ਅਮਰੀਕਾ, ਭਾਰਤ ਅਤੇ ਪਾਕਿਸਤਾਨ: ਕੌਣ ਕਿਸ ਦੇ ਨਾਲ?

g s gurdit 171123 ਅਮਰੀਕਾ, ਭਾਰਤ ਅਤੇ ਪਾਕਿਸਤਾਨ ਕੌਣ ਕਿਸ ਦੇ ਨਾਲrrr
ਅਮਰੀਕਾ ਨੇ ਪਹਿਲੀ ਵਾਰੀ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕਾਊਂਸਿਲ ਵਿੱਚ ਪੱਕੀ ਮੈਂਬਰੀ ਦੇਣ ਲਈ ਨਵਾਂ ਰਸਤਾ ਸੁਝਾਇਆ ਹੈ। ਸੰਯੁਕਤ ਰਾਸ਼ਟਰ ਵਿਚਲੀ ਅਮਰੀਕੀ ਦੂਤ ਨਿੱਕੀ ਹੈਲੇ (ਮੂਲ ਰੂਪ ਵਿੱਚ ਭਾਰਤੀ ਪੰਜਾਬਣ) ਨੇ ਕਿਹਾ ਹੈ ਕਿ ਜੇਕਰ ਭਾਰਤ ਨੂੰ ਸਲਾਮਤੀ ਕਾਊਂਸਿਲ ਦੀ ਪੱਕੀ ਮੈਂਬਰੀ ਚਾਹੀਦੀ ਹੈ ਤਾਂ ਉਹ ਵੀਟੋ ਪਾਵਰ ਵਾਲੇ ਮੁੱਦੇ ਉੱਤੇ ਆਪਣੀ ਅੜੀ ਛੱਡ ਦੇਵੇ। ਇਸਦਾ ਮਤਲਬ ਇਹ ਹੈ ਕਿ ਵੀਟੋ ਪਾਵਰ ਤਾਂ ਮੁਢਲੇ ਪੰਜ ਮੈਂਬਰ ਦੇਸ਼ਾਂ (ਅਮਰੀਕਾ, ਰੂਸ, ਬਰਤਾਨੀਆ, ਫਰਾਂਸ ਅਤੇ ਚੀਨ) ਕੋਲ ਹੀ ਰਹੇਗੀ ਪਰ ਸਥਾਈ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਗੁੰਜਾਇਸ਼ ਹੋ ਸਕਦੀ ਹੈ। ਨਾਲ ਹੀ ਅਮਰੀਕਾ ਨੇ ਇਹ ਵੀ ਉਮੀਦ ਜਤਾਈ ਹੈ ਕਿ ਪਾਕਿਸਤਾਨ ਉੱਤੇ ਨਜ਼ਰ ਰੱਖਣ ਵਿੱਚ ਭਾਰਤ ਅਮਰੀਕਾ ਦੀ ਮੱਦਦ ਕਰੇ। ਭਾਵੇਂ ਕਿ ਅਜੇ ਤੱਕ ਪਤਾ ਨਹੀਂ ਕਿ ਸਲਾਮਤੀ ਕਾਊਂਸਿਲ ਦੇ ਮੁੱਦੇ ਬਾਰੇ ਭਾਰਤ ਦਾ ਕੀ ਨਜ਼ਰੀਆ ਸਾਹਮਣੇ ਆਏਗਾ ਪਰ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਨੂੰ ਦੱਖਣੀ ਏਸ਼ੀਆ ਵਿੱਚ ਭਾਰਤ ਦੇ ਸਾਥ ਦੀ ਕਿਸ ਕਦਰ ਲੋੜ ਹੈ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਵਾਲੇ ਕਈ ਦਹਾਕਿਆਂ ਤੱਕ ਦੁਨੀਆ ਦੋ ਖੇਮਿਆਂ ਵਿੱਚ ਵੰਡੀ ਰਹੀ: ਅਮਰੀਕਾ ਅਤੇ ਸੋਵੀਅਤ ਸੰਘ। ਅਮਰੀਕਾ ਨਾਲ ਮੁੱਖ ਤੌਰ ਉੱਤੇ ਪੂੰਜੀਵਾਦੀ ਵਿਵਸਥਾ ਦੇ ਸਮਰਥਕ ਮੁਲਕ ਸਨ ਅਤੇ ਸੋਵੀਅਤ ਰੂਸ ਨਾਲ ਸਮਾਜਵਾਦੀ ਢਾਂਚੇ ਦੇ ਸਮਰਥਕ। ਭਾਰਤ ਉਸ ਵੇਲੇ ਭਾਰਤ ਗੁੱਟ ਨਿਰਪੱਖ ਲਹਿਰ ਦਾ ਸਰਗਰਮ ਮੈਂਬਰ ਸੀ ਅਤੇ ਉਪਰੋਕਤ ਦੋਹਾਂ ਗੁੱਟਾਂ ਤੋਂ ਬਾਹਰ ਰਹਿ ਕੇ ਤੀਸਰੀ ਦੁਨੀਆ ਦੇ ਸੰਕਲਪ ਉੱਤੇ ਕੰਮ ਕਰ ਰਿਹਾ ਸੀ। ਗੁੱਟ ਨਿਰਪੱਖ ਲਹਿਰ ਭਾਵੇਂ ਕਿ ਖੁੱਲੇ ਰੂਪ ਵਿੱਚ ਦੋਵਾਂ ਧਿਰਾਂ ਵਿੱਚੋਂ ਕਿਸੇ ਦੇ ਵੀ ਹੱਕ ਵਿੱਚ ਨਹੀਂ ਸੀ ਪਰ ਅੰਦਰੂਨੀ ਤੌਰ ਉੱਤੇ ਉਸਦਾ ਝੁਕਾਅ ਸੋਵੀਅਤ ਰੂਸ ਵੱਲ ਜਰੂਰ ਸੀ। ਇਸੇ ਕਾਰਨ 1991 ਵਿੱਚ ਹੋਏ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਭਾਰਤ ਦੇ ਅਮਰੀਕਾ ਨਾਲ ਕੋਈ ਬਹੁਤੇ ਨੇੜਲੇ ਸੰਬੰਧ ਨਹੀਂ ਬਣ ਸਕੇ। ਪਰ ਪਾਕਿਸਤਾਨ ਹਮੇਸ਼ਾ ਹੀ ਅਮਰੀਕਾ ਦਾ ਚਹੇਤਾ ਬਣ ਕੇ ਰਿਹਾ ਅਤੇ ਬਹੁਤ ਹੱਦ ਤੱਕ ਉਸ ਉੱਤੇ ਨਿਰਭਰ ਵੀ ਰਿਹਾ। ਇਸੇ ਲਈ 1965 ਅਤੇ 1971 ਵਾਲੀਆਂ ਭਾਰਤ-ਪਾਕਿ ਜੰਗਾਂ ਵਿੱਚ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹਮਾਇਤ ਮਿਲਦੀ ਰਹੀ। ਪਾਕਿਸਤਾਨ ਨੂੰ 1965 ਦੀ ਜੰਗ ਵਿੱਚ ਮਿਲਣ ਵਾਲੇ ਵਾਲੇ ਪੈਟਨ ਟੈਂਕ ਇਸ ਮਾਮਲੇ ਵਿੱਚ ਖਾਸ ਕਰਕੇ ਜ਼ਿਕਰਯੋਗ ਕਹੇ ਜਾ ਸਕਦੇ ਹਨ।
ਪਰ 1990 ਦੇ ਦਹਾਕੇ ਤੋਂ ਦੁਨੀਆ ਵਿੱਚ ਨਵ-ਉਦਾਰਵਾਦ ਦਾ ਦੌਰ ਸ਼ੁਰੂ ਹੋਣ ਨਾਲ ਵਿਸ਼ਵੀਕਰਨ ਦਾ ਪਸਾਰਾ ਹੋਇਆ। ਸੰਚਾਰ ਦੇ ਸਾਧਨਾਂ ਵਿੱਚ ਹੋਏ ਇੱਕਦਮ ਵਾਧੇ ਕਾਰਨ ਦੁਨੀਆ ਇੱਕ ਪਿੰਡ ਵਾਂਗ ਸਥਾਪਤ ਹੋਣ ਲੱਗੀ। ਦੁਨੀਆ ਵਿੱਚੋਂ ਰੂਸੀ ਧਾਕ ਖ਼ਤਮ ਹੋ ਗਈ ਜਿਸ ਦੇ ਨਤੀਜੇ ਵਜੋਂ ਅਮਰੀਕਾ ਅਤੇ ਰੂਸ ਵਿੱਚ ਠੰਢੀ ਜੰਗ ਵੀ ਬੀਤੇ ਦੀ ਕਹਾਣੀ ਹੋ ਗਈ। ਕੋਈ ਬਰਾਬਰ ਦਾ ਵਿਰੋਧੀ ਨਾ ਹੋਣ ਕਾਰਨ ਸੰਸਾਰੀਕਰਨ ਦੇ ਪਿੜ ਵਿੱਚ ਅਮਰੀਕਾ ਇਕੱਲਾ ਹੀ ਲਲਕਾਰੇ ਮਾਰਨ ਲੱਗਿਆ। ਭਾਰਤ ਨੂੰ ਵੀ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕਰਕੇ ਅਮਰੀਕਾ ਵੱਲ ਨੂੰ ਰੁੱਖ ਕਰਨਾ ਪਿਆ। ਉਹੀ ਉਹ ਸਮਾਂ ਸੀ ਜਦੋਂ ਸਿਆਸੀ ਕੂਟਨੀਤੀ ਉੱਤੇ ਆਰਥਿਕ ਕੂਟਨੀਤੀ ਹਾਵੀ ਹੋਣ ਲੱਗ ਪਈ ਅਰਥਾਤ ਵੱਖ-ਵੱਖ ਮੁਲਕਾਂ ਵਿਚਲੇ ਸੰਬੰਧਾਂ ਵਿੱਚ ਆਰਥਿਕ ਮਸਲਿਆਂ ਨੂੰ ਪਹਿਲ ਦਿੱਤੀ ਜਾਣ ਲੱਗੀ। ਪੂਰੀ ਦੁਨੀਆ ਇੱਕ ਸਾਂਝੀ ਮੰਡੀ ਬਣਨ ਲੱਗੀ ਅਤੇ ਆਪੋ-ਆਪਣੇ ਸਮਾਨ ਦੇ ਗਾਹਕ ਤਲਾਸ਼ੇ ਜਾਣ ਲੱਗੇ। ਇਸ ਕਾਰਨ ਅਮਰੀਕਾ ਅਤੇ ਯੂਰਪ ਨੂੰ ਉਹਨਾਂ ਮੁਲਕਾਂ ਦੀ ਯਾਦ ਸਤਾਉਣ ਲੱਗੀ ਜਿੱਥੇ ਮੱਧ ਵਰਗ ਦੀ ਆਬਾਦੀ ਵੱਧ ਸੀ। ਭਾਰਤ ਇੱਕ ਅਜਿਹਾ ਹੀ ਮੁਲਕ ਸੀ ਜਿੱਥੇ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਅਰਬਾਂ-ਖਰਬਾਂ ਦਾ ਮਾਲ ਖਪਾ ਸਕਦੀਆਂ ਸਨ। ਇਸ ਤੋਂ ਇਲਾਵਾ ਭਾਰਤ ਨੂੰ ਆਪਣੇ ਗੁਆਂਢੀ ਮੁਲਕਾਂ ਨਾਲ ਚੱਲਦੇ ਮਾੜੇ ਸੰਬੰਧਾਂ ਕਾਰਨ ਹਥਿਆਰਾਂ ਦੀ ਵੀ ਬਹੁਤ ਲੋੜ ਸੀ। ਇੱਕ ਹੋਰ ਵੱਡਾ ਕਾਰਨ ਇਹ ਵੀ ਸੀ ਕਿ ਅਮਰੀਕਾ ਨੂੰ ਏਸ਼ੀਆ ਵਿੱਚ ਚੀਨ ਨੂੰ ਕਾਬੂ ਵਿੱਚ ਰੱਖਣ ਲਈ ਇੱਕ ਅਜਿਹਾ ਵੱਡਾ ਅਤੇ ਤਾਕਤਵਰ ਸਾਥੀ ਚਾਹੀਦਾ ਸੀ ਜਿਹੜਾ ਖ਼ੁਦ ਵੀ ਚੀਨ ਨਾਲ ਛੱਤੀ ਦਾ ਅੰਕੜਾ ਰੱਖਦਾ ਹੋਵੇ। ਅਮਰੀਕਾ ਨਾਲ ਸੰਬੰਧਾਂ ਵਿੱਚ ਆਈ ਤਬਦੀਲੀ ਨੂੰ ਇਸ ਕੋਣ ਤੋਂ ਵੀ ਵੇਖਿਆ ਜਾ ਸਕਦਾ ਹੈ ਕਿ 1965 ਵਿੱਚ ਪਾਕਿਸਤਾਨ ਨੂੰ ਪੈਟਨ ਟੈਂਕ ਦੇਣ ਵਾਲੇ ਅਮਰੀਕਾ ਨੇ ਕਾਰਗਿਲ ਜੰਗ ਵਿੱਚ ਭਾਰਤ ਦੇ ਹੱਕ ਵਿੱਚ ਖੜ੍ਹ ਕੇ ਪਾਕਿਸਤਾਨ ਨੂੰ ਪਿੱਛੇ ਹਟਣ ਦੀ ਹਦਾਇਤ ਦਿੱਤੀ।
ਹੁਣ ਦੁਨੀਆ ਦੇ ਸਾਰੇ ਹੀ ਦੇਸ਼ਾਂ ਦੀਆਂ ਸਰਕਾਰਾਂ ਉੱਤੇ ਬਹੁਰਾਸ਼ਟਰੀ ਕੰਪਨੀਆਂ ਦਾ ਦਬਦਬਾ ਵਧਦਾ ਜਾ ਰਿਹਾ ਹੈ। ਉਹ ਕੰਪਨੀਆਂ ਅਜਿਹੇ ਮੁਲਕਾਂ ਦੀ ਤਲਾਸ਼ ਵਿੱਚ ਹਨ ਜਿੱਥੇ ਉਹਨਾਂ ਨੂੰ ਵੱਧ ਤੋਂ ਵੱਧ ਗਾਹਕ ਮਿਲ ਸਕਣ। ਗਾਹਕ ਉੱਥੇ ਹੀ ਵੱਧ ਮਿਲਣਗੇ ਜਿੱਥੇ ਮੱਧਵਰਗੀ ਆਬਾਦੀ ਵੱਧ ਹੋਏਗੀ, ਵਸਤੂ ਉਤਪਾਦਨ ਮੰਗ ਨਾਲੋਂ ਘੱਟ ਹੋਏਗਾ ਅਤੇ ਅਮਨ ਚੈਨ ਦਾ ਮਹੌਲ ਹੋਏਗਾ। ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੀ ਆਬਾਦੀ ਚੀਨ ਤੋਂ ਵਧ ਜਾਏਗੀ। ਇਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਜਾਏਗਾ। ਇਸ ਦੇ ਨਾਲ ਹੀ ਇਸ ਦੀ ਆਬਾਦੀ ਵਿੱਚ ਕਈ ਤਰਾਂ ਦੀਆਂ ਤਬਦੀਲੀਆਂ ਆਉਣ ਦੀ ਵੀ ਪ੍ਰਬਲ ਸੰਭਾਵਨਾ ਹੈ। ਇਸਦੇ ਮੱਧ ਵਰਗ ਦੇ ਦਿਨੋ-ਦਿਨ ਵੱਡਾ ਹੁੰਦੇ ਜਾਣ ਦੀ ਉਮੀਦ ਹੈ। ਭਾਰਤੀ ਮੱਧ ਵਰਗ ਦੀ ਆਬਾਦੀ ਜੋ ਕਿ ਅੱਜ ਤਕਰੀਬਨ 30 ਕਰੋੜ ਹੈ, ਆਉਂਦੇ ਦਹਾਕਿਆਂ ਵਿੱਚ ਵਧ ਕੇ ਦੁੱਗਣੀ ਹੋ ਸਕਦੀ ਹੈ। ਆਬਾਦੀ ਦਾ ਇਹੀ ਉਹ ਵਰਗ ਹੈ ਜਿਸ ਉੱਤੇ ਕਾਰਪੋਰੇਟ ਦੀ ਸਭ ਤੋਂ ਵੱਧ ਨਜ਼ਰ ਹੁੰਦੀ ਹੈ ਕਿਉਂਕਿ ਇਹ ਲੋਕ ਉਹਨਾਂ ਦੀਆਂ ਵਸਤਾਂ ਅਤੇ ਸੇਵਾਵਾਂ ਦੇ ਪੱਕੇ ਗਾਹਕ ਹੁੰਦੇ ਹਨ। ਅਮਰੀਕਾ ਅਤੇ ਯੂਰੋਪ ਦੀਆਂ ਸਰਕਾਰਾਂ ਉੱਤੇ ਕਾਰਪੋਰੇਟ ਦਾ ਪ੍ਰਭਾਵ ਬਹੁਤ ਵੱਧ ਹੈ। ਇਸ ਲਈ ਉਹਨਾਂ ਸਰਕਾਰਾਂ ਦੇ ਫੈਸਲਿਆਂ ਉੱਤੇ ਇਹ ਬਹੁਤ ਡੂੰਘਾਈ ਤੱਕ ਅਸਰਅੰਦਾਜ਼ ਹੁੰਦਾ ਹੈ। ਇਸ ਲਈ ਰਣਨੀਤਕ ਪੱਖ ਦੇ ਨਾਲ-ਨਾਲ ਆਰਥਿਕ ਪੱਖ ਤੋਂ ਵੀ ਅਮਰੀਕਾ ਲਈ ਭਾਰਤ ਦੀ ਬਹੁਤ ਵੱਡੀ ਮਹੱਤਤਾ ਹੈ।
ਅੱਤਵਾਦ ਨਾਲ ਝੰਬਿਆ ਹੋਇਆ ਪਾਕਿਸਤਾਨ, ਭਾਵੇਂ ਕਿ ਬੜਾ ਬਦਕਿਸਮਤ ਨਜ਼ਰ ਆਉਂਦਾ ਹੈ ਪਰ ਆਪਣੀ ਭੂਗੋਲਿਕ ਸਥਿਤੀ ਕਾਰਨ ਉਹ ਦੁਨੀਆਂ ਦਾ ਇੱਕ ਮਹੱਤਵਪੂਰਨ ਮੁਲਕ ਬਣਿਆ ਹੋਇਆ ਹੈ। ਆਪਣੀ ਬਦਕਿਸਮਤੀ ਤਾਂ ਉਸ ਨੇ ਖ਼ੁਦ ਹੀ ਸਹੇੜੀ ਹੋਈ ਹੈ ਕਿਉਂਕਿ ਉਹ ਦੂਜਿਆਂ ਨੂੰ ਬਰਬਾਦ ਕਰਨ ਦੇ ਚੱਕਰ ਵਿੱਚ ਖ਼ੁਦ ਬਰਬਾਦੀ ਦੇ ਰਾਹ ਪਿਆ ਹੋਇਆ ਹੈ। ਜਿਹੜੇ ਅੱਤਵਾਦੀ ਤੱਤ ਉਸ ਨੇ ਭਾਰਤ ਅਤੇ ਅਫ਼ਗਾਨਿਸਤਾਨ ਨੂੰ ਅਸਥਿਰ ਕਰਨ ਲਈ ਪੈਦਾ ਕੀਤੇ ਸਨ ਉਹ ਆਖ਼ਰ ਉਸੇ ਲਈ ਹੀ ਵੱਡੀ ਸਿਰਦਰਦੀ ਬਣ ਚੁੱਕੇ ਹਨ। ਪਰ ਉਸ ਦੀ ਖ਼ੁਸ਼ਕਿਸਮਤੀ ਇਹ ਹੈ ਕਿ ਅਮਰੀਕਾ ਅਤੇ ਚੀਨ ਵਰਗੇ ਵੱਡੇ ਦੇਸ਼ਾਂ ਨੂੰ ਆਪਣੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਉਸ ਦੇ ਸਾਥ ਦੀ ਲੋੜ ਹੈ। ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਪੈਰ ਧਰਨ ਲਈ ਪਾਕਿਸਤਾਨ ਦੀ ਧਰਤੀ ਵਿੱਚੋਂ ਲਾਂਘੇ ਦੀ ਜ਼ਰੂਰਤ ਹੈ। ਅਫਗਾਨਿਸਤਾਨ ਇੱਕ ਅਜਿਹਾ ਮੁਲਕ ਹੈ ਜਿਸ ਨੂੰ ਕੋਈ ਸਮੁੰਦਰ ਨਹੀਂ ਲੱਗਦਾ ਅਤੇ ਉਹ ਚਾਰੇ ਪਾਸਿਉਂ ਵੱਖ-ਵੱਖ ਦੇਸ਼ਾਂ ਨਾਲ ਘਿਰਿਆ ਹੋਇਆ ਹੈ। ਉੱਥੇ ਪਹੁੰਚਣ ਲਈ ਹਿੰਦ ਮਹਾਂਸਾਗਰ ਦੇ ਅਰਬ ਸਾਗਰ ਇਲਾਕੇ ਵਿੱਚੋਂ ਹੋ ਕੇ ਪਾਕਿਸਤਾਨ ਦੀ ਧਰਤੀ ਤੋਂ ਲੰਘ ਕੇ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਹੀ ਨਹੀਂ ਹੈ।
ਆਪਣਾ ਸਾਰਾ ਜੰਗੀ ਸਾਜ਼ੋ-ਸਾਮਾਨ ਅਤੇ ਆਪਣੀਆਂ ਫੌਜਾਂ ਨੂੰ ਅਫਗਾਨਿਸਤਾਨ ਭੇਜਣ ਲਈ ਅਮਰੀਕਾ ਕੋਲ ਇੱਕੋ-ਇੱਕ ਰਸਤਾ ਪਾਕਿਸਤਾਨ ਵਾਲਾ ਹੀ ਹੈ ਕਿਉਂਕਿ ਈਰਾਨ ਨਾਲ ਉਸ ਦੇ ਸੰਬੰਧ ਖ਼ਰਾਬ ਚੱਲ ਰਹੇ ਹਨ। ਇਸੇ ਤਰ੍ਹਾਂ ਚੀਨ ਲਈ ਪਾਕਿਸਤਾਨ ਦਾ ਮਹੱਤਵ ਇੰਨਾ ਵੱਧ ਹੈ ਕਿ ਉਹ ਰਣਨੀਤਕ ਅਤੇ ਆਰਥਿਕ ਦੋਹਾਂ ਹੀ ਮੁਹਾਜ਼ਾਂ ਉੱਤੇ ਪਾਕਿਸਤਾਨ ਦੀ ਪਿੱਠ ਪੂਰਨ ਤੋਂ ਰੁਕ ਨਹੀਂ ਸਕਦਾ। ਚੀਨ ਨੂੰ ਖਾੜੀ ਦੇਸ਼ਾਂ, ਅਫਰੀਕਾ ਮਹਾਂਦੀਪ ਅਤੇ ਯੂਰੋਪ ਮਹਾਂਦੀਪ ਨੂੰ ਜਾਣ ਵਾਸਤੇ ਸਮੁੰਦਰੀ ਰਸਤਾ ਬਹੁਤ ਲੰਬਾ ਪੈਂਦਾ ਹੈ। ਇਸ ਕਾਰਨ ਉਸ ਨੇ ਪਾਕਿਸਤਾਨ ਵਿੱਚ ਦੀ ਲੰਘ ਕੇ ਸਿੱਧਾ ਹੀ ਅਰਬ ਸਾਗਰ ਵਿੱਚ ਪਹੁੰਚਣ ਦਾ ਰਸਤਾ ਚੁਣਿਆ ਹੋਇਆ ਹੈ। ਇਸ ਮੰਤਵ ਦੀ ਪੂਰਤੀ ਲਈ ਉਹ ਪੂਰੇ ਪਾਕਿਸਤਾਨ ਵਿੱਚ ਇੱਕ ਵੱਡਾ ਸੜਕੀ ਨੈੱਟਵਰਕ ਬਣਾ ਰਿਹਾ ਹੈ ਜਿਸ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਤਾਕਤਾਂ ਨੂੰ ਪਾਕਿਸਤਾਨ ਦੀ ਲੋੜ ਹੈ ਅਤੇ ਪਾਕਿਸਤਾਨ ਇਸ ਦਾ ਖ਼ੂਬ ਫ਼ਾਇਦਾ ਉਠਾ ਰਿਹਾ ਹੈ। ਉਦਾਹਰਣ ਦੇ ਤੌਰ ਉੱਤੇ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਜਿਹੜਾ ਫੰਡ ਅੱਤਵਾਦ ਦੇ ਖ਼ਾਤਮੇ ਵਾਸਤੇ ਮਿਲਦਾ ਹੈ, ਉਹ ਉਸ ਨੂੰ ਉਲਟਾ ਅੱਤਵਾਦ ਨੂੰ ਸ਼ਹਿ ਦੇਣ ਲਈ ਵਰਤਦਾ ਰਹਿੰਦਾ ਹੈ। ਇਸੇ ਕਾਰਨ ਦੁਨੀਆ ਵਿੱਚ ਉਸ ਦਾ ਅਕਸ ਇੱਕ ਜ਼ਿੰਮੇਵਾਰ ਮੁਲਕ ਵਾਲਾ ਨਹੀਂ ਬਣ ਸਕਿਆ।
ਅਮਰੀਕਾ ਨੂੰ ਸੁਚੇਤ ਰੂਪ ਵਿੱਚ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਿਸੇ ਵੀ ਤਰਾਂ ਬਰਾਬਰ ਰੱਖ ਕੇ ਵੇਖਣਾ ਪੂਰੀ ਤਰਾਂ ਗੈਰ-ਵਿਹਾਰਕ ਹੈ ਪਰ ਹਾਲਾਤ ਦੀ ਮਜ਼ਬੂਰੀ ਅਜਿਹੀ ਹੈ ਕਿ ਉਸ ਨੂੰ ਪਾਕਿਸਤਾਨ ਨੂੰ ਮਹੱਤਵ ਦੇਣ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਨਜ਼ਰ ਆਉਂਦਾ। ਇਸ ਲਈ ਆਮ ਕਰਕੇ ਅਮਰੀਕੀ ਸਰਕਾਰ ਦੇ ਨੁਮਾਇੰਦੇ ਭਾਰਤ ਵਿੱਚ ਆ ਕੇ ਹੋਰ ਬਿਆਨ ਦਿੰਦੇ ਹਨ ਅਤੇ ਪਾਕਿਸਤਾਨ ਜਾ ਕੇ ਹੋਰ ਬੋਲੀ ਬੋਲਦੇ ਹਨ। ਅਸਲ ਵਿੱਚ ਭਾਰਤ-ਅਮਰੀਕਾ ਰਿਸ਼ਤਿਆਂ ਦਾ ਇੱਕ ਲੰਬਾ ਅਧਿਆਇ ਹੈ ਪਰ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਕੋਲ ਇੰਨਾ ਲੰਬਾ ਸੋਚਣ ਦਾ ਟਾਈਮ ਹੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਤੱਤਕਾਲੀ ਸਮੱਸਿਆਵਾਂ ਹੀ ਉਲਝਾਈ ਰੱਖਦੀਆਂ ਹਨ। ਜਿਵੇਂ ਕਿ ਲੰਬੀ ਸੋਚ ਦੇ ਹਿਸਾਬ ਨਾਲ ਤਾਂ ਚੀਨ ਵਰਗੇ ਵੱਡੇ ਦੁਸ਼ਮਣ ਨੂੰ ਟਿਕਾਣੇ ਰੱਖਣ ਲਈ ਅਮਰੀਕਾ ਨੂੰ ਭਾਰਤ ਨਾਲ ਸਹਿਯੋਗ ਵਧਾਉਣ ਦੀ ਸਖਤ ਲੋੜ ਹੈ ਪਰ ਫਿਰ ਵੀ ਅਮਰੀਕਾ ਦੀ ਵਿਦੇਸ਼ ਨੀਤੀ ਦੇ ਰਾਡਾਰ ਉੱਤੇ ਕਦੇ ਵੀ ਭਾਰਤ ਦੀ ਪੁਜ਼ੀਸ਼ਨ ਬਹੁਤੀ ਉੱਚੀ ਨਹੀਂ ਰਹੀ। ਹੁਣ ਵੀ ਭਾਵੇਂ ਉਹ ਭਾਰਤ ਨੂੰ ਸਲਾਮਤੀ ਕਾਊਂਸਿਲ ਵਿੱਚ ਵੇਖਣਾ ਤਾਂ ਚਾਹੁੰਦਾ ਹੈ ਅਤੇ ਅਫਗਾਨਿਸਤਾਨ ਵਰਗੇ ਮਾਮਲਿਆਂ ਵਿੱਚ ਵੀ ਭਾਰਤ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਦਾ ਹੈ ਪਰ ਇਹ ਵੇਖਣਾ ਹੋਏਗਾ ਕਿ ਉਸਦੀਆਂ ਰਣਨੀਤਕ ਮਜ਼ਬੂਰੀਆਂ ਉਸ ਨੂੰ ਇੰਜ ਕਰਨ ਦੇਣਗੀਆਂ ਜਾਂ ਨਹੀਂ।

Install Punjabi Akhbar App

Install
×