ਕੀ ਫਾਸ਼ੀਵਾਦ ਵੱਲ ਵਧ ਰਿਹਾ ਹੈ ਦੇਸ਼ ?

advocateprotestਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰਿਆ ਘਟਨਾਕ੍ਰਮ ਬਹੁਤ ਲੰਬੇ ਸਮੇਂ ਤੱਕ ਸਾਡੇ ਚੇਤਿਆਂ ਵਿਚ ਰਚਿਆ ਰਹੇਗਾ। ਜਿਸ ਤਰਾਂ ਉਹ ਘਟਨਾਵਾਂ ਅੰਜਾਮ ਦਿੱਤੀਆਂ ਗਈਆਂ ਅਤੇ ਜਿਹੋ ਜਿਹਾ ਵਤੀਰਾ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਨੇ ਵਿਖਾਇਆ, ਉਹ ਆਪਣੇ ਆਪ ਵਿਚ ਇਤਿਹਾਸ ਦੀ ਇੱਕ ਅਹਿਮ ਘਟਨਾ ਮੰਨੀ ਜਾਏਗੀ। ਭਾਵੇਂ ਕਿ ਯੂਨੀਵਰਸਿਟੀ ਵਿਚ ਲੱਗੇ ਦੇਸ਼ ਵਿਰੋਧੀ ਨਾਅਰਿਆਂ ਨੂੰ ਕਿਸੇ ਵੀ ਤਰਾਂ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ, ਪਰ ਉਨ੍ਹਾਂ ਦੀ ਠੀਕ ਨਿਸ਼ਾਨਦੇਹੀ ਉਸ ਤੋਂ ਵੀ ਵੱਧ ਜ਼ਰੂਰੀ ਹੈ। ਘੱਟੋ ਘੱਟ ਪਤਾ ਤਾਂ ਕਰ ਲਿਆ ਜਾਵੇ ਕਿ ਅਸਲੀ ਦੇਸ਼ ਵਿਰੋਧੀ ਅਨਸਰ ਹਨ ਕਿਹੜੇ। ਪਰ ਵੱਖ-ਵੱਖ ਨਿਊਜ਼ ਚੈਨਲਾਂ ਦਾ ਵਤੀਰਾ, ਵਕੀਲਾਂ ਦੀ ਗੁੰਡਾਗਰਦੀ, ਪੁਲਿਸ ਦੀ ਤਮਾਸ਼ਬੀਨੀ ਅਤੇ ਵੱਡੇ ਸਿਆਸੀ ਆਗੂਆਂ ਦੇ ਲਾਪਰਵਾਹੀ ਭਰੇ ਬਿਆਨ ਸਾਡੇ ਮੁਲਕ ਵਿਚ ਵਧ ਰਹੀ ਅ-ਸੰਵੇਦਨਸ਼ੀਲਤਾ ਦੀ ਗਵਾਹੀ ਭਰਦੇ ਹਨ। ਬਹੁਤ ਅਫ਼ਸੋਸ ਅਤੇ ਦਰਦ ਨਾਲ ਕਹਿਣਾ ਪੈ ਰਿਹਾ ਹੈ ਕਿ ਜੇਕਰ ਇਹ ਵਰਤਾਰਾ ਇਸੇ ਤਰਾਂ ਵਧਦਾ ਰਿਹਾ ਤਾਂ ਮੌਜੂਦਾ ਕੇਂਦਰ ਸਰਕਾਰ ਨੂੰ ਦੇਸ਼ ਵਿਚ ਅਜਿਹੀ ਖਾਨਾ ਜੰਗੀ ਲਈ ਯਾਦ ਕੀਤਾ ਜਾਇਆ ਕਰੇਗਾ ਜਿਹੜੀ ਹਿਟਲਰ ਦੇ ਨਾਜ਼ੀਵਾਦ ਜਾਂ ਮੁਸੋਲਿਨੀ ਦੇ ਫਾਸ਼ੀਵਾਦ ਤੋਂ ਕੋਈ ਬਹੁਤੀ ਵੱਖਰੀ ਨਹੀਂ ਹੋਵੇਗੀ। ਇਹ ਵੀ ਅਫ਼ਸੋਸ ਵਾਲੀ ਗੱਲ ਹੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਹਨਾਂ  ਮਸਲਿਆਂ ਬਾਰੇ ਕਦੇ ਵੀ ਕੁੱਝ ਬੋਲਦੇ ਨਜ਼ਰ ਨਹੀਂ ਆਉਂਦੇ ਜਦੋਂ ਕਿ ਉਹ ਤਾਂ ਸੱਤਾ ਵਿਚ ਹੀ ਇਸ ਨਾਅਰੇ ਨਾਲ ਆਏ ਸਨ ਕਿ ਪਿਛਲੇ ਪ੍ਰਧਾਨ ਮੰਤਰੀ ਤਾਂ ਹਰ ਨਾਜ਼ੁਕ ਮਸਲੇ ਬਾਰੇ ਮੌਨ ਹੀ ਧਾਰੀ ਰੱਖਦੇ ਸਨ।
ਕਿੰਨੀ ਅਜੀਬ ਅਤੇ ਦੁਖਦਾਈ ਸਥਿਤੀ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬੜੇ ਹੀ ਅਸਪਸ਼ਟ ਜਿਹੇ ਦੋਸ਼ਾਂ ਨਾਲ ਹੀ ਦੇਸ਼-ਧ੍ਰੋਹੀ ਗਰਦਾਨ ਦਿੱਤਾ ਜਾਂਦਾ ਹੈ। ਅਫ਼ਜ਼ਲ ਗੁਰੂ ਦੀ ਫਾਂਸੀ ਨੂੰ ਕਥਿਤ ਤੌਰ ਉੱਤੇ ‘ਨਿਆਇਕ ਹੱਤਿਆ’ ਕਹਿਣਾ ਜੇਕਰ ਅਦਾਲਤ ਦੀ ਮਾਣਹਾਨੀ ਮੰਨ ਵੀ ਲਈ ਜਾਵੇ ਤਾਂ ਵੀ ਇਹ ਦੇਸ਼-ਧ੍ਰੋਹ ਦਾ ਕੇਸ ਬਣਦਾ ਹੈ ਜਾਂ ਨਹੀਂ, ਇਹ ਫ਼ੈਸਲਾ ਦੇਸ਼ ਦੀਆਂ ਅਦਾਲਤਾਂ ਨੇ ਕਰਨਾ ਹੈ ਨਾ ਕਿ ਕਿਸੇ ਟੀਵੀ ਚੈਨਲ ਦੇ ਸਟੂਡੀਓ ਨੇ ਜਾਂ ਕਿਸੇ ਰਾਜਨੀਤਕ ਪਾਰਟੀ ਦੇ ਹੁੱਲੜਬਾਜ਼ ਸਮਰਥਕਾਂ ਨੇ। ਇਸੇ ਤਰਾਂ ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ‘ਭਾਰਤ ਦੀ ਬਰਬਾਦੀ’ ਵਾਲੇ ਨਾਅਰੇ ਕਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਲਗਾਏ ਗਏ ਸਨ। ਪਰ ਟੀ.ਆਰ.ਪੀ. ਦੇ ਭੁੱਖੇ ਸਾਡੇ ਕੁੱਝ ਮੀਡੀਆ ਹਾਊਸਾਂ ਨੂੰ ਅਦਾਲਤੀ ਫ਼ੈਸਲਿਆਂ ਦੀ ਉਡੀਕ ਕਰਨੀ ਇੰਨੀ ਔਖੀ ਹੋ ਜਾਂਦੀ ਹੈ ਕਿ ਪਹਿਲੇ ਹੀ ਦਿਨ ਤੋਂ ਉਹ ਆਪਣਾ ਮੀਡੀਆ ਟਰਾਇਲ ਸ਼ੁਰੂ ਕਰ ਦਿੰਦੇ ਹਨ ਅਤੇ ਅਦਾਲਤਾਂ ਦੇ ਫ਼ੈਸਲਿਆਂ ਤੋਂ ਪਹਿਲਾਂ ਹੀ ਆਪਣਾ ਫ਼ੈਸਲਾ ਸੁਣਾ ਦਿੰਦੇ ਹਨ। ਜੇਕਰ ਇਹ ਸਾਰਾ ਕੁੱਝ ਕਿਸੇ ਟੀਵੀ ਚੈਨਲ ਦੇ ਸਟੂਡੀਓ ਵਿਚ ਹੀ ਹੋਣਾ ਹੈ ਤਾਂ ਦੇਸ਼ ਦੀ ਨਿਆਂਪਾਲਿਕਾ ਦਾ ਕੰਮ ਕੀ ਰਹਿ ਗਿਆ ? ਹੁਣ ਜਦੋਂ ਕਿ ਬਹੁਤ ਕੁੱਝ ਸਾਹਮਣੇ ਆ ਚੁੱਕਾ ਹੈ ਕਿ ਕਨ੍ਹਈਆ ਕੁਮਾਰ ਵਾਲੀ ਵੀਡੀਓ ਨਾਲ ਭਾਰੀ ਛੇੜਛਾੜ ਹੋਈ ਹੈ ਤਾਂ ਕੀ ਅਜਿਹੀ ਛੇੜਛਾੜ ਕਰਨ ਵਾਲੇ ਟੀਵੀ ਚੈਨਲਾਂ ਨੂੰ ਕਟਹਿਰੇ ਵਿਚ ਨਾ ਸੱਦਿਆ ਜਾਵੇ ? ਉਨ੍ਹਾਂ ਨੂੰ ਆਖ਼ਰ ਇਹ ਹੱਕ ਕਿਸ ਨੇ ਦਿੱਤਾ ਕਿ ਕਿ ਉਹ ਕਿਸੇ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦੇਣ ? ਜੇਕਰ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਹੀ, ਕੱਲ੍ਹ ਨੂੰ ਕਿਸੇ ਕਥਿਤ ਦੋਸ਼ੀ ਦੀ ਹੱਤਿਆ ਹੋ ਗਈ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਨੁਕਸਾਨ ਹੋ ਗਿਆ ਤਾਂ ਕੀ ਉਸ ਲਈ ਉਨ੍ਹਾਂ ਮੀਡੀਆ ਹਾਊਸਾਂ ਉੱਤੇ ਫ਼ੌਜਦਾਰੀ ਮੁਕੱਦਮਾ ਨਾ ਚਲਾਇਆ ਜਾਵੇ ਜਿਨ੍ਹਾਂ ਨੇ ਉਨ੍ਹਾਂ ਕਥਿਤ ਦੋਸ਼ੀਆਂ ਖ਼ਿਲਾਫ਼ ਵਿਆਪਕ ਪੱਧਰ ਉੱਤੇ ਨਫ਼ਰਤ ਭੜਕਾਈ ?
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਗੁੰਡਾਗਰਦੀ ਦਾ ਜਿਹੜਾ ਨਾਚ ਵਕੀਲਾਂ ਨੇ ਪੇਸ਼ ਕੀਤਾ, ਉਹ ਸ਼ਾਇਦ ਹੁਣ ਤੱਕ ਦੇ ਅਦਾਲਤੀ ਇਤਿਹਾਸ ਦਾ ਸਭ ਤੋਂ ਘਿਨਾਉਣਾ ਕਾਂਡ ਹੋਵੇ। ਵਕੀਲਾਂ ਨੂੰ ਤਾਂ ਸਭ ਤੋਂ ਵੱਡੀ ਗੱਲ ਪੜ੍ਹਾਈ ਹੀ ਇਹ ਜਾਂਦੀ ਹੈ ਕਿ ਵੱਡੇ ਤੋਂ ਵੱਡੇ ਅਪਰਾਧੀ ਨੂੰ ਵੀ ਕਾਨੂੰਨੀ ਸੇਵਾਵਾਂ ਲੈਣ ਦਾ ਪੂਰਾ ਹੱਕ ਹੁੰਦਾ ਹੈ ਅਤੇ ਜੇਕਰ ਕੋਈ ਦੋਸ਼ੀ ਆਪਣੇ ਪੱਧਰ ਉੱਤੇ ਅਜਿਹਾ ਪ੍ਰਬੰਧ ਨਾ ਵੀ ਕਰ ਸਕਦਾ ਹੋਵੇ ਤਾਂ ਉਸ ਨੂੰ ਸਰਕਾਰੀ ਵਕੀਲ ਮੁਹੱਈਆ ਕਰਵਾਇਆ ਜਾਂਦਾ ਹੈ। ਫਿਰ ਕੀ ਉਨ੍ਹਾਂ ਵਕੀਲਾਂ ਨੇ ਆਪਣੀ ਸਾਰੀ ਪੜ੍ਹਾਈ ਖੂਹ-ਖਾਤੇ ਹੀ ਪਾ ਦਿੱਤੀ ? ਉਨ੍ਹਾਂ ਨੇ ਅਦਾਲਤ ਵਿਚ ਮੌਜੂਦ ਪੱਤਰਕਾਰਾਂ ਅਤੇ ਵਿਦਿਆਰਥੀ ਨੇਤਾਵਾਂ ਨੂੰ ਸ਼ਰੇਆਮ ਕੁੱਟਿਆ। ਉਨ੍ਹਾਂ ਨੇ ਤਾਂ ਸੁਪਰੀਮ ਕੋਰਟ ਦੁਆਰਾ ਭੇਜੀ ਨਿਗਰਾਨ ਟੀਮ ਦੇ ਮੈਂਬਰਾਂ ਨੂੰ ਵੀ ਨਾ ਬਖ਼ਸ਼ਿਆ। ਉਸ ਟੀਮ ਉੱਤੇ ਟੁੱਟੇ ਗਮਲੇ ਦੇ ਟੁਕੜਿਆਂ, ਪੱਥਰਾਂ ਅਤੇ ਪਾਣੀ ਦੀਆਂ ਬੋਤਲਾਂ ਨਾਲ ਹਮਲੇ ਕੀਤੇ ਗਏ। ਕੋਈ ਵਕੀਲ ਇੰਨਾ ਨਾਸਮਝ ਤਾਂ ਨਹੀਂ ਹੋ ਸਕਦਾ ਕਿ ਇੰਜ ਜਜ਼ਬਾਤੀ ਹੋ ਕੇ ਕਿਸੇ ਕਥਿਤ ਦੋਸ਼ੀ ਜਾਂ ਪੱਤਰਕਾਰਾਂ ਨੂੰ ਅਦਾਲਤ ਵਿਚ ਹੀ ਕੁੱਟਣ ਲੱਗ ਪਵੇ। ਸਾਫ਼ ਜ਼ਾਹਿਰ ਹੈ ਕਿ ਉਹ ਸਾਰੇ ਵਕੀਲ ਜਿਨ੍ਹਾਂ ਨੇ ਵੀ ਉਹ ਕੰਮ ਕੀਤਾ, ਉਹ ਸਾਰੇ ਕਿਸੇ ਗੁੰਡਾ ਸੰਗਠਨ ਦੇ ਮੈਂਬਰ ਹੋ ਸਕਦੇ ਹਨ। ਭਾਜਪਾ ਦਾ ਦਿੱਲੀ ਤੋਂ ਵਿਧਾਇਕ ਓ.ਪੀ. ਸ਼ਰਮਾ ਵੀ ਉਨ੍ਹਾਂ ਵਕੀਲਾਂ ਦਾ ਸਾਥੀ ਬਣ ਕੇ ਵਿਦਿਆਰਥੀਆਂ ਉੱਤੇ ਹਮਲੇ ਕਰ ਰਿਹਾ ਸੀ। ਇਹ ਉਸ ਤੋਂ ਵੀ ਵੱਧ ਦੁਖਦਾਈ ਹੈ ਕਿ ਕਈ ਟੀਵੀ ਚੈਨਲਾਂ ਨੇ ਉਸ ਦਾ ਸਿੱਧਾ ਨਾਮ  ਲੈਣ ਤੋਂ ਗੁਰੇਜ਼ ਕੀਤਾ ਜਦੋਂ ਕਿ ਉਹ ਟੀਵੀ ਸਕਰੀਨ ਉੱਤੇ ਸ਼ਰੇਆਮ ਗੁੰਡਾਗਰਦੀ ਕਰਦਾ ਵੇਖਿਆ ਗਿਆ।
ਦਿੱਲੀ ਪੁਲਿਸ ਨੇ ਜੋ ਰੋਲ ਉਸ ਵੇਲੇ ਨਿਭਾਇਆ ਉਹ ਵੀ ਪੂਰੀ ਤਰਾਂ ਨਿੰਦਣਯੋਗ ਹੈ। ਪੂਰੀ ਦੁਨੀਆ ਨੇ ਟੀਵੀ ਸਕਰੀਨ ਉੱਤੇ ਵੇਖਿਆ ਕਿ ਸਾਡੇ ਦੇਸ਼ ਦੀ ਰਾਜਧਾਨੀ ਦੀ ਪੁਲਿਸ ਕਿਸ ਹੱਦ ਤੱਕ ਲਾਪਰਵਾਹ ਹੈ। ਭਾਵੇਂ ਕਿ ਕੁੱਝ ਮੁੱਠੀ ਭਰ ਪੁਲਿਸ ਮੁਲਾਜ਼ਮਾਂ ਨੇ ਉਸ ਮੌਕੇ ਵਧੀਆ ਕੰਮ ਦਾ ਸਬੂਤ ਵੀ ਦਿੱਤਾ ਪਰ ਜਦੋਂ ਵਕੀਲਾਂ ਦੇ ਇੱਕ ਧੜੇ ਵੱਲੋਂ ਕੁੱਝ ਪੱਤਰਕਾਰਾਂ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਕਈ ਪੁਲਿਸ ਵਾਲੇ ਤਮਾਸ਼ਬੀਨ ਬਣੇ ਨਜ਼ਰ ਆਏ। ਸਭ ਤੋਂ ਵੱਡੀ ਅਣਗਹਿਲੀ ਅਤੇ ਨਾਅਹਿਲੀਅਤ ਦਾ ਸਬੂਤ ਤਾਂ ਦਿੱਲੀ ਪੁਲਿਸ ਦੇ ਕਮਿਸ਼ਨਰ ਭੀਮ ਸੈਨ ਬੱਸੀ ਨੇ ਦਿੱਤਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਵਕੀਲਾਂ ਦੀ ਸ਼ਰੇਆਮ ਗੁੰਡਾਗਰਦੀ ਨੂੰ, ਦਿੱਲੀ ਪੁਲਿਸ ਵੱਲੋਂ ਸਖ਼ਤੀ ਨਾਲ ਕਿਉਂ ਨਹੀਂ ਰੋਕਿਆ ਗਿਆ ਤਾਂ ਉਸ ਦਾ ਜਵਾਬ ਬੜਾ ਅਜੀਬ ਅਤੇ ਬਚਕਾਨਾ ਸੀ। ਉਸ ਨੇ ਕਿਹਾ ਕਿ ਵਕੀਲ ਤਾਂ ‘ਅਦਾਲਤੀ ਅਫ਼ਸਰ’ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਹੱਥ ਪਾਉਣ ਲੱਗਿਆਂ ਬਹੁਤ ਇਹਤਿਆਤ ਵਰਤਣੀ ਪੈਂਦੀ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਪੁਲਿਸ ਕਿਸੇ ਗੁੰਡੇ ਦੁਆਰਾ ਕੀਤੇ ਜਾ ਰਹੇ ਦੋਸ਼ ਨੂੰ ਨਾ ਵੇਖੇ ਬਲਕਿ ਉਸ ਦੇ ਰੁਤਬੇ ਨੂੰ ਵੇਖ ਕੇ ਹੀ ਉਸ ਨੂੰ ਹੱਥ ਪਾਵੇ। ਨਾਲੇ ਵੇਖਿਆ ਜਾਵੇ ਤਾਂ ਪੁਲਿਸ ਨੇ ਤਾਂ ਉਨ੍ਹਾਂ ਵਕੀਲਾਂ ਦੇ ਕਾਲੇ ਕੋਟ ਵੇਖ ਕੇ ਹੀ ਉਨ੍ਹਾਂ ਨੂੰ ਹੱਥ ਪਾਉਣ ਦਾ ਹੀਆ ਨਹੀਂ ਸੀ  ਕੀਤਾ। ਪਰ ਜੇਕਰ ਕੱਲ੍ਹ ਨੂੰ ਕੋਈ ਕਾਲਾ ਕੋਟ ਪਾ ਕੇ ਅਦਾਲਤੀ ਗਲਿਆਰੇ ਵਿਚ ਕਿਸੇ ਦਾ ਕਤਲ ਕਰ ਦੇਵੇ ਤਾਂ ਕੀ ਫਿਰ ਵੀ ਪੁਲਿਸ ਅਜਿਹਾ ਵਤੀਰਾ ਹੀ ਰੱਖੇਗੀ ਕਿ ਉਹ ਤਾਂ ‘ਅਦਾਲਤੀ ਅਫ਼ਸਰ’ ਹਨ, ਉਨ੍ਹਾਂ ਨੂੰ ਹੱਥ ਨਹੀਂ ਪਾਉਣਾ ?
ਜਿਸ ਢੰਗ ਨਾਲ ਮੌਜੂਦਾ ਸਰਕਾਰ ਕੰਮ ਕਰ ਰਹੀ ਹੈ, ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੋਈ ਸ਼ੁੱਭ ਸ਼ਗਨ ਨਹੀਂ ਹੈ। ਉੱਥੇ ਪਰਪੱਕਤਾ ਦੀ ਘਾਟ ਸਪਸ਼ਟ ਨਜ਼ਰ ਆਉਂਦੀ ਹੈ ਅਤੇ ਹਰ ਮਾਮਲੇ ਵਿਚ ਆਪਣੇ ਆਪ ਨੂੰ ਅਸਲੀ ਦੇਸ਼-ਭਗਤ ਸਾਬਤ ਕਰਨ ਦੀ ਕਾਹਲ ਵੇਖੀ ਜਾ ਸਕਦੀ ਹੈ। ਬਹੁਤ ਸਾਰੇ ਜ਼ਿੰਮੇਵਾਰ ਅਹੁਦਿਆਂ ਉੱਤੇ ਬੈਠੇ ਲੋਕ ਆਪਣੇ ਆਪ ਨੂੰ ਪੂਰੇ ਦੇਸ਼ ਦੇ ਸਾਂਝੇ ਆਗੂ ਨਾ ਸਮਝ ਕੇ ਕਿਸੇ ਖ਼ਾਸ ਭਾਈਚਾਰੇ ਜਾਂ ਕਿਸੇ ਖ਼ਾਸ ਪਾਰਟੀ ਦੇ ਮੰਤਰੀ ਹੀ ਸਮਝ ਰਹੇ ਹਨ। ਸਾਡੇ ਗ੍ਰਹਿ ਮੰਤਰੀ ਬਿਆਨ ਦੇਣ ਲਈ ਇੰਨੇ ਕਾਹਲੇ ਪੈ ਜਾਂਦੇ ਹਨ ਕਿ ਖ਼ਬਰ ਦੇ ਵਸੀਲਿਆਂ ਦੀ ਭਰੋਸੇਯੋਗਤਾ ਬਾਰੇ ਜਾਣਨ ਦੀ ਲੋੜ ਵੀ ਨਹੀਂ ਸਮਝਦੇ। ਉਹ ਇੱਕ ਨਕਲੀ ਟਵਿਟਰ ਖਾਤੇ ਦੇ ਸੁਨੇਹੇ ਨੂੰ ਹੀ ਪਾਕਿਸਤਾਨੀ ਦਹਿਸ਼ਤਗਰਦ ਹਾਫ਼ਿਜ਼ ਸਈਦ ਦਾ ਸੁਨੇਹਾ ਸਮਝ ਲੈਂਦੇ ਹਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ। ਭਾਜਪਾ ਨੇ ਆਪਣੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀਆਂ ਵਾਗਾਂ ਇੰਨੀਆਂ ਢਿੱਲੀਆਂ ਛੱਡੀਆਂ ਹੋਈਆਂ ਹਨ ਕਿ ਜਦੋਂ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਸਥਾਪਨਾ ਹੋਈ ਹੈ ਤਾਂ ਇਹ ਵਿਦਿਆਰਥੀ ਸੰਗਠਨ ਆਪਣਾ ਸੰਜਮ ਅਸਲੋਂ ਹੀ ਗੁਆਉਂਦਾ ਜਾ ਰਿਹਾ ਹੈ। ਦੇਸ਼ ਵਿਚ ਅਸਹਿਣਸ਼ੀਲਤਾ ਦਾ ਹਾਲ ਇਹ ਹੈ ਕਿ ਕਿਸੇ ਨੂੰ ਧੱਕੇ ਨਾਲ ਹੀ ਦੇਸ਼-ਧ੍ਰੋਹੀ ਸਾਬਤ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਗਊ ਦਾ ਮਾਸ ਖਾਣ ਦੇ ਸਿਰਫ਼ ਸ਼ੱਕ ਕਾਰਨ ਹੀ ਕਤਲ ਕੀਤਾ ਜਾ ਰਿਹਾ ਹੈ। ਅਨੂਪਮ ਖੇਰ ਅਤੇ ਓ.ਪੀ. ਸ਼ਰਮੇ ਵਰਗੇ ਲੋਕ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡ ਰਹੇ ਹਨ ਅਤੇ ਕੋਈ ਭਾਜਪਾਈ ਆਗੂ, ਰਾਹੁਲ ਗਾਂਧੀ ਨੂੰ ਗੋਲੀ ਮਾਰ ਦੇਣ ਦੇ ਬਿਆਨ ਦਾਗ਼ ਰਿਹਾ ਹੈ। ਉਪਰੋਕਤ ਘਟਨਾਵਾਂ ਤੋਂ ਸਰਕਾਰ ਦੀਆਂ ਬੱਜਰ ਕੁਤਾਹੀਆਂ ਨਜ਼ਰ ਆਉਂਦੀਆਂ ਹਨ। ਦੇਸ਼ ਵਿਚ ਸਿਰੇ ਦੇ ਸੱਜੇ-ਪੱਖੀ ਵਿਚਾਰ ਹਾਵੀ ਹੁੰਦੇ ਜਾ ਰਹੇ ਹਨ ਜੋ ਕਿ ਭਾਰਤ ਵਰਗੇ ਦੇਸ਼ ਲਈ ਕਿਸੇ ਫਾਸ਼ੀਵਾਦ ਤੋਂ ਘੱਟ ਨਹੀਂ ਹੈ।

Install Punjabi Akhbar App

Install
×