ਰਾਜਸੀ ਸ਼ਰਨ ਲੈਣ ਵਾਲੇ ਸਿੱਖਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣ

modi-obama2

ਅਮਰੀਕੀ ਸਿੱਖਾਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਬੇਨਤੀ ਕੀਤੀ ਕਿ ਵਿਸ਼ੇਸ਼ ਤੌਰ ‘ਤੇ 1980 ਵਿਆਂ ਵਿਚ ਰਾਜਸੀ ਸ਼ਰਨ ਲੈਣ ਵਾਲੇ ਵਿਅਕਤੀਆਂ ਨੂੰ ਵੀਜ਼ਾ ਲੈਣ ਤੇ ਪਾਸਪੋਰਟ ਨਵਿਆਉਣ ਵਿਚ ਆ ਰਹੀਆਂ ਰੁਕਾਵਟਾਂ ਦੂਰ ਕੀਤੀਆਂ ਜਾਣ। 29 ਮੈਂਬਰੀ ਵਫਦ ਨੇ ਪ੍ਰਧਾਨ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਹੈ ਕਿ ਪ੍ਰਵਾਸੀ ਭਾਰਤੀ ਸਿੱਖ ਭਾਈਚਾਰਾ ਬੇਗਾਨਗੀ ਮਹਿਸੂਸ ਕਰਦਾ ਹੈ ਕਿਉਂਕਿ ਭਾਰਤੀ ਦੂਤਘਰ ਉਨ੍ਹਾਂ ਨੂੰ ਵੀਜ਼ਾ ਦੇਣ ਤੇ ਪਾਸਪੋਰਟ ਨਵਿਆਉਣ ਤੋਂ ਨਾਂਹ ਕਰ ਦਿੰਦੇ ਹਨ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਨੂੰ ਮਿਲਣ ਤੇ ਜਾਇਦਾਦ, ਨਿਵੇਸ਼ ਆਦਿ ਦੀ ਦੇਖ ਭਾਲ ਲਈ ਭਾਰਤ ਨਹੀਂ ਜਾ ਸਕਦੇ। ਇਨ੍ਹਾਂ ਸਿੱਖਾਂ ਦਾ ਕਸੂਰ ਕੇਵਲ ਇਹ ਹੈ ਕਿ ਇਨ੍ਹਾਂ ਨੇ ਮਾੜੇ ਦਿਨਾਂ ਦੌਰਾਨ ਰਾਜਸੀ ਸ਼ਰਨ ਲਈ ਬੇਨਤੀ ਕੀਤੀ ਸੀ। ਮੁਲਾਕਾਤ ਉਪਰੰਤ ਜਸਦੀਪ ਜੈਸੀ ਸਿੰਘ ਜਿਸ ਨੇ ਵਫਦ ਦੀ ਅਗਵਾਈ ਕੀਤੀ, ਨੇ ਕਿਹਾ ਕਿ ਅਸੀਂ ਆਸਵੰਦ ਹਾਂ ਕਿ ਪ੍ਰਧਾਨ ਮੰਤਰੀ ਸਾਡੀ ਬੇਨਤੀ ਉਪਰ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਨੇ ਪ੍ਰਵਾਸੀ ਸਿੱਖ ਭਾਈਚਾਰੇ ਵਿਚ ਆਸ ਦੀ ਕਿਰਨ ਪੈਦਾ ਕੀਤੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਮੰਗ ਪੱਤਰ ਵਿਚਲੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ 3 ਦਹਾਕੇ ਪਹਿਲਾਂ ਰਾਜਸੀ ਸ਼ਰਨ ਲਈ ਅਰਜੀਆਂ ਦੇਣ ਕਾਰਨ ਸਿੱਖਾਂ ਨੂੰ ਅਜੇ ਵੀ ਸਜਾ ਦਿੱਤੀ ਜਾ ਰਹੀ ਹੈ। ਮੰਗ ਪੱਤਰ ਵਿਚ ਹੋਰ ਕਿਹਾ ਗਿਆ ਹੈ ਕਿ ” ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਅਹਿਮ ਮੁੱਦੇ ਨੇੜੇ ਭਵਿੱਖ ਵਿਚ ਹੱਲ ਕੀਤੇ ਜਾਣ ਤਾਂ ਜੋ ਪ੍ਰਵਾਸੀ ਭਾਰਤੀ ਸਿੱਖ ਤੁਹਾਡੀ ਅਗਵਾਈ ‘ਚ ਸ਼ਕਤੀਸ਼ਾਲੀ ਨਵੇਂ ਭਾਰਤ ਦੇ ਨਿਰਮਾਣ ਦੀ ਪ੍ਰਕ੍ਰਿਆ ਵਿਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਸਤਿਕਾਰਤ ਮਹਿਸੂਸ ਕਰ ਸਕਣ।” ਵਫਦ ਨੇ 1984 ਦੇ ਸਿੱਖ ਕਤਲੇਆਮ ਤੇ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਕੋਲ ਉਠਾਇਆ। ਵਫਦ ਨੇ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਦੇ ਗਠਨ ਲਈ ਵਧਾਈ ਦਿੱਤੀ ਤੇ ਨਵੀਂ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।