ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਵੱਲੋਂ ਰਿਚਮੰਡ ਦੇ ਅਧਿਕਾਰੀਆਂ ਦੇ ਧੰਨਵਾਦ ਹਿਤ ਮੀਟਿੰਗ

ਸਰੀ – ਪਿਛਲੇ 36 ਸਾਲਾਂ ਤੋਂ ਰਿਚਮੰਡ ਕਮਿਊਨਿਟੀ ਦੀ ਸੇਵਾ ਕਰ ਰਹੀ ਸੰਸਥਾ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦਵਾਰਾ ਨਾਨਕ ਨਿਵਾਸ, ਰਿਚਮੰਡ) ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਕਮਿਊਨਿਟੀ ਦੀ ਸੇਵਾ ਕਰਨ ਦੇ ਨਾਲ ਨਾਲ ਇਹ ਗੁਰਦਵਾਰਾ ਸਾਹਿਬ ਹਰ ਵੇਲੇ ਰਿਚਮੰਡ ਦੀ ਕਮਿਊਨਿਟੀ ਦੇ ਭਲਾਈ ਕਾਰਜਾਂ ਵਿਚ ਵੀ ਕਾਫੀ ਯੋਗਦਾਨ ਪਾ ਰਿਹਾ ਹੈ। ਕੁਝ ਸਮਾਂ ਪਹਿਲਾਂ ਰਿਚਮੰਡ ਹਸਪਤਾਲ ਵੱਲੋਂ ਮਾਲੀ ਸਹਾਇਤਾ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੱਕ ਪਹੁੰਚ ਕੀਤੀ ਗਈ ਤਾਂ ਕਮੇਟੀ ਨੇ ਗੁਰੂ ਘਰ ਦੀ ਸੰਗਤ ਦੇ ਸਹਿਯੋਗ ਨਾਲ ਥੋੜ੍ਹੇ ਸਮੇਂ ਵਿਚ ਹੀ ਤਕਰੀਬਨ 50,000 ਡਾਲਰ ਇਕੱਠੇ ਕਰਕੇ ਹਸਪਤਾਲ ਨੂੰ ਦਿੱਤੇ। ਇਸ ਦੇ ਨਾਲ ਹੀ ਹਸਪਤਾਲ ਦੇ ਅਧਿਕਾਰੀਆਂ ਨੇ ਹਸਪਤਾਲ ਵਿਚ ਪੰਜਾਬੀ ਬੋਰਡ ਲਾਉਣ ਦੀ ਅਪੀਲ ਕਬੂਲ ਕਰਦਿਆਂ ਹਸਪਤਾਲ ਵਿਚ ਪੰਜਾਬੀ ਦੇ ਬੋਰਡ ਲਾ ਦਿੱਤੇ ਹਨ।

 ਬਲਵੰਤ ਸਿੰਘ ਸੰਘੇੜਾ ਨੇ ਅੱਗੇ ਦੱਸਿਆ ਕਿ ਰਿਚਮੰਡ ਦੇ ਮੇਅਰ,ਕੌਂਸਲਰਜ,ਪੁਲਿਸ ਅਧਿਕਾਰੀ, ਅੱਗ ਬੁਝਾਊ ਮਹਿਕਮੇ ਦੇ ਮੁਖੀ,ਰਿਚਮੰਡ ਹਸਪਤਾਲ ਦੇ ਕੁਝ ਪਤਵੰਤੇ ਸੱਜਣ ਅਤੇ ਕੁਝ ਗੁਰਦਵਾਰਾ ਸਹਿਬ ਦੇ ਸ਼ੁਭਚਿੰਤਕਾਂ ਨੂੰ ਹਰ ਸਾਲ ਗੁਰੂ ਘਰ ਵਿਖੇ ਲੰਗਰ ਲਈ ਬੁਲਾਇਆ ਜਾਂਦਾ ਸੀ। ਪਿਛਲੇ ਦੋ ਸਾਲਾਂ ਤੋਂ ਕੋਵਿਡ ਦੀ ਮਹਾਂਮਾਰੀ ਕਾਰਨ ਇਹ ਰਵਾਇਤ  ਬੰਦ ਕਰਨੀ ਪਈ। ਪਰ ਹੁਣ ਕੁਝ ਢਿੱਲ ਮਿਲ ਜਾਣ ਸਦਕਾ ਇਹਨਾਂ ਸਭ ਸ਼ਖ਼ਸੀਅਤਾਂ ਨੂੰ ਫਿਰ ਗੁਰਦਵਾਰਾ ਸਾਹਿਬ ਵਿਖੇ ਸੱਦ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਇਨ੍ਹਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਮੀਟਿੰਗਾਂ ਦਾ ਮੁਖ ਮੰਤਵ ਕਮਿਊਨਿਟੀ ਲਈ ਸੇਵਾ ਅਤੇ ਹੋਰ ਕੰਮਾਂ ਲਈ ਇਨ੍ਹਾਂ ਅਧਿਕਾਰੀਆਂ ਧੰਨਵਾਦ ਕਰਨਾ ਹੈ ਕਿਉਂਕਿ ਉਹ ਸੇਵਾ ਲਈ  ਹਰ ਵੇਲੇ ਹਾਜਰ ਰਹਿੰਦੇ ਹਨ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਸਹਿਯੋਗ ਦਿੰਦੇ ਰਹਿੰਦੇ ਹਨ।

ਰਿਚਮੰਡ ਦੇ ਮੇਅਰ ਮੈਲਕਮ ਬਰੋਡੀ,ਪੁਲਿਸ ਮੁਖੀ ਵਿੱਲ ਇੰਗ , ਰਿਚਮੰਡ ਹਸਪਤਾਲ ਅਤੇ ਹਸਪਤਾਲ ਫਾਊੰਡੇਸ਼ਨ ਦੇ ਅਧਿਕਾਰੀਆਂ ਨੇ ਇਸ ਮਾਣ ਸਨਮਾਨ ਲਈ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਸੇਵਾਵਾਂ ਦੇਣ ਲਈ ਮਾਣ ਮਹਿਸੂਸ ਕੀਤਾ।

(ਹਰਦਮ ਮਾਨ) +1 604 308 6663
 maanbabushahi@gmail.com

Install Punjabi Akhbar App

Install
×