ਨਿਊਜ਼ੀਲੈਂਡ ਦੇ ਕ੍ਰਿਕਟ ਮੈਚਾਂ ਵਿਚ ਭਾਰਤੀ ਮੁੰਡਿਆਂ ਦੀ ਚੜ੍ਹਾਈ

NZ PIC 25 March-1ਨਿਊਜ਼ੀਲੈਂਡ ਦੇ ਵੱਖ-ਵੱਖ ਖੇਤਰਾਂ ਦੇ ਵਿਚ ਸਰਗਰਮ ਖੇਡ ਸੰਸਥਾਵਾਂ ਆਪਣੇ ਇਲਾਕਿਆਂ ਦੇ ਵਿਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸਥਾਨਿਕ ਬੱਚਿਆਂ ਅਤੇ  ਵੱਡਿਆਂ ਨੂੰ ਰਾਸ਼ਟਰੀ ਪੱਧਰ ‘ਤੇ ਜਾਣ ਤੱਕ ਦਾ ਰਸਤਾ ਪੱਧਰਾ ਕਰ ਦਿੰਦੀਆਂ ਹਨ। ਚੰਗੇ ਖਿਡਾਰੀ ਇਕ ਤੋਂ ਬਾਅਦ ਇਕ ਸੀਨੀਅਰ ਅਤੇ ਪ੍ਰੀਮੀਅਰ ਟੀਮ ਦੇ ਵਿਚ ਹੁੰਦੇ ਹੋਏ ਨੈਸ਼ਨਲ ਤੱਕ ਜਾ ਪੁੱਜਦੇ ਹਨ। ਭਾਰਤੀ ਬੱਚੇ ਵੀ ਇਨ੍ਹਾਂ ਖੇਡਾਂ ਦੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਆਕਲੈਂਡ ਦੇ ਵਿਚ ‘ਕਾਊਂਟੀਜ਼ ਮੈਨੁਕਾਓ ਕ੍ਰਿਕਟ ਐਸੋਸੀਏਸ਼ਨ ਅਧੀਨ ਸੀਨੀਅਰ-ਬੀ ਟੀਮ (ਕਰੂਸੇਇਡਰ) ਜੋ ਕਿ ‘ਯੁਨਾਈਟਿਡ ਕੱਲਬ ਡਰੂਰੀ’ ਦੀ ਸਰਪ੍ਰਸਤੀ ਹੇਠ ਖੇਡਦੀ ਹੈ ਇਸ ਸੀਜਨ ਦੇ ਵਿਚ ਛਾਈ ਰਹੀ। ਬੀਤੇ ਦਿਨੀਂ 10 ਭਾਰਤੀਆਂ ਅਤੇ ਦੋ ਗੋਰੇ ਮੁੰਡਿਆਂ ਦੀ ਇਸ ਟੀਮ ਨੇ ਫਾਈਨਲ ਮੁਕਾਬਲਾ ਗਲਿਨ ਬਰੁਕ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿੱਪ ਆਪਣੇ ਨਾਂਅ ਕੀਤੀ। ਕੈਪਟਨ ਰਜਿਤ ਮਲਹੋਤਰਾ ਅਤੇ ਟੀਮ ਦੇ ਸਾਰੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨ ਸ਼ਿੱਪ ਦੇ ਵਿਚ ਕੁੱਲ 8 ਟੀਮਾਂ ਨੇ ਭਾਗ ਲਿਆ ਸੀ। ਕਰੂਸੇਇਡਰ ਟੀਮ ਨੇ  ਸੈਮੀਫਾਈਨਲ ਤੋਂ ਪਹਿਲਾਂ 14 ਮੈਚ ਖੇਡੇ ਜਿਸ ਵਿਚ 7 ਜਿੱਤੇ, ਤਿੰਨ ਬਰਾਬਰ ਰਹੇ। ਗਲਿਨ ਬਰੁੱਕ ਦੀ ਟੀਮ ਨੇ 41.4 ਓਵਰਾਂ ਵਿਚ 174 ਦੌੜਾਂ ਬਣਾਈਆਂ ਜਦ ਕਿ ਇਹ ਟੀਚਾ ‘ਕਰੂਸੇਇਡਰਜ਼’ ਦੀ ਟੀਮ ਨੇ 42.4 ਓਵਰਾਂ ਵਿਚ ਪੂਰਾ ਕਰ ਲਿਆ ਤੇ 177 ਦੌੜਾਂ ਬਣਾ ਲਈਆਂ। ਮੈਨ ਆਫ ਦਾ ਮੈਚ ਮਨਪ੍ਰੀਤ ਸਿੰਘ ਬਸਿਆਲਾ ਅਤੇ ਸਿਮਰ ਬਹਿਲ ਨੂੰ ਐਲਾਨਿਆਂ ਗਿਆ ਜਿਨ੍ਹਾਂ ਨੇ ਕ੍ਰਮਵਾਰ 65 ਦੌੜਾਂ (106 ਗੇਂਦਾਂ 8 ਚੌਕੇ) ਅਤੇ ਸਿਮਰ ਨੇ 4 ਵਿਕਟਾਂ 37 ਦੌੜਾਂ ਬਣਾਈਆਂ। ਪੂਰੇ ਸੀਜ਼ਨ ਦੌਰਾਨ ਰੋਹਿਤ ਘਈ ਨੇ 362 ਦੌੜਾਂ ਬਣਾਈਆਂ ਜਦ ਕਿ ਸਿਮਰ ਬਹਿਲ ਨੇ 36 ਵਿਕਟਾਂ ਲਈਆਂ। ਮਨਪ੍ਰੀਤ ਸਿੰਘ ਨੇ ਪੂਰੇ ਸੀਜ਼ਨ ਦੇ ਵਿਚ 3 ਅੱਧ ਸ਼ਤਕ ਵੀ ਬਣਾਏ। ਮੈਚ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਇਸ ਨੂੰ ਮੋਡਿਆਂ ‘ਤੇ ਚੁੱਕਿਆ।
ਹੁਣ 11 ਅਪ੍ਰੈਲ ਨੂੰ ਯੁਨਾਈਟਿਡ ਕਲੱਬ ਵੱਲੋਂ ਸਾਰੀ ਟੀਮ ਨੂੰ ਪੁਰਸਕਾਰ ਦਿੱਤੇ ਜਾਣਗੇ ਅਤੇ ਕਾਊਂਟੀਜ਼ ਮੈਨੁਕਾਓ ਕ੍ਰਿਕਟ ਐਸੋਸੀਏਸ਼ਨ ਵੱਲੋਂ ‘ਜੋਅ ਸਟਾਊਪ ਕੱਪ’ ਪੂਰੇ ਸਾਲ ਦੇ ਲਈ ਦਿੱਤਾ ਜਾਣਾ ਹੈ। ਖਿਡਾਰੀਆਂ ਨੂੰ ਮੈਡਲ ਵੀ ਦਿੱਤੇ ਜਾਣਗੇ। ਇਸ ਸਾਰੀ ਟੀਮ ਦੇ ਵਿਚ ਵਧੀਆ ਤਾਲਮੇਲ ਉਤਪੰਨ ਕਰਨ ਵਾਲੇ ਖਿਡਾਰੀ ਸ੍ਰੀ ਦੀਪਕ ਭਾਖੂ ਨੂੰ ਵੀ ਬਹੁਤ-ਬਹੁਤ ਵਧਾਈ। ਉਹ ਇਸ ਟੀਮ ਦੇ ਸਪੋਕਸਮੈਨ ਅਤੇ ਕੋ ਕੈਪਟਨ ਵੀ ਹਨ। ਉਨ੍ਹਾਂ ਨੇ ਬਹੁਤ ਹੀ ਸਖਤ ਮਿਹਨਤ ਦੇ ਨਾਲ ਸਾਰੇ ਮੁੰਡੇ ਤਿਆਰ ਕੀਤੇ ਹਨ ਜਿਨ੍ਹਾਂ ਨੇ ਜਿੱਤ ਦੀ ਲੜੀ ਲਾਈ।
ਪੰਜਾਬੀ ਮੀਡੀਆ ਵੱਲੋਂ ਵਧਾਈ: ਪੰਜਾਬੀ ਮੀਡੀਆ ਤੋਂ ਰੇਡੀਓ ਸਪਾਈਸ, ਕੂਕ ਸਮਾਚਾਰ ਤੇ ਪੰਜਾਬੀ ਹੈਰਲਡ ਵੱਲੋਂ ਇਸ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਅਤੇ ਇਹ ਮੁੰਡੇ ਪੂਰੇ ਦੇਸ਼ ਵਿਚ ਭਾਰਤੀਆਂ ਦਾ ਨਾਂਅ ਰੌਸ਼ਨ ਕਰਨ।

Install Punjabi Akhbar App

Install
×