ਚਿੱਤ ਕਰੇ ਹੋ ਜਾਂ ਸਾਧਣੀ.. ………… ਪੱਕੀਆਂ ਪਕਾਈਆਂ ਖਾਣ ਨੂੰ

ਨਹਾ ਧੋ ਕੇ ਫੇਰਨੀ ਮਾਲਾ
ਖੁੰਬ ਵਾਂਗੂ ਰਹਿਣਾ ਨਿੱਖਰੇ
ਹੋਣਾ ਕੱਪੜਾ ਰਤਾ ਨਾ ਕਾਲਾ..
”ਨਿਰਾ ਪੈਸਾ ‘ਕੱਠਾ ਕਰਨਾ
ਬਾਕੀ ਛੱਡ ਕੇ ਝਮੇਲੇ ਸਾਰੇ..”
ਚਿੱਤ ਕਰੇ ਹੋ ਜਾਂ ਸਾਧਣੀ…. 

ਸਾਧਾਂ ਦੇ ਬੈਂਕ ਬੈਲੈਂਸ ਵੇਖ-ਸੁਣ ਕੇ ਕੀਹਦਾ ਜੀਅ ਨਹੀਂ ਕਰੂ ਬਈ ਉਹ ਸਾਧ ਈ ਨਾ ਬਣ ਜਾਏ.. ਆਓ ਜ਼ਰਾ ਰਲ ਬੈਠ ਕੇ ਝਾਤ ਪਾਉਂਦੇ ਹਾਂ, ਉਹਨਾਂ ਦੇ ਬੈਂਕ ਬੈਲੇਂਸ ‘ਤੇ ਜਿਹੜੇ ਨੋਟ ਯੋਗ ਦੇ ਮਾਹਿਰ ਨੇ,, ਤੇ ਸਾਫ ਹੋ ਜਾਊ ਬਈ ਯੋਗ ਹੈਲਥ ਲਈ ਹੀ ਨਹੀਂ, ਵੈਲਥ ਲਈ ਵੀ ਬੇਹੱਦ ਚੰਗਾ ਹੁੰਦੈ..  ਕੀ ਸੋਚਦੇ ਹੋ ਕਿ ਕਿਹੜਾ ਧੰਦਾ ਅੱਜ ਦੀ ਘੜੀ ‘ਚ ਸਭ ਤੋਂ ਚੰਗੈ, ਜੁਆਬ ਮਿਲੂ ਯੋਗਾ.. ਕੰਸਟਰੱਕਸ਼ਨ, ਸੋਨਾ ਚਾਂਦੀ ਦੇ ਵਪਾਰ, ਖਾਧ ਉਤਪਾਦੰ ਜਾਂ ਕਿਸੇ ਹੋਰ ਕੰਮ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਚਾਹੀਦੈ ਪੈਸਾ.. ਪਰ ਜਨਾਬ ਜੀ ਇਕੋ ਇਕ ਕਾਰੋਬਾਰ ਹੈ ਜੀਹਦੇ ਲਈ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਆਵੇ ਚੋਖਾ.. ਡੇਰਾ ਪਾਓ, ਯੋਗ ਸਿਖਾਓ ਨੋਟ ਕਮਾਓ.. ਇਕੋ ਇਕ ਕਾਰੋਬਾਰ ਹੈ ਕਿ ਤੁਸੀਂ ਲੰਮੀਆਂ ਤਾਣ ਕੇ ਸੁੱਤੇ ਵੀ ਹੋਵੋ ਇਹ ਤਾਂ ਵੀ ਨੋਟ ਛਾਪੀ ਜਾਊ.. ਆਓ ਦੇਸ਼ ਦੇ ਸਭ ਤੋਂ ਅਮੀਰ ਯੋਗ ਬਾਬਿਆਂ ਨੂੰ ਮਿਲਦੇ ਹਾਂ..

baba_ramdev-small
ਸਭ ਤੋਂ ਪਹਿਲਾ ਨੌਂਅ ਬੜਾ ਜਾਣਿਆ ਪਛਾਣਿਆ ਜਿਹਾ, ਰਾਮਦੇਵ ਦਾ , ਜੀਹਦੀ ਕੰਪਨੀ ਦਾ ਨੌਂਅ ਹੈ ਪਤੰਜਲੀ ਯੋਗ ਤੇ ਕਾਰੋਬਾਰ ਕਰਦੈ ਯੋਗਾ ਕੈਂਪਾਂ ਦੇ ਨਾਲ ਨਾਲ ਰੀਅਲ ਅਸਟੇਟ ਤੇ ਜੈਵਿਕ ਖਾਧ ਪਦਾਰਥ, ਦਵਾਈਆਂ ਆਦਿ ਦੀ ਮੈਨੂਫੈਕਚਰਿੰਗ ਤੇ ਮਾਰਕੀਟਿੰਗ। ਯੋਗਾ ਕਰਦੇ ਕਰਾਉਂਦੇ ਨੇ ਇਹ ਕਾਰੋਬਾਰ ਚਲਾਏ ਤੇ ਕੁਝ ਕੁ ਸਾਲਾਂ ‘ਚ ਕਮਾ ਲਏ 5000 ਕਰੋੜ ਰੁਪਏ।

yogi-harbhajan-singh

ਦੂਜਾ ਨੌਂਅ ਆਉਂਦੈ ਯੋਗੀ ਹਰਭਜਨ ਸਿੰਘ ਦਾ, ਇਹਨਾਂ ਦੀ ਕੰਪਨੀ ਦਾ ਨੌਂਅ ਐ ਕੁੰਡਲਿਨੀ ਯੋਗ , ਤੇ ਕਾਰੋਬਾਰ ਚਲਾਉਂਦੇ ਨੇ ਸੁਰੱਖਿਆ ਸੇਵਾ ਦੇ ਨੌਂਅ ‘ਤੇ ਸਲਾਨਾ ਕਮਾਈ ਕਰਦੇ ਨੇ ਜੀ 100 ਕਰੋੜ ਡਾਲਰ ਦੀ, ਭਾਰਤੀ ਰੁਪੱਈਏ ਕਿੰਨੇ ਬਣਦੇ ਨੇ ਉਹਦੀ ਗਿਣਤੀ ਲਈ ਉਂਗਲਾਂ ਭੰਨੀ ਜਾਇਓ।

bharat-thakur

ਤੀਜਾ ਨਾਮ ਆਉਂਦੈ ਭਰਤ ਠਾਕੁਰ ਦਾ, ਕੰਪਨੀ ਖੋਲੀ ਹੋਈ ਹੈ ਆਰਟਿਸਟਿਕ ਯੋਗ ਤੇ ਕਾਰੋਬਾਰ ਕਰਦੇ ਨੇ ਯੋਗਾ ਸੈਂਟਰ ਚੱਲਦੈ, ਪਾਣੀ ਵੀ ਵਿਕਦਾ ਇਹਨਾ ਦਾ,, ਪਾਣੀ ਪੈਕ ਕਰਕੇ ਵੇਚਦੇ ਨੇ, ਫਿਲਮ ਪ੍ਰੋਡਕਸ਼ਨ ਹਾਊਸ ਵੀ ਚਲਾਉਂਦੇ ਨੇ ਤੇ ਜਾਇਦਾਦ ਬਣਾਈ ਹੈ ਕੁਝ ਕੁ ਸਾਲਾਂ ‘ਚ 10 ਕਰੋੜ ਡਾਲਰ ਦੀ।

dhrindra-brahmchari

ਧੀਰੇਂਦਰ ਬ੍ਰਹਮਚਾਰੀ ਨਾਅ ਦਾ ਬਾਬਾ ਕੰਪਨੀ ਤਾਂ ਚਲਾਉਂਦੈ ਹੱਠ ਯੋਗ ਦੀ,  ਪਰ ਕਾਰੋਬਾਰ ਕਰਦੈ ਯੋਗ ਕੇਂਦਰ ਦੇ ਨਾਲ ਨਾਲ ਰੀਅਲ ਅਸਟੇਟ ਦਾ, ਤੇ ਨਾਲੇ ਚਲਾਉਂਦੈ ਬੰਦੂਕਾਂ ਦੇ ਕਾਰਖਾਨੇ.. ਇਕ ਸਾਧ ਰੱਬ ਦੀ ਭਗਤੀ ਕਰਨ ਵਾਲਾ ਬੰਦੂਕਾਂ ਦੇ ਕਾਰਖਾਨੇ ਚਲਾ ਕੇ ਬਣਾ ਬੈਠੈ 500 ਕਰੋੜ ਰੁਪਏ ਦੀ ਜਾਇਦਾਦ।

vikram-chaudhary

ਬਿਕਰਮ ਚੌਧਰੀ ਨੇ ਆਪਣੇ ਨੌਂਅ ਤੇ ਕੰਪਨੀ ਬਣਾਈ ਹੋਈ ਹੈ, ਬਿਕਰਮ ਯੋਗ ਕੰਪਨੀ, ਜਿਸ ਅਧੀਨ ਇਹ ਬਾਬਾ ਯੋਗਾ ਸਕੂਲ ਚਲਾਉਣ ਦੇ ਨਾਲ ਨਾਲ ਪੇਟੈਂਟ ਰਾਇਲਟੀ  ਦਾ ਕਾਰੋਬਾਰ ਵੀ ਕਰਦੈ ਤੇ ਇਹਦੀ ਜਾਇਦਾਦ ਐ ਸੁੱਖ ਨਾਲ ਸਾਢੇ ਸੱਤ ਕਰੋੜ ਡਾਲਰ ਦੀ।

sri-sri-ravi-shankar

ਤੇ ਆਹ ਜਨਾਬ ਜੀ ਨੂੰ ਕੌਣ ਨਹੀਂ ਜਾਣਦਾ, ਸ੍ਰੀ ਸ੍ਰੀ ਰਵੀ ਸ਼ੰਕਰ ਜਿਹੜੇ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੇ ਨੇ.. ਕੰਪਨੀ ਦਾ ਨੌਂਅ ਰੱਖਿਆ ਹੈ ਆਰਟ ਆਫ ਲਿਵਿੰਗ ਤੇ ਕਾਰੋਬਾਰ ਚਲਾਉਂਦੇ ਨੇ ਆਰਟ ਆਫ ਲਿਵਿੰਗ ਸਕੂਲ, ਫਾਰਮੇਸੀ, ਸਿਹਤ ਕੇਂਦਰ ਚਲਾਉਂਦੇ ਨੇ…… ਤੇ ਜਾਇਦਾਦ ਬਣਾਈ ਹੋਈ ਹੈ ਜੀ 1100 ਕਰੋੜ ਰੁਪਏ ਦੀ..।

ਇਕ ਪਾਸੇ ਬਿਨਾ ਕਿਸੇ ਮੈਡੀਕਲ ਪੜਾਈ ਦੇ ਜਨਤਾ ਦਾ ਇਲਾਜ ਕਰਕੇ ਹਜ਼ਾਰਾਂ ਕਰੋੜਾਂ ਰੁਪਏ ਕਮਾ ਰਹੇ ਨੇ ਇਹ ਯੋਗ ਵਾਲੇ ਬਾਬੇ ਤੇ ਦੂਜੇ ਪਾਸੇ ਸਾਡੇ ਜਵਾਕ ਕਰੋੜਾਂ ਰੁਪਏ ਖਰਚਦੇ ਨੇ, ਮੈਡੀਕਲ ਦੀਆਂ ਪੜਾਈਆਂ ਪੜਦੇ ਰੁਪਈਏ ਦੇ ਨਾਪ ਦੀਆਂ ਅੱਖਾਂ ਚਵਾਨੀ ਦੇ ਨਾਪ ਦੀਆਂ ਕਰ ਲੈਂਦੇ ਨੇ, ਤੇ ਆਪਣਾ ਕਾਰੋਬਾਰ ਖੋਲਣ ਲਈ ਫੇਰ ਕਰੋੜਾਂ ਦੀ ਲੋੜ ਪੈਂਦੀ ਹੈ, ਨੌਕਰੀ ਕਰਨ ਤਾਂ 15-20 ਹਜ਼ਾਰ ਰੁਪਏ ਮਹੀਨੇ ਦੇ ਮਿਲਦੇ ਨੇ.. ਦੂਜੇ ਪਾਸੇ ਯੋਗ ਸੈਂਟਰ ਬਨਾਮ ਸਿਹਤ ਕੇਂਦਰ ਨਾ ਹਿੰਗ ਲੱਗੇ ਨਾ ਫਟਕੜੀ ਵਾਲੀ ਕਹੌਤ..
ਐਸੇ ਕਰਕੇ ਈ ਚਿੱਤ ਕਰਦੈ ਬਈ ਹੋ ਜਾਂ ਸਾਧਣੀ..

Install Punjabi Akhbar App

Install
×