ਐੱਚ-1 ਵੀਜ਼ੇ ਵਾਲਿਆਂ ਦੇ ਸਿਟੀਜ਼ਨ ਬੱਚਿਆਂ ਲਈ ਭਾਰਤ ਨੇ ਦਰਵਾਜ਼ੇ ਖੋਲ ਦਿੱਤੇ

ਵਾਸ਼ਿੰਗਟਨ  ਡੀ. ਸੀ. 24 ਮਈ – ਭਾਰਤ ਤੋਂ ਐੱਚ-1 ਵੀਜੇ ਤੇ ਆਏ ਮਾਪਿਆਂ ਨੂੰ ਉਸ ਵੇਲੇ ਘਰ ਵਾਪਸੀ ਜਾਣ ਵਿੱਚ ਖੁਸ਼ੀ ਹੋਈ, ਜਦੋਂ ਉਹਨਾਂ ਦੇ ਬੱਚਿਆਂ ਨੂੰ ਅਮਰੀਕਾ ਦੇ ਸਿਟੀਜ਼ਨ ਹੋਣ ਕਾਰਨ ਭਾਰਤ ਜਾਣ ਲਈ ਰਾਹ ਖੋਲ ਦਿੱਤਾ । ਇਕ ਸਪੈਸ਼ਲ ਪੱਤਰ ਜਾਰੀ ਕਰਕੇ ਇਹ ਰਾਹਤ ਦਿੱਤੀ ਗਈ ਹੈ। ਜਿਸ ਕਰਕੇ ਮਾਪਿਆਂ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ,ਵਿਦੇਸ਼ ਮੰਤਰਾਲੇ ਤੇ ਅੰਬੈਸੀ ਦਾ ਧੰਨਵਾਦ ਕੀਤਾ ਹੈ, ਜਿਸ ਕਾਰਨ ਐਚ -1 ਵੀਜ਼ਾ ਵਾਲੇ ਮਾਪਿਆ ਵਿੱਚ ਖ਼ੁਸ਼ੀ ਦੀ ਲਹਿਰ ਦਾ ਇਜਹਾਰ ਹੋ ਰਿਹਾ ਹੈ।ਇਸ ਸੰਬੰਧ ਚ’ਭਾਰਤੀ ਅੰਬੈਸੀ ਵਲੋ ਪ੍ਰੈਸ ਨੋਟ ਜਾਰੀ ਕਰਨ ਉਪਰੰਤ ਪਤਾ ਚਲਿਆਂ ਕਿ ਅੰਬੈਸੀ ਨੇ ਭਾਰਤ ਸਰਕਾਰ ਨਾਲ ਲਗਾਤਾਰ ਰਾਫਤਾ ਕਰਕੇ ਇਸ ਮੁਸ਼ਕਲ ਦਾ ਹੱਲ ਕਰਵਾਇਆ ਹੈ। ਜਿਸ ਸੰਬੰਧੀ ਪਿਛਲੇ ਦਿਨੀਂ ਕਾਫ਼ੀ ਕੁਝ ਅਖ਼ਬਾਰਾਂ ਵਿੱਚ ਛਪਿਆ ਸੀ।ਇਹ ਭਾਰਤ ਸਰਕਾਰ ਦਾ ਸ਼ਲਾਘਾ ਯੋਗ ਫੈਸਲਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਅਮਰੀਕਾ ਚ’ ਭਾਰਤ ਤੋਂ ਆਈ. ਟੀ. ਦੀ ਨੌਕਰੀ ਲਈ ਆਏ ਸਨ, ਉਹਨਾਂ ਦੇ ਬੱਚੇ ਇੱਥੇ ਪੈਦਾ ਹੋਏ ਹਨ, ਕੋਈ ਦੋ ਸਾਲ ਦਾ ਹੈ, ਕੋਈ ਤਿੰਨ ਸਾਲ ਦਾ ਹੈ। ਕਾਨੂੰਨੀ ਤੌਰ ‘ਤੇ ਉਹ ਇੱਥੇ ਪੈਦਾ ਹੋਣ ਕਰਕੇ ਅਮਰੀਕਾ ਦੇ ਸਿਟੀਜ਼ਨ ਬਣ ਗਏ ਹਨ। ਉਹਨਾਂ ਲਈ ਭਾਰਤ ਜਾਣ ਲਈ ਦਿੱਤੀ ਰਾਹਤ ਪਰਿਵਾਰਾਂ ਨੂੰ ਜੋੜਨ ਦਾ ਕੰਮ ਕਰੇਗੀ। ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ  ਇਥੇ ਐੱਚ-1 ਵੀਜ਼ੇ ਵਾਲਿਆਂ ਨੂੰ ਨੌਕਰੀ ਤੋਂ  ਵੀ ਵਾਂਝਿਆਂ ਹੋਣਾ ਪਿਆ ਸੀ।ਉਹਨਾਂ ਭਾਰਤ ਜਾਣ ਲਈ ਉਤਾਵਲੇ ਸਨ ,ਪਰ ਉਹਨਾਂ ਦੇ ਬੱਚਿਆਂ ਦੇ ਸਿਟੀਜ਼ਨ ਹੋਣ ਕਰਕੇ ਉਹਨਾਂ ਨੂੰ ਮੁਸ਼ਕਲ ਆ ਰਹੀ ਸੀ । ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਸਿਟੀਜ਼ਨ ਹੋਣ ਨਾਤੇ ਉਹਨਾਂ ਤੇ ਆਰਜੀ ਰੋਕ ਲਗਾ ਦਿੱਤੀ ਗਈ ਸੀ। ਮਾਪਿਆਂ ਨੇ ਭਾਰਤੀ ਅੰਬੈਸਡਰ ਸ:ਤਰਨਜੀਤ ਸਿੰਘ ਸੰਧੂ ਨੂੰ ਬੇਨਤੀ ਕੀਤੀ ਸੀ  ਕਿ ਉਹਨਾਂ ਦੀਆਂ ਨੌਕਰੀਆਂ ਕੋਰੋਨਾਵਾਇਰਸ ਕਰਕੇ ਚਲੀਆਂ ਗਈਆਂ ਹਨ। ਉਹਨਾਂ ਦਾ ਅਮਰੀਕਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਲਈ ਉਹਨਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਹੀ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਜੋ ਕਿ ਸ: ਤਰਨਜੀਤ ਸਿੰਘ ਸੰਧੂ ਅੰਬੈਸਡਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਇਸ  ਮੁਸ਼ਕਲ ਤੋ ਰਾਹਤ ਦਿਵਾਈ ਹੈ। ਜਿਸ ਦੀ ਚਾਰ ਚੁਫੇਰਿਉ ਸ਼ਲਾਘਾ ਕੀਤੀ ਜਾ ਰਹੀ ਹੈ।ਭਾਰਤ ਸਰਕਾਰ ਨੇ ਇਸ ਸਥਿੱਤੀ  ਨੂੰ ਪਹਿਲ ਦੇ ਅਧਾਰ ‘ਤੇ ਪ੍ਰਵਾਨਗੀ ਦੇ ਕੇ ਇਹਨਾਂ ਮਾਪਿਆਂ ਨੂੰ ਬੱਚਿਆਂ ਸਮੇਤ ਭਾਰਤ ਭੇਜਣ ਦਾ ਤੁਰੰਤ ਪ੍ਰਬੰਧ ਕਰ ਦਿਤਾ ਹੈ। ਜਿਸ ਲਈ ਮਾਪੇ , ਬਚਿਆਂ ਸਮੇਤ ਜਾਣ ਲਈ ਧੜਾ -ਧੜ ਰਜਿਸਟੈ੍ਰਸ਼ਨ ਕਰਵਾਉਣ ਲੱਗ ਪਏ ਹਨ।

Install Punjabi Akhbar App

Install
×