ਸਿੱਖ ਸਿਪਾਹੀਆਂ ਨੇ ਚੀਨ ਦੀ ਸਰਹੱਦ ਤੇ ਦੁਹਰਾਇਆ ਅਠਾਰਵੀ ਸਦੀ ਦੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਇਤਿਹਾਸ

ਭਾਰਤੀ ਤੰਤਰ ਸਿੱਖਾਂ ਦੀ ਬਹਾਦਰੀ ਨੂੰ ਛੁਪਾ ਕੇ ਬਣਿਆ ਅਹਿਸਾਨ ਫਰਾਮੋਸ਼

ਸ਼ੋਸ਼ਲ ਮੀਡੀਏ ਤੇ ਭਾਰਤ ਚੀਨ ਸਰਹੱਦ ਦੇ ਪੂਰਵੀ ਲਦਾਖ ਖੇਤਰ ਚ ਭਾਰਤੀ ਅਤੇ ਚੀਨੀ ਫੋਜ ਦਰਮਿਆਨ ਹੋਏ ਮੁੱਠਭੇੜ ਤੋਂ ਬਾਅਦ ਵਾਪਰੀ ਇੱਕ ਅਜਿਹੀ ਘਟਨਾ ਦੀ ਖਬਰ ਸੁਣੀ ਹੈ,ਜਿਸ ਨੇ ਅਠਾਰਵੀਂ ਸਦੀ ਦੇ ਸਿੱਖ ਸੂਰਬੀਰਾਂ ਦੀ ਯਾਦ ਨੂੰ ਤਾਜਾ ਕਰ ਦਿੱਤਾ ਹੈ,ਇਸ ਲਈ ਇੱਥੇ ਸਿੱਖਾਂ ਦੇ ਪਿਛੋਕੜ ਤੇ ਵੀ ਸਰਸਰੀ ਝਾਤ ਮਾਰਨੀ ਜਰੂਰੀ ਬਣਦੀ ਹੈ।ਅਠਾਰਵੀਂ ਸਦੀ ਚ ਸਿੱਖਾਂ ਨੇ ਜੋ ਕਾਰਨਾਮੇ ਕੀਤੇ,ਉਹ ਅਪਣੇ ਗੁਰੂ ਦੇ ਹੁਕਮ ਚ ਰਹਿੰਦਿਆਂ ਤੇ ਗੁਰੂ ਨੂੰ ਹਾਜਰ ਨਾਜਰ ਜਾਣਦਿਆਂ ਗੁਰੂ ਤੇ ਪੂਰਨ ਭਰੋਸ਼ੇ ਨਾਲ ਕੀਤੇ,ਜਿਸ ਵਿੱਚ ਸਿੱਖ ਸਫਲ ਵੀ ਹੁੰਦੇ ਰਹੇ ਹਨ।ਅਫਗਾਨੀ ਧਾੜਵੀਆਂ ਤੋ ਲੁੱਟ ਦੇ ਮਾਲ ਚ ਭਾਰਤੀ ਬਹੂ ਬੇਟੀਆਂ,ਜਿੰਨਾਂ ਨੂੰ ਅਵਦਾਲੀ,ਦੁਰਾਨੀ ਗਜਨੀ ਦੇ ਬਜਾਰਾਂ ਵਿੱਚ ਟਕੇ ਟਕੇ ਨੂੰ ਵੇਚਣ ਲਈ ਲੈ ਕੇ ਜਾਂਦੇ ਸਨ,ਉਹਨਾਂ ਬੀਬੀਆਂ ਨੂੰ ਗੁਰੂ ਦੇ ਸਿੱਖ ਰਸਤੇ ਵਿੱਚ ਹੀ ਅਫਗਾਨੀ ਧਾੜਵੀਆਂ ਤੇ ਹਮਲੇ ਕਰਕੇ ਸਮੇਤ ਲੁੱਟ ਦੇ ਸਮਾਨ ਦੇ ਛੁਡਵਾ ਲੈਂਦੇ ਤੇ ਬਹੂ ਬੇਟੀਆਂ ਨੂੰ ਉਹਨਾਂ ਦੇ ਘਰਾਂ ਤੱਕ ਸੁਰਖਿਅਤ ਛੱਡ ਕੇ ਆਉਂਣ ਦੀ ਜੁੰਮੇਵਾਰੀ ਵੀ ਗੁਰੂ ਦਾ ਖਾਲਸਾ ਨਿਭਾਉਂਦਾ ਰਿਹਾ।ਕੋਈ ਸਮਾ ਆਇਆ ਜਦੋ ਦੁਸ਼ਮਣ ਹਾਕਮਾਂ ਨੇ ਸਾਰੀ ਕੌਂਮ ਖਤਮ ਕਰਨ ਦਾ ਭਰਮ ਪਾਲ ਕੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ,ਤਾਂ ਉਸ ਮੌਕੇ ਦੋ ਗੁਰੂ ਦੇ ਸਿੱਖਾਂ ਨੇ ਧਾੜਵੀਆਂ ਦੇ ਰਸਤੇ ਤੇ ਨਾਕਾ ਲਾ ਕੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਤੇ ਉਸ ਰਸਤੇ ਤੋਂ ਲੰਘਣ ਵਾਲਿਆਂ ਤੋ ਜਜ਼ੀਆ ਵਸੂਲਣਾ ਸੁਰੂ ਕਰ ਦਿੱਤਾ।

ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਸਿੰਘਾਂ ਵੱਲੋਂ ਜਜ਼ੀਆ ਵਸੂਲਣ ਦਾ ਮਤਲਬ ਲੋਕਾਂ ਤੋਂ ਧੱਕੇਸ਼ਾਹੀ ਨਾਲ ਉਗਰਾਹੀ ਕਰਨਾ ਨਹੀ ਸੀ, ਬਲਕਿ ਉਸ ਮੌਕੇ ਦੇ ਜਾਬਰ ਹਾਕਮਾਂ ਨੂੰ ਇਹ ਸਪੱਸਟ ਸੁਨੇਹਾ ਦੇਣਾ ਸੀ,ਕਿ ਜਿਸ ਕੌਂਮ ਨੂੰ ਤੁਸੀ ਖਤਮ ਕਰਨ ਦਾ ਭਰਮ ਪਾਲ ਰਹੇ ਹੋ,ਉਹ ਤਾਂ ਅਪਣੇ ਸੀਨੇ ਚ ਇਸ ਜਾਬਰ ਰਾਜ ਦਾ ਖਾਤਮਾ ਕਰਕੇ ਧਰਮ ਦਾ ਰਾਜ ਕਾਇਮ ਕਰਨ ਦਾ ਸੁਪਨਾ ਸੰਜੋਈ ਬੈਠੇ ਹਨ।ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਕਿ ਇਹ ਪਰਮਾਤਮ ਕੀ ਮੌਜ ਚੋਂ ਪੈਦਾ ਹੋਈ ਕੌਂਮ ਨੂੰ ਖਤਮ ਕਰਨ ਵਾਲਾ ਦੁਨੀਆ ਤੇ ਕੋਈ ਪੈਦਾ ਨਹੀ ਹੋਇਆ।ਉਹ ਗੁਰੂ ਦੇ ਸਿੱਖ ਸਨ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ,ਜਿਹੜੇ ਮਹਿਜ ਜਜ਼ੀਆ ਉਗਰਾਹ ਕੇ ਉੱਥੋ ਭੱਜੇ ਨਹੀ ਬਲਕਿ ਉਹਨਾਂ ਨੇ ਦੁਸ਼ਮਣ ਦੀ ਓਨੀ ਦੇਰ ਉਡੀਕ ਕੀਤੀ ਜਿੰਨੀ ਦੇਰ ਦੁਸ਼ਮਣ ਦੀਆਂ ਫੌਜਾਂ ਉਹਨਾਂ ਦੋ ਗੁਰੂ ਕੇ ਸਿੱਖਾਂ ਨਾਲ ਯੁੱਧ ਕਰਨ ਆ ਨਹੀ ਗਈਆਂ।ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਕਿਸੇ ਰਵਾਇਤੀ ਹਥਿਆਰਾਂ ਨਾਲ ਦੁਸ਼ਮਣ ਦਾ ਟਾਕਰਾ ਨਹੀ ਸੀ ਕੀਤਾ,ਬਲਕਿ ਸੋਟਿਆਂ ਨਾਲ ਹਿੱਕ ਡਾਹ ਕੇ ਆਖਰੀ ਸਾਹ ਤੱਕ ਲੜ ਕੇ ਸ਼ਹੀਦੀਆਂ ਪਾਈਆਂ ਸਨ।ਇੱਥੇ ਇਹ ਪਰਸੰਗ ਦੱਸਣਾ ਤਾਂ ਜਰੂਰੀ ਹੈ ਕਿਉਂਕਿ ਕੁੱਝ ਦਿਨ ਪਹਿਲਾਂ ਭਾਰਤੀ ਫੌਜ ਦੀ ਚੀਨੀ ਫੌਜਾਂ ਨਾਲ ਹੋਈ ਮੁੱਠਭੇੜ ਦੌਰਾਨ ਵੀ ਸਿੱਖ ਫੌਜੀਆਂ ਵੱਲੋਂ ਅਪਣੇ ਉਹਨਾਂ ਪੁਰਖਿਆਂ ਦਾ ਇਤਿਹਾਸ ਦੁਹਰਾਇਆ ਗਿਆ ਹੈ,ਜਿਸ ਵਿੱਚ ਭਾਰਤ ਦੇ ਵੀਹ ਸਿਪਾਹੀ ਮਾਰੇ ਗਏ ਸਨ ਤੇ 10 12 ਨੂੰ ਚੀਨੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ,ਉਸ ਮੌਕੇ ਜੋ ਕਾਰਨਾਮੇ ਸਿੱਖ ਫੌਜੀਆਂ ਨੇ ਕਰਕੇ ਅਪਣੇ ਗੁਰੂ ਦੇ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਹੈ,ਉਹਦੇ ਤੇ ਭਾਂਵੇਂ ਦੇਸ਼ ਦੇ ਹਰ ਇਨਸਾਫ ਪਸੰਦ ਸਹਿਰੀ ਨੂੰ ਮਾਣ ਹੋਣਾ ਚਾਹੀਦਾ ਹੈ,ਪਰ ਇਸ ਘਟਨਾ ਕਾਰਨ ਦੇਸ਼ ਦੇ  ਫਿਰਕੂ ਹਾਕਮਾਂ ਦੀ ਅਕਿਰਤਘਣਤਾ ਵੀ ਜੱਗ ਜਾਹਰ ਹੋ ਗਈ ਹੈ,ਜਿਹੜੇ ਸਿੱਖ ਜੁਆਨਾਂ ਦੀ ਇਸ ਬੇਮਿਸ਼ਾਲ ਬਹਾਦਰੀ ਨੂੰ ਛੁਪਾਈ ਬੈਠੇ ਹਨ।

ਇਸ ਨਿਆਰੀ ਨਿਰਾਲੀ ਕੌਂਮ ਨੂੰ ਖਤਮ ਕਰਨ ਦਾ ਭਰਮ ਪਾਲੀ ਬੈਠੇ ਹਾਕਮਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਕੌਂਮ ਦੁਨੀਆਂ ਦੀਆਂ ਅਜੇਤੂ ਤਾਕਤਾਂ ਨੂੰ ਹਰਾਉਣ ਦਾ ਦਮ ਰੱਖਦੀ ਹੈ ਤੇ ਜਿਹੜੀ ਕੌਂਮ ਦੇ ਜਾਏ ਚੀਨ ਵਰਗੀਆਂ ਵੱਡੀਆਂ ਤਾਕਤਾਂ ਨੂੰ ਟਿੱਚ ਸਮਝਦੇ ਹਨ,ਉਹਨਾਂ ਨਾਲ ਕਮੀਨਗੀ ਸੋਭਾ ਨਹੀ ਦਿੰਦੀ,ਬਲਕਿ ਅਜਿਹਾ ਵਰਤਾਰਾ ਦੇਸ਼ ਦੇ ਨੁਕਸਾਨ ਵਿੱਚ ਜਾ ਸਕਦਾ ਹੈ। ਟੀਵੀ ਚੈਨਲ ਏ ਵੀ ਪੀ ਸਾਂਝਾ ਤੇ ਇੱਕ ਖਬਰ ਦਿਖਾਈ ਗਈ ਹੈ,ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਘਟਨਾ 15 ਜੂਨ ਨੂੰ ਭਾਰਤ ਚੀਨ ਸਰਹੱਦ ਦੇ ਪੂਰਬੀ ਲਦਾਖ ਖੇਤਰ ਦੀ ਜਲਬਾਨ ਘਾਟੀ ਤੇ ਹੋਏ ਭਾਰਤੀ ਚੀਨੀ ਮੁੱਠਭੇੜ ਨਾਲ ਜੁੜੀ ਹੋਈ ਹੈ,ਜਿਸ ਵਿੱਚ 20 ਜੁਆਨਾਂ ਸਮੇਤ ਬਿਹਾਰ ਰਜਿਮੈਂਟ ਦਾ ਇੱਕ ਅਫਸਰ ਸੰਤੋਸ਼ ਬਾਵੂ ਸ਼ਹੀਦ ਹੋ ਗਏ ਸਨ।ਖਬਰ ਵਿੱਚ ਦੱਸਿਆ ਗਿਆ ਹੈ ਕਿ 16 ਜੂਨ ਨੂੰ ਬਿਹਾਰ ਰਜਿਮੈਂਟ ਨੇ ਅਪਣੇ ਅਫਸਰ ਦੀ ਮੌਤ ਦਾ ਬਦਲਾ ਲੈਣ ਲਈ ਚੀਨੀ ਕੈਂਪ ਤੇ ਹਮਲਾ ਕੀਤਾ,ਜਿਸ ਵਿੱਚ ਉਹਨਾਂ ਦੇ ਨਾਲ ਸਿੱਖ ਰਜਿਮੈਟਾਂ ਦੇ ਜਵਾਨ ਵੀ ਸ਼ਾਮਿਲ ਸਨ,ਪ੍ਰੰਤੂ ਜੋ ਕਾਰਨਾਮਾ ਸਿੱਖ ਫੌਜੀਆਂ ਦੇ ਹਿੱਸੇ ਆਇਆ ਉਹ ਕਿਸੇ ਹੋਰ ਦੇ ਹਿੱਸੇ ਨਹੀ ਆ ਸਕਿਆ।ਸਿੱਖ ਜਵਾਨਾਂ ਨੇ ਚੀਨੀ ਕੈਂਪ ਤੇ ਡਾਂਗਾਂ ਸੋਟੀਆਂ ਨਾਲ ਹਮਲਾ ਕਰਕੇ ਉਥੋਂ ਉਹਨਾਂ ਦਾ ਇੱਕ ਫੌਜੀ ਅਫਸਰ ਵੀ ਅਗਵਾ ਕਰ ਲਿਆਂਦਾ,ਜਿਸ ਕਰਕੇ ਬਾਅਦ ਵਿੱਚ ਹੋਈ ਸੰਧੀ ਵਿੱਚ ਇੱਕ ਚੀਨੀ ਅਫਸਰ ਦੇ ਬਦਲੇ ਚੀਨ ਨੂੰ ਸਾਰੇ ਦੇ ਸਾਰੇ ਬੰਦੀ ਬਣਾਏ ਹੋਏ ਭਾਰਤੀ ਸਿਪਾਹੀਆਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ। ਇੱਥੇ ਇਹ ਵੀ ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਸ ਮੁਲਕ ਦੀ ਰਾਖੀ ਕਰਦਿਆਂ ਸਿੱਖ ਫੌਜੀ ਸਰਹੱਦਾਂ ਤੇ ਹਿੱਕਾਂ ਡਾਹ ਕੇ ਲੜਦੇ ਮਰਦੇ ਹਨ,ਉਹ ਹੀ ਮੁਲਕ ਦਾ ਨਿਜਾਮ ਸਿੱਖਾਂ ਦੀ ਬਹਾਦਰੀ ਜਨਤਕ ਕਰਨ ਤੋ ਗੁਰੇਜ ਕਰਦਾ ਹੈ।

ਇੱਥੇ ਹੈਰਾਨੀ ਇਸ ਗੱਲ ਤੋਂ ਹੂੰਦੀ ਹੈ ਕਿ ਜਿਸ ਘਟਨਾ ਨੂੰ ਪਰਚਾਰਨ ਦੀ ਲੋੜ ਸੀ,ਉਸ ਨੂੰ ਛੁਪਾਇਆ ਗਿਆ ਹੈ,ਇਸ ਤੋ ਵੱਡੀ ਅਕਿਰਤਘਣਤ ਅਤੇ ਅਹਿਸਾਨਫਰਾਮੋਸ਼ੀ ਹੋਰ ਕੀ ਹੋ ਸਕਦੀ ਹੈ।ਇਹ ਖਬਰ ਸ਼ੋਸ਼ਲ ਮੀਡੀਏ ਤੇ ਸਿਰਫ ਤੇ ਸਿਰਫ ਇੱਕਾ ਦੁਕਾ ਚੈਨਲਾਂ ਤੇ ਦਿਖਾਈ ਗਈ ਹੈ,ਜਦੋ ਕਿ ਬਾਕੀ ਸਾਰਾ ਭਾਰਤੀ ਮੀਡੀਆਂ ਅਤੇ ਸ਼ੋਸਲ ਮੀਡੀਆ ਇਸਤਰਾਂ ਚੁੱਪ ਹੈ,ਜਿਵੇ ਉਹਨਾਂ ਨੂੰ ਇਸ ਘਟਨਾ ਦਾ ਇਲਮ ਤੱਕ ਨਾ ਹੋਵੇ।ਜੇਕਰ ਕਿਸੇ ਸਿੱਖ ਫੌਜੀ ਤੋ ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਹੁੰਦੀ ਤਾਂ ਹੁਣ ਤੱਕ ਭਾਰਤੀ ਮੀਡੀਏ ਨੇ ਪੂਰੀ ਦੁਨੀਆਂ ਨੂੰ ਬਾਤ ਦਾ ਬਤੰਗੜ ਬਣਾ ਕੇ ਦਿਖਾ ਦਿਖਾ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀ ਸੀ ਛੱਡਣੀ,ਪਰ ਕਿਉਕਿ ਇਹ ਘਟਨਾ ਸਿੱਖਾਂ ਦੀ ਬਹਾਦਰੀ ਦਾ ਲੋਹਾ ਮਨਵਾਉਣ ਵਾਲੀ ਹੈ,ਸਿੱਖਾਂ ਦੇ ਮਾਣ ਸਤਿਕਾਰ ਨਾਲ ਜੁੜੀ ਹੋਈ ਹੈ,ਇਸ ਲਈ ਭਾਰਤੀ ਹਕੂਮਤ ਅਤੇ ਭਾਰਤੀ ਮੀਡੀਏ ਨੇ ਬੜੀ ਬੇਸ਼ਰਮੀ ਭਰੀ ਚਲਾਕੀ ਨਾਲ ਇਸ ਇਤਿਹਾਸਿਕ ਖਬਰ ਨੂੰ ਦੱਬ ਕੇ ਰੱਖਿਆ ਹੈ,ਜਦੋ ਕਿ ਚਾਹੀਦਾ ਇਹ ਸੀ ਕਿ ਇਸ ਖਬਰ ਨੂੰ ਵੱਧ ਤੋ ਵੱਧ ਪਰਚਾਰਿਆ ਜਾਂਦਾ ਅਤੇ ਉਹਨਾਂ ਬਹਾਦਰ ਸਿੱਖ ਸਿਪਾਹੀਆਂ ਨੂੰ ਦੁਨੀਆਂ ਸਾਹਮਣੇ ਕਰਕੇ ਦੱਸਿਆ ਜਾਂਦਾ ਕਿ ਕਿਵੇਂ ਉਹਨਾਂ ਸਿੱਖ ਜੁਆਨਾਂ ਨੇ ਇਸ ਵੱਡੇ ਇਤਿਹਾਸਿਕ ਕਾਰਨਾਮੇ ਨੂੰ ਅੰਜਾਮ ਦਿੱਤਾ,ਪਰ ਅਫਸੋਸ ! ਕਿ ਅਜਿਹਾ ਨਹੀ ਹੋਇਆ। ਭਾਰਤੀ ਹਕੂਮਤ ਜਿਸ ਜਮਾਤ ਦੀ ਅਗਵਾਈ ਕਰ ਰਹੀ ਹੈ,ਉਹ ਕਦੇ ਵੀ ਕਿਸੇ ਗੈਰ ਹਿੰਦੂ ਨੂੰ ਨਾਇਕ ਬਣਿਆ ਬਟਦਾਸਤ ਨਹੀ ਕਰ ਸਕਦੇ,ਭਾਂਵੇਂ ਕੋਈ ਵਿਅਕਤੀ ਭਾਰਤੀ ਸਟੇਟ ਦੀ ਬਹਾਦਰੀ ਨਾਲ ਰਾਖੀ ਕਰਦਿਆਂ ਹੀ ਨਾਇਕ ਕਿਉਂ ਨਾ ਬਣਿਆ ਹੋਵੇ।ਸਿੱਖ ਕੌਂਮ ਨੂੰ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਉਹ ਜਦੋ ਕਿਸੇ ਵੀ ਕੰਮ ਲਈ ਜਾਂ ਮੁਹਿੰਮ ਲਈ ਅਪਣੇ ਗੁਰੂ ਨੂੰ ਹਾਜਰ ਨਾਜਰ ਜਾਣ ਕੇ ਅਰੰਭ ਕਰਦੇ ਹਨ,ਤਾਂ ਜਿੱਤ ਉਹਨਾਂ ਦੇ ਕਦਮਾਂ ਨੂੰ ਮੱਲੋ ਮੱਲੀ ਚੁੰਮ ਲੈਦੀ ਹੈ।

ਇੱਥੇ ਵੀ ਭਾਰਤੀ ਫੌਜ ਦੇ ਇਹਨਾਂ ਸਿੱਖ ਸਿਪਾਹੀਆਂ ਨੇ ਅਪਣੇ ਗੁਰੂ ਸਾਹਿਬ ਦੇ “ਸਵਾ ਲਾਖ ਸੇ ਏਕ ਲੜਾਊ”ਵਾਲੇ ਸਿਧਾਂਤ ਤੇ ਪਹਿਰਾ ਦੇ ਕੇ ਅਪਣੇ ਪੁਰਖਿਆਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਸੁਨਿਹਰੀ ਇਤਿਹਾਸ ਨੂੰ ਦੁਹਰਾਉਣ ਵਾਲਾ ਕਾਰਜ ਕੀਤਾ ਹੈ।ਭਾਂਵੇ ਭਾਰਤੀ ਸਟੇਟ ਅਤੇ ਭਾਰਤੀ ਮੀਡੀਆ ਨੇ ਸਿੱਖਾਂ ਦੀ ਬੀਰਤਾ ਨੂੰ ਛੁਪਾਉਣ ਦਾ ਕੋਝਾ ਯਤਨ ਕੀਤਾ ਹੈ,ਪਰ ਸਿੱਖਾਂ ਨੇ ਇੱਕ ਵਾਰ ਫਿਰ ਦੁਨੀਆਂ ਨੂੰ ਇੱਕ ਤਾਂ ਇਹ ਸੁਨੇਹਾ ਦੇਣ ਵਿੱਚ ਸਫਲਤਾ ਹਾਸਿਲ ਕੀਤੀ ਹੈ ਕਿ ਅਪਣੇ ਆਪ ਨੂੰ ਮਹਾਂ ਸ਼ਕਤੀ ਸਮਝਣ ਵਾਲੇ ਵੀ ਸਿੱਖ ਕੌਂਮ ਅੱਗੇ ਬੇਬੱਸ ਹੋ ਜਾਂਦੇ ਹਨ।ਦੂਜਾ ਇਹ ਕਿ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਂਮ ਅੱਜ ਵੀ ਲੋੜ ਪੈਣ ਤੇ ਅਪਣੇ ਪੁਰਖਿਆਂ ਦਾ ਇਤਿਹਾਸ ਦੁਹਰਾ ਸਕਦੀ ਹੈ,ਕਿਉਕਿ ਉਹਨਾਂ ਦਾ ਗੁਰੂ ਹਰ ਸ਼ੁਭ ਕਾਰਜ ਦੇ ਮੌਕੇ ਉਹਨਾਂ ਦੇ ਅੰਗ ਸੰਗ ਹੁੰਦਾ ਹੈ।

Install Punjabi Akhbar App

Install
×