮਾਲਕਾਂ ਨੇ 121 ਕਾਮਿਆਂ ਦੇ 1,61,343 ਡਾਲਰ ਡਕਾਰੇ

ਨਿਊਜ਼ੀਲੈਂਡ ਦੇ ਵਿਚ ਘੱਟ ਮਿਹਨਤਾਨਾ ਦੇ ਕੇ ਜਿਆਦਾ ਕੰਮ ਕਰਾਉਣ ਦੀਆਂ ਖਬਰਾਂ ਵਿਚ ਭਾਰਤੀ ਖਾਸ ਕਰ ਪੰਜਾਬੀਆਂ ਦੇ ਨਾਂਅ ਅਕਸਰ ਚਮਕ ਕੇ ਪੂਰੇ ਭਾਈਚਾਰੇ ਦਾ ਨਾਂਅ ਧੁੰਦਲਾ ਕਰ ਰਹੇ ਹਨ। ਇਕ ਤਾਜ਼ਾ ਪੜਤਾਲ ਦੇ ਵਿਚ ਭਾਰਤੀ ਮਾਲਕਾਂ ਦੀ ਇਕ ਕੰਪਨੀ ‘ਫ੍ਰੀ ਮਾਈਂਡ ਇੰਟਰਪ੍ਰਾਈਜ਼ਿਜ’ ਜੋ ਕੇ ਬੇਅ ਆਫ ਪਲੈਂਟੀ ਖੇਤਰ ਦੇ ਵਿਤ ਕੀਵੀ ਕਾਸ਼ਤ ਦਾ ਕਾਰੋਬਾਰ ਕਰਦੀ ਸੀ, ਨੇ ਆਪਣੇ 121 ਕਾਮਿਆਂ ਦੀ ਵੱਖ-ਵੱਖ ਤਨਖਾਹ ਜਾਂ ਮਿਹਨਤਾਨਾ  ਜਿਨਾਂ੍ਹ ਵਿਚ ਛੁੱਟੀਆਂ ਦੇ ਪੈਸੇ ਵੀ ਸ਼ਾਮਿਲ ਹਨ, ਮਾਰ ਕੇ 1,61,343.67 ਡਾਲਰ ਡਕਾਰ ਲਏ। ਇਨਾਂ੍ਹ ਕਾਮਿਆਂ ਦੇ ਵਿਚੋਂ ਬਹੁਤ ਸਾਰੇ ਭਾਰਤ ਜਾਂ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਕਾਮਿਆਂ ਦੀ ਜਾਰੀ ਲਿਸਟ ਵਿਚ ਕੁਝ ਔਰਤਾਂ ਦੇ ਨਾਂਅ ਵੀ ਸ਼ਾਮਿਲ ਹਨ। ‘ਫ੍ਰੀਮਾਈਂਡ ਇੰਟਰਪ੍ਰਾਈਜ਼ਜ’ ਕੰਪਨੀ ਨੂੰ ਰੁਜ਼ਗਾਰ ਸਬੰਧੀ ਨਿਯਮ ਅਤੇ ਸ਼ਰਤਾਂ ਤੋੜਨ ਦੇ ਦੋਸ਼ ਅਧੀਨ ਜਿੱਥੇ ਉਪਰੋਕਤ 1,61,343.67  ਡਾਲਰ ਸਾਰੇ ਕਾਮਿਆਂ ਨੂੰ ਜਾਰੀ ਸੂਚੀ ਮੁਤਾਬਿਕ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਉਥੇ ਰੁਜ਼ਗਾਰ ਸਬੰਧੀ ਨਿਯਮ ਅਤੇ ਸ਼ਰਤਾਂ ਤੋੜਨ ਦੇ ਦੋਸ਼ ਅਧੀਨ 65,000 ਡਾਲਰ ਦਾ ਹੋਰ ਜ਼ੁਰਮਾਨਾ ਵੀ ਕੀਤਾ ਗਿਆ ਹੈ। ਕੰਪਨੀ ਦੇ ਡਾਇਰੈਕਟਰ ਨੇ ਆਪਣੀ ਸਫਾਈ ਵਿਚ ਸਥਾਨਕ ਮੀਡੀਆ ਨੂੰ ਕਿਹਾ ਹੈ ਕਿ ਉਨਾਂ ਦੇ ਸਾਰੇ ਕਾਮੇ ਕੱਚੇ ਤੌਰ ‘ਤੇ ਸਨ ਅਤੇ ਉਹ ਨਹੀਂ ਸੀ ਜਾਣਦੇ ਕਿ ਉਨਾਂ ਨੂੰ ਛੁੱਟੀਆਂ ਆਦਿ ਦੇ ਪੈਸੇ ਦੇਣੇ ਹਨ। ਇਕ ਅੱਧ ਕਾਮੇ ਤੋਂ ਇਲਾਵਾ ਕਿਸੇ ਵੀ ਕਾਮੇ ਦੇ ਨਾਲ ਲਿਖਤੀ ਸਮਝੌਤਾ ਵੀ ਨਹੀਂ ਸੀ ਕੀਤਾ ਗਿਆ ਜੋ ਕਿ ਨਿਊਜ਼ੀਲੈਂਡ ਦੇ ਕਾਨੂੰਨ ਮੁਤਾਬਿਕ ਗਲਤ ਹੈ। ਲੇਬਰ ਇੰਸਪੈਕਟਰ ਨੇ ਕਿਹਾ ਹੈ ਕਿ ਰੁਜ਼ਗਾਰ ਦਾਤਾ ਨੂੰ ਆਪਣੇ ਸਾਰੇ ਕਾਨੂੰਨੀ ਇਕਰਾਰਨਾਮਿਆਂ ਦਾ ਪਤਾ ਸੀ। ਲੇਬਰ ਇੰਸਪੈਕਟਰ ਨੇ ਕਿਹਾ ਕਿ ਡਾਇਰੈਕਟਰ ਨੇ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੀ ਪੜਤਾਲ ਦੇ ਵਿਚ ਪਸ਼ਚਾਤਾਪ ਵਿਖਾਇਆ। ਕੰਪਨੀ ਦੇ ਵਕੀਲ ਨੇ ਕਿਹਾ ਕਿ ਜਿਨਾਂ ਦੇ ਅਧਾਰ ‘ਤੇ  ਦਾਅਵੇ ਕੀਤੇ ਗਏ ਹਨ ਉਨਾਂ ਵਿਚੋਂ ਬਹੁਤੇ ਸਾਰੇ ਹੁਣ ਇਸ ਦੇਸ਼ ਵਿਚ ਨਹੀਂ ਹਨ ਅਤੇ ਲੇਬਰ ਇੰਸਪੈਕਟਰ ਦੇ ਨਾਲ ਉਨਾਂ ਦੀ ਗੱਲ ਵੀ ਨਹੀਂ ਹੋਈ।

Install Punjabi Akhbar App

Install
×