ਭਾਰਤ ਜਿੰਬਾਬੇ ਮੈਚ ਦੌਰਾਨ ਕੁਝ ਅੰਮ੍ਰਿਤਧਾਰੀ ਦਰਸ਼ਕਾਂ ਨੂੰ ਅੰਦਰ ਵੜਨ ਤੋਂ ਰੋਕਿਆ ਗਿਆ

ਅੱਜ ਇਥੇ ਦੇ ਈਡਨ ਪਾਰਕ ਸਟੇਡੀਅਮ ਦੇ ਵਿਚ ਭਾਰਤ ਨੇ ਜਿੰਬਾਬੇ ਨੂੰ ਕਰਾਰੀ ਮਾਤ ਦੇ ਕੇ ਆਪਣਾ ਛੇਵਾਂ ਮੈਚ ਜਿੱਤ ਲਿਆ ਅਤੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਅੱਜ ਦਾ ਮੈਚ ਵੇਖਣ ਦੇ ਲਈ ਭਾਰਤੀ ਉਮੜ ਕੇ ਪੈ ਗਏ ਸਨ। ਹਜ਼ਾਰਾਂ ਭਾਰਤੀਆਂ ਨੇ ਜਿੱਥੇ ਸਟੇਡੀਅਮ ਦੇ ਅੰਦਰ ਖੁਸ਼ੀ ਮਨਾਈ ਉਥੇ ਕੁਝ ਅੰਮ੍ਰਿਤਧਾਰੀ ਦਰਸ਼ਕਾਂ ਨੂੰ ਸਟੇਡੀਅਮ ਦੇ ਸੁਰੱਖਿਆ ਅਮਲੇ ਨੇ ਇਸ ਕਰਕੇ ਅੰਦਰ ਨਹੀਂ ਵੜਨ ਦਿੱਤਾ ਕਿ ਉਨ੍ਹਾਂ ਨੇ ਕਿਰਪਾਨਾਂ ਪਹਿਨੀਆਂ ਹੋਈਆਂ ਸਨ। ਪਰ ਕਈ ਦੂਜੇ ਗੇਟਾਂ ਦੇ ਰਾਹੀਂ ਅੰਮ੍ਰਿਤਧਾਰੀ ਲੋਕ ਅੰਦਰ ਵੀ ਗਏ ਹੋਏ ਸਨ। ਇਹ ਦੋਹਰੇ ਮਾਪਦੰਢ ਇਨ੍ਹਾਂ ਦਰਸ਼ਕਾਂ ਦੀ ਸਮਝ ਨਹੀਂ ਪਏ। ਇਸ ਸਬੰਧੀ ਉਥੇ ਮੌਜੂਦ ਪੰਜਾਬੀ ਸਿੱਖ ਪੁਲਿਸ ਅਫਸਰਾਂ ਨਾਲ ਵੀ ਗੱਲ ਕੀਤੀ ਗਈ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹੀ ਕੋਈ ਰੋਕ ਨਹੀਂ ਹੈ, ਹੋ ਸਕਦਾ ਹੈ ਆਈ. ਸੀ.ਸੀ. ਜਾਂ ਸਟੇਡੀਅਮ ਦੇ ਸੁਰੱਖਿਆ ਅਮਲੇ ਨੇ ਅਜਿਹਾ ਕੁਝ ਲਾਗੂ ਕੀਤਾ ਹੋਵੇ। ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਕੋਲ ਵੀ ਇਹ ਗੱਲ ਪਹੁੰਚਾਈ ਗਈ ਦੱਸੀ ਜਾਂਦੀ ਹੈ।