ਇੰਦਰ ਸਿੰਘ ਖਮੋਸ਼ ਮਾਲਵਾ ਖੇਤਰ ਦੇ ਮਿਆਰੀ ਗਲਪਕਾਰ ਸਨ: ਡਾ. ਤੇਜਵੰਤ ਮਾਨ

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਵਿਸ਼ੇਸ਼ ਸ਼ੋਕ ਇਕਤਰਤਾ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪੰਜਾਬੀ ਸਾਹਿਤ ਦੀਆਂ ਬਹੁਤ ਹੀ ਮਹੱਤਵਪੂਰਨ ਕਲਮਾਂ ਡਾ. ਸੁਰਜੀਤ ਹਾਂਸ, ਕਸ਼ਮੀਰ ਸਿੰਘ ਪੰਨੂ, ਢਾਡੀ ਈਦੂ ਸ਼ਰੀਫ, ਕੁਲਦੀਪ ਸਿੰਘ ਅਰਸ਼ੀ, ਡਾ. ਦਰਸ਼ਨ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਇੰਦਰ ਸਿੰਘ ਖਮੋਸ਼, ਹਰਬੰਸ ਮਾਝੀਵਾੜਾ ਦੇ ਵਿਛੋੜਾ ਦੇ ਜਾਣ ਉਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਵੱਖ ਵੱਖ ਲੇਖਕਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਪਵਨ ਹਰੰਚਦਪੁਰੀ, ਡਾ. ਭਗਵੰਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਕ੍ਰਿਸ਼ਨ ਬੇਤਾਬ, ਭੁਪਿੰਦਰ, ਸੰਧੂ ਵਰਿਆਣਵੀ, ਰਵਿੰਦਰ ਭੱਠਲ, ਗੁਰਨਾਮ ਸਿੰਘ, ਬਲਜੀਤ ਬੁੱਟਰ, ਮਿੱਠਾ ਸਿੰਘ ਸੇਖੋਂ, ਡਾ. ਰਾਜ ਕੁਮਾਰ ਗਰਗ, ਜਗਦੀਪ ਸਿੰਘ, ਅਮਰੀਕ ਗਾਗਾ, ਸੁਰਿੰਦਰ ਰਾਜਪੂਤ ਆਦਿ ਲੇਖਕ ਸ਼ਾਮਲ ਹੋਏ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਵਿਛੜੇ ਲੇਖਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੀਆਂ ਬਹੁਤ ਹੀ ਮਹੱਤਵਪੂਰਨ ਸ਼ਖਸ਼ੀਅਤਾਂ ਅੱਜ ਸਾਡੇ ਵਿਚਕਾਰ ਨਹੀਂ ਰਹੀਆਂ, ਪਰ ਡਾ. ਸੁਰਜੀਤ ਹਾਂਸ ਦੁਆਰਾ ਪੰਜਾਬੀ ਆਲੋਚਨਾ ਅਤੇ ਅਨੁਵਾਦ, ਕਸ਼ਮੀਰ ਪੰਨੂ ਦੀਆਂ ਕਹਾਣੀਆਂ, ਈਦੂ ਸ਼ਰੀਫ਼ ਦੀ ਸੂਫੀਆਨਾ ਆਵਾਜ਼, ਕੁਲਦੀਪ ਸਿੰਘ ਅਰਸ਼ੀ ਦੀ ਵਾਰਤਕ ਨਿੰਬਰ ਰਚਨਾ, ਪ੍ਰਿੰ. ਪ੍ਰੇਮ ਸਿੰਘ ਬਜਾਜ ਦੁਆਰਾ ਕੀਤੀ ਗਈ ਖੋਜ਼ ਅਤੇ ਪੁਸਤਕ ਸੰਭਾਲ, ਡਾ. ਦਰਸ਼ਨ ਸਿੰਘ ਦੀ ਵਿਗਿਆਨਕ ਇਤਿਹਾਸਕਾਰੀ ਅਤੇ ਇੰਦਰ ਸਿੰਘ ਖਮੋਸ਼ ਦੀ ਨਾਵਲ ਰਚਨਾ ਹਮੇਸ਼ਾ ਸਾਡੇ ਸਾਹਿਤਕ ਆਦਰਸ਼ ਦਾ ਕੇਂਦਰ ਬਣੀ ਰਹੇਗੀ। ਇੰਦਰ ਸਿੰਘ ਖਮੋਸ਼ ਦੇ ਰੂਸੀ ਸਾਹਿਤ ਦੇ ਨਾਇਕਾਂ ਨੂੰ ਕੇਂਦਰ ਵਿੱਚ ਰੱਖਕੇ ਲਿਖੇ ਗਏ ਨਾਵਲ, ਡਾ. ਸੁਰਜੀਤ ਹਾਂਸ ਦੁਆਰਾ ਸ਼ੈਕਸਪੀਅਰ ਦੇ ਸਮੁੱਚੇ ਨਾਟਕਾਂ ਦਾ ਪੰਜਾਬੀ ਅਨੁਵਾਦ ਪੰਜਾਬੀ ਸਾਹਿਤ ਦੀਆਂ ਮੁੱਲਵਾਨ ਰਚਨਾਵਾਂ ਹਨ। ਇਸ ਮੌਕੇ ਇੱਕਠੇ ਹੋਏ ਲੇਖਕਾਂ ਨੇ ਡਾ. ਦਲੀਪ ਕੌਰ ਟਿਵਾਣਾ, ਸਰਦਾਰ ਜਸਵੰਤ ਸਿੰਘ ਕੰਵਲ ਅਤੇ ਕਾਮਰੇਡ ਕੌਰ ਸੈਨ ਦੀ ਸਿਹਤਮੰਦ ਜਿੰਦਗੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ। 

Install Punjabi Akhbar App

Install
×