9 ਅਕਤੂਬਰ ਨੂੰ ਡਾ. ਸੁਬਰਾਮਨੀਅਮ ਜੈਸ਼ੰਕਰ ਕੰਮਕਾਜ਼ੀ ਦਫਤਰ ਅਤੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨਗੇ
90 ਮਿਲੀਅਨ ਡਾਲਰ’ ਦੀ ਲਾਗਤ ਨਾਲ ਬਣਾਇਆ ਗਿਆ ਹੈ ਰਾਜਧਾਨੀ ਵਾਲਾ ਦੂਤਾਵਾਸ ਦਫਤਰ
(ਆਕਲੈਂਡ):-ਵਲਿਗੰਟਨ ਸਥਿਤ ਭਾਰਤੀ ਦੂਤਾਵਾਸ ਜਿੱਥੇ ਆਪਣੇ 90 ਮਿਲੀਅਨ ਦੀ ਲਾਗਤ ਵਾਲੇ ਦਫਤਰ ਦੇ ਵਿਚ ਕੰਮਕਾਰ ਸੰਭਾਲ ਚੁੱਕਾ ਹੈ, ਉਥੇ ਇਸ ਦੀਆਂ ਰਸਮੀ ਕਾਰਵਾਈਆਂ ਅਜੇ ਵੀ ਜਾਰੀ ਹਨ। ਬੀਤੇ ਦਿਨੀਂ ਨਵੇਂ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੇ ਕੰਮ ਕਾਰ ਸੰਭਾਲ ਲਿਆ ਹੈ, ਉਥੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈਸ਼ੰਕਰ ਵੀ ਦਫਤਰ ਦੇ ਉਪਰ ਬਣੇ ਰਿਹਾਇਸ਼ੀ ਬਲਾਕ ਅਤੇ ਕੰਮ ਕਾਜੀ ਦਫਤਰਾਂ ਦਾ ਉਦਘਾਟਨ ਕਰਨ 9 ਅਕਤੂਬਰ ਨੂੰ ਪਹੁੰਚ ਰਹੇ ਹਨ। ਸਵੇਰੇ 9.30 ਵਜੇ ਉਦਘਾਟਨੀ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਸਮਾਗਮ ਦੇ ਲਈ ਸੱਦਾ ਪੱਤਰ ਭੇਜੇ ਜਾ ਰਹੇ ਹਨ।
ਸ੍ਰੀ ਜੈ ਸ਼ੰਕਰ ਇਸ ਵੇਲੇ ਵਿਦੇਸ਼ ਮੰਤਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਕਈ ਮੁਲਕਾਂ ਦੇ ਵਿਚ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਹਨ। ਉਹ ਕਾਫੀ ਉਚ ਸਿਖਿਆ ਪ੍ਰਾਪਤ ਹਨ ਅਤੇ ਪੀ. ਐਚ. ਡੀ. ਹਨ। ਉਨ੍ਹਾਂ ਨੂੰ 2019 ਦੇ ਵਿਚ ਪਦਮ ਸ੍ਰੀ ਵੀ ਮਿਲ ਚੁੱਕਿਆ ਹੈ। 27 ਫਰਵਰੀ 2020 ਨੂੰ ਉਸ ਵੇਲੇ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸ੍ਰੀ ਵਿਨਸਨ ਪੀਟਰ ਉਨ੍ਹਾਂ ਨੂੰ ਭਾਰਤ ਫੇਰੀ ਸਮੇਂ ਮਿਲ ਕੇ ਆਏ ਸਨ। ਸ੍ਰੀ ਸਾਇਮਨ ਬਿ੍ਰਜਸ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਵੀ ਉਨ੍ਹਾਂ ਨਾਲ ਆਪਣੀ ਭਾਰਤ ਫੇਰੀ ਉਤੇ ਮੀਟਿੰਗ ਕੀਤੀ ਸੀ।
ਸੋ ਮਹਿਲ ਵਰਗੇ ਇਸ ਦਫਤਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਦਾ ਵੇਖਣ ਆਉਣਾ ਤਾਂ ਬਣਦਾ ਹੀ ਸੀ, ਕਿਉਂਕਿ ਐਨੇ ਪੈਸੇ ਲਾ ਦਿੱਤੇ ਅਤੇ ਉਦਘਾਟਨ ਵੀ ਭਾਰਤ ਸਰਕਾਰ ਵੱਲੋਂ ਹੋਣਾ ਚਾਹੀਦਾ ਇਕ ਵਾਰ।