ਮੇਰਾ ਭਾਰਤ ਮਹਾਨ: ਨਿਊਜ਼ੀਲੈਂਡ ‘ਚ ਵੀ ਵਸਿਆ ਹੈ ਖੰਡਾਲਾ ਸ਼ਹਿਰ ਗਲੀਆਂ ਦੇ ਨਾਂਅ ਸੁਣ ਕੇ ਜਾਓਗੇ ਠਹਿਰ

NZ PIC 1 Dec-2‘ਮੇਰਾ ਭਾਰਤ ਮਹਾਨ’ ਹਰ ਭਾਰਤੀ ਬਚਪਨ ਤੋਂ ਸੁਣਦਾ ਤੇ ਕਹਿੰਦਾ ਆ ਰਿਹਾ ਹੈ, ਕਈ ਇਸਨੂੰ ਮਜ਼ਾਕ ਦੇ ਤੌਰ ‘ਤੇ ਵੀ ਲੈਂਦੇ ਹਨ ਪਰ ਕਈਆਂ ਦੀ ਨਿਗ੍ਹਾ ਵਿਚ ਭਾਰਤ ਹੈ ਹੀ ਸੱਚੀਂ ਮਹਾਨ। ਇਹ ਮਹਾਨਤਾ ਭਾਵੇਂ ਅੱਜ ਵੀ ਬਹੁਤਿਆਂ ਨੂੰ ਮਹਿਸੂਸ ਨਾ ਹੁੰਦੀ ਹੋਵੇ ਪਰ ਕੁਝ ਗੋਰੇ ਲੋਕਾਂ ਅੰਦਰ ਭਾਰਤ ਦੇ ਵਿਚ ਨੌਕਰੀ ਕਰਦਿਆਂ ਇਸ ਦੀ ਮਹਾਨਤਾ ਐਸੀ ਸਮਾਈ ਕਿ ਉਹ ਜਿੱਥੇ ਵੀ ਗਏ ਭਾਰਤੀ ਨਾਂਅ ਨਾਲ ਹੀ ਲੈ ਗਏ ਤਾਂ ਕਿ ਭਾਰਤ ਦੇ ਵਿਚ ਬਿਤਾਏ ਸਮੇਂ ਦਾ ਅਨੁਭਵ ਉਹ ਸਦਾ ਕਰਦੇ ਰਹਿਣ। ਨਿਊਜ਼ੀਲੈਂਡ ਦੇ ਵਿਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਭਾਰਤੀ ਲੋਕ 1890 ਦੇ ਵਿਚ ਇਥੇ ਆਏ ਮੰਨੇ ਜਾਂਦੇ ਹਨ ਪਰ ਉਨ੍ਹਾਂ ਤੋਂ ਪਹਿਲਾਂ ਹੀ ਭਾਰਤੀ ਨਾਵਾਂ ਵਾਲੇ ਸ਼ਹਿਰ ਗੋਰਿਆਂ ਨੇ ਵਸਾ ਲਏ ਸਨ। ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਨਾਲ ਲਗਦਾ ਇਕ ਸ਼ਹਿਰ ਹੈ ‘ਖੰਡਾਲਾ’। ਇਹ ਸ਼ਹਿਰ ਆਕਲੈਂਡ ਤੋਂ ਤਕਰੀਬਨ 650 ਕਿਲੋਮੀਟਰ ਦੂਰ ਹੈ। ‘ਖੰਡਾਲਾ’ ਜਿਸ ਦਾ ਮਤਲਬ ਹੈ ਕਿ ਸੁੰਦਰ ਵਾਦੀਆਂ ਦਾ ਇਕ ਸਮੂਹ ਧਾਰਨਾ ਅਤੇ ਵਿਸ਼ਵਾਸ਼ ਇਹ ਹੈ ਕਿ ਜਿੱਥੇ ਭਗਵਾਨ ਆਰਾਮ ਕਰਦਾ ਹੈ। ਭਾਰਤ ਦੇ ਵਿਚ ਹੀ ਖੰਡਾਲਾ ਵਾਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਗੀਤਾਂ ਵਿਚ ਵੀ ਹੁੰਦਾ ਹੈ। ਇਸ ਖੇਤਰ (ਸ਼ਹਿਰ) ਦਾ ਨਾਂਅ ਇਕ ਅੰਗਰੇਜ਼ ਜਿਸ ਦਾ ਨਾਂਅ ਕੈਪਟਨ ਐਡਵਾਰਡ ਬੈਟਰਜਬੀ ਸੀ ਅਤੇ ਉਹ ਈਸਟ ਇੰਡੀਆ ਕਪੰਨੀ ਦਾ ਭਾਰਤ ਵਿਚ ਅਫਸਰ ਸੀ, ਨੇ ਰੱਖਿਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਕ ਹੋਰ ਕੈਪਟਨ ਜੇਮਸ ਐਂਡਰਿਊ ਹੈ, ਇਸਨੇ ਵੀ ਇੰਡੀਆ ਮਿਲਟਰੀ ਦੇ ਵਿਚ ਨੌਕਰੀ ਕੀਤੀ ਹੈ, ਵੱਲੋਂ ਵੀ ਰੱਖਿਆ ਮੰਨਿਆ ਜਾਂਦਾ ਹੈ। ਐਂਡਰਿਊ ਨੇ 450 ਏਕੜ ਜ਼ਮੀਨ ਇਥੇ ਖਰੀਦੀ ਸੀ।  1894 ਦੇ ਵਿਚ ਇਸ ਕੈਪਟਨ ਨੇ ‘ਖੰਡਾਲਾ ਰੇਲਵੇ ਸਟੇਸ਼ਨ’ ਬਣਾਉਣ ਵਾਸਤੇ ਆਪਣੀ ਜ਼ਮੀਨ ਸਰਕਾਰ ਨੂੰ ਦਿੱਤੀ ਸੀ। 1920 ਦੇ ਵਿਚ ਇਥੇ ਜਦੋਂ ਹੋਰ ਵਿਕਾਸ ਹੋਇਆ ਤਾਂ ਗਲੀਆਂ ਦੇ ਨਾਂਅ ਭਾਰਤੀ ਸੂਬਿਆਂ, ਸ਼ਹਿਰਾਂ ਅਤੇ ਕੁਝ ਖਾਸ ਵਿਅਕਤੀਆਂ ਦੇ ਨਾਂਅ ਉਤੇ ਵੀ ਰੱਖ ਦਿੱਤੇ ਗਏ। ਜਿਨ੍ਹਾਂ ਨੂੰ ਸੁਣ ਕੇ ਇਕ ਵਾਰ ਤਾਂ ਮਨ ਗਦ ਗਦ ਹੋ ਉਠਦਾ ਹੈ ਤੇ ਵਿਅਕਤੀ ਇਕ ਤਰ੍ਹਾਂ ਠਹਿਰ ਹੀ ਜਾਂਦਾ ਹੈ। ਇਸ ਖੇਤਰ ਦੀਆਂ ਗਲੀਆਂ ਦੇ ਨਾਂਅ ਹਨ ਜਿਵੇਂ ਪੰਜਾਬ ਸਟ੍ਰੀਟ, ਅੰਮ੍ਰਿਤਸਰ ਸਟਰੀਟ, ਬੰਬੇ ਸਟ੍ਰੀਟ, ਪਟਨਾ ਸਟ੍ਰੀਟ, ਕੈਸ਼ਮੀਰ ਐਵਨਿਊ, ਲੋਹੀਆਂ ਸਟ੍ਰੀਟ, ਰਾਮਾ ਕਿਰੈਜੈਂਟ, ਐਵਰੈਸਟ ਸਟ੍ਰੀਟ, ਆਗਰਾ  ਕਿਰੈਜੈਂਟ,  ਦਿੱਲੀ  ਕਿਰੈਜੈਂਟ, ਬੰਗਾਲ ਸਟ੍ਰੀਟ, ਐਵਰੈਸਟ ਸਟ੍ਰੀਟ, ਬੜੋਦਾ ਸਟ੍ਰੀਟ, ਅਮਰਪੁਰ ਡ੍ਰਾਈਵ, ਕਲਕੱਤਾ ਸਟ੍ਰੀਟ, ਕਮਲਾ ਵੇਅ, ਕਾਬੁਲ ਸਟ੍ਰੀਟ, ਵਸੰਤਾ ਐਵਨਿਊ, ਕਪਿਲ ਗਰੋਵ, ਰਾਮਪਾਲ ਟੈਰੇਸ, ਸ਼ਿਮਲਾ ਰੋਡ ਹੋਰ ਤਾਂ ਹੋਰ ਇੰਦਰਾ ਪਲੇਸ ਵੀ ਹੈ। ਨਊਜ਼ੀਲੈਂਡ ਦੇ ਗੋਰਿਆਂ ਦਾ ਭਾਰਤ ਨਾਲ ਪਿਆਰ ਸਿਰੇ ਦਾ ਰਿਹਾ ਲਗਦਾ ਹੈ। ਇਥੇ ਦੇ ਚਾਰ ਹੋਰ ਥਾਵਾਂ ਦੇ ਨਾਂਅ ਭਾਰਤ ਦੇ ਨਾਵਾਂ ‘ਤੇ ਰੱਖੇ ਹੋਏ ਹਨ ਜਿਵੇਂ ‘ਬੰਬੇ ਹਿੱਲ’ ਜਦੋਂ ਆਕਲੈਂਡ ਤੋਂ ਹਮਿਲਟਨ ਜਾਂ ਟੌਰੰਗੇ ਵੱਲ ਜਾਈਦਾ ਤਾਂ ਹਾਈਵੇ ‘ਤੇ ਲਿਖਿਆ ਮਿਲਦਾ ਬੰਬੇ ਹਿੱਲ ਤੇ ਖੱਬੇ ਹੱਥ ਨਾਲ ਹੀ ਹੈ ਗੁਰਦੁਆਰਾ ਸਾਹਿਬ। ‘ਕੈਸ਼ਮੀਰ’ ਕ੍ਰਾਈਸਟਚਰਚ ਦੇ ਨੇੜੇ ਇਹ ਵਸਿਆ ਸ਼ਹਿਰ ਹੈ। ਗੋਰੇ ਪਹਿਲਾਂ ਕਸ਼ਮੀਰ ਨੂੰ ਕੈਸ਼ਮੀਰ ਹੀ ਕਹਿੰਦੇ ਸਨ, ਗੋਰਿਆਂ ਨੇ ਫੀਲਿੰਗ ਲੈਣ ਲਈ ਕਾਪੀ ਹੀ ਕਰ ਲਈ। ‘ਕੁਨੂਰ’ ਭਾਰਤ ਦੇ ਤਾਮਿਲਨਾਡੂ ਰਾਜ ਦੇ ਸ਼ਹਿਰ ਨੀਲਗਿਰੀ ਸ਼ਹਿਰ ਨੇੜੇ ਇਹ ਪਹਾੜੀ ਇਲਾਕਾ ਹੈ। ਇਥੇ ਤੁਹਾਡੀ ਰਾਜਧਾਨੀ ਵਲਿੰਗਟਨ ਨਾਂਅ ਦਾ ਰੇਲਵੇ ਸਟੇਸ਼ਨ ਵੀ ਹੈ। ‘ਕਾਰਵੀ’ ਉਤਰ ਪ੍ਰਦੇਸ਼ ਰਾਜ ਦੇ ਵਿਚ ਵਸੇ ਇਸ ਸ਼ਹਿਰ ਦੇ ਨਾਂਅ ‘ਤੇ ਕ੍ਰਾਈਸਟਚਰਚ ਨੇੜੇ ਵਸਿਆ ਇਹ ਸ਼ਹਿਰ ਹੈ। ਇਕ ਭਾਰਤੀ ਕੁੜੀ ਡਾ. ਕਮਲਜੀਤ ਕੌਰ ਇਸ ਵਿਸ਼ੇ ਦੇ ਉਤੇ ਆਪਣੀ ਖੋਜ ਵੀ ਕਰ ਰਹੀ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਇਕੱਤਰ ਕਰੇਗੀ।

Install Punjabi Akhbar App

Install
×