15 ਅਗਸਤ ਧੂਮ-ਧਾਮ ਨਾਲ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ

  • ਸੂਬੇ ਦੀਆਂ ਜੇਲ੍ਹਾਂ ‘ਚ ਬਾਡੀ ਸਕੇਨਰ, ਮੋਬਾਇਲ ਡਿਟੈਕਟਰ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਜਾਣਗੇ

DSC_5505

ਬਠਿੰਡਾ 15/ ਅਗਸਤ/ — ਅਜ਼ਾਦੀ ਦਿਹਾੜੇ ਦੀ 72ਵੀਂ ਵਰ੍ਹੇ ਗੰਢ ਦੇ ਮੌਕੇ ‘ਤੇ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ ਸ਼ਾਨਦਾਰ ਸਮਾਗਮ ਦੇ ਮੁੱਖ ਮਹਿਮਾਨ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਪੰਜਾਬ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਵਾਸੀਆਂ ਦੇ ਨਾਂ ਆਪਣੇ ਸੰਬੋਧਨ ‘ਚ ਦੱਸਿਆ ਕਿ ਪੰਜਾਬ ਨੂੰ ਤਰੱਕੀ ਅਤੇ ਤੰਦਰੁਸਤੀ ਦੀਆਂ ਲੀਹਾਂ ‘ਤੇ ਚਲਾਉਂਦਿਆਂ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਉਪਰਾਲੇ ਕੀਤੇ ਗਏ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਆਪਣੀ ਲੜਾਈ ਸਫ਼ਲਤਾ ਪੂਰਵਕ ਲੜ ਰਹੀ ਹੈ, ਉਥੇ ਹੀ ਨਸ਼ਾ ਪੀੜ੍ਹਤਾਂ ਦੇ ਮੁਫ਼ਤ ਇਲਾਜ ਅਤੇ ਮੁੜ ਵਸੇਬੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤੀ ਲਈ ਚੱਲੇ ਸੰਘਰਸ਼ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਜਿਹੇ ਆਜ਼ਾਦੀ ਘੁਲਾਟੀਆ ਦੀਆਂ ਕੁਰਬਾਨੀਆਂ ਕਰਕੇ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ।

DSC_5461

ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ‘ਚ ਸੁਰੱਖਿਆ ਵਧਾਉਂਦਿਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੰਦਿਆਂ ਸੂਬੇ ਦੀਆਂ ਜੇਲ੍ਹਾਂ ‘ਚ ਕੁੱਲ 700 ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਹਰ ਇੱਕ ਜੇਲ੍ਹ ‘ਚ ਬਾਡੀ ਸਕੈਨਰ, ਮੋਬਾਇਲ ਫੋਨ ਡਿਟੈਕਟਰ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਜਾਣਗੇ ਤਾਂ ਜੋ ਬਾਹਰ ਦੀ ਕੋਈ ਵੀ ਗੈਰ-ਕਾਨੂੰਨੀ ਚੀਜ਼ ਜੇਲ੍ਹ ਦੇ ਅੰਦਰ ਨਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਵਲੋਂ ਪਹਿਲ ਕਦਮੀ ਕਰਦੇ ਹੋਏ ਫ਼ਸਲ ਦੀ ਨਾੜ ਸਾੜ੍ਹਣ ਦੀ ਸਮੱਸਿਆ ਨੂੰ ਮੁੱਖ ਰਖਦੇ ਹੋਏ ਪੰਜਾਬੀਆਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਕਰਨ ਲਈ ਪਰਾਲੀ ਦੀ ਸਾਂਭ-ਸੰਭਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਕੀਮ ਅਧੀਨ ਸਹਿਕਾਰਤਾ ਵਿਭਾਗ ਨੂੰ 131 ਕਰੋੜ ਰੁਪਏ ਦੀ ਰਾਸ਼ੀ ਉਪਲਬਧ ਕਰਵਾਈ ਜਾ ਰਹੀ ਹੈ।

ਮੁੱਖ ਮਹਿਮਾਨ ਸ਼੍ਰੀ ਰੰਧਾਵਾ ਨੇ ਬਡੀ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਪ੍ਰੋਗਰਾਮ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਵਿਦਿਆਰਥੀ ਸਵੈ ਨਿਗਰਾਨੀ ਕਰਦੇ ਹੋਏ ਇਕ-ਦੂਜੇ ਨੂੰ ਬੁਰੀ ਸੰਗਤ ਅਤੇ ਨਸ਼ਿਆਂ ਵਰਗੀਆਂ ਬਲਾਵਾਂ ਤੋਂ ਬਚਾਉਣਗੇ। ਸ਼੍ਰੀ ਰੰਧਾਵਾ ਨੇ ਕਰਜ਼ਾ ਮੁਆਫ਼ੀ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਦਿਆਂ 11 ਕਿਸਾਨਾਂ ਨੂੰ 18 ਲੱਖ ਦੇ ਕਰੀਬ ਕਰਜ਼ਾ ਮੁਆਫ਼ੀ ਸਰਟੀਫ਼ਿਕੇਟ ਵੰਡੇ, ਜਿਸ ਤਹਿਤ ਜਿਹੜੇ ਕਿਸਾਨਾਂ ਨੇ ਕਮਰਸ਼ੀਅਲ ਬੈਂਕਾਂ ਤੋਂ 2 ਲੱਖ ਰੁਪਏ ਤੱਕ ਦੇ ਕਰਜ਼ੇ ਲਏ ਸਨ, ਉਹ ਮੁਆਫ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਵਚਨਬੱਧ ਹੈ।

ਜੇਲ੍ਹ ਅਤੇ ਸਹਿਕਾਰਤਾ ਮੰਤਰੀ ਨੇ ਵਿਲੱਖਣ ਪ੍ਰਾਪਤੀਆਂ ਵਾਲੀਆਂ ਸਖ਼ਸ਼ੀਅਤਾਂ, ਪਰੇਡ ‘ਚ ਵੱਖ-ਵੱਖ ਟੁਕੜੀਆਂ ਲੈ ਕੇ ਆਏ ਪਲਟੂਨ ਕਮਾਂਡਰਾਂ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ 15 ਝਾਕੀਆਂ ਪੇਸ਼ ਕੀਤੀਆਂ ਗਈਆਂ, ਪੰਜਾਬ ਪੁਲਿਸ ਦੀ ਤੰਦਰੁਸਤ ਪੰਜਾਬ ਝਾਂਕੀ, ਖੇਤੀਬਾੜੀ ਵਿਭਾਗ ਦੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਝਾਂਕੀ ਖਿੱਚ ਦਾ ਕੇਂਦਰ ਰਹੀ। ਸ਼੍ਰੀ ਰੰਧਾਵਾ ਅਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਜੰਗੀ ਵਿਧਵਾਵਾਂ ਨੂੰ ਵੀ ਮਿਲੇ। ਉਨ੍ਹਾਂ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਅਜ਼ਾਦੀ ਲਈ ਲੜਨ ਵਾਲਿਆਂ ਅਤੇ ਜਾਨ ਦੇਣ ਵਾਲਿਆਂ ਦਾ ਖਿਆਲ ਰੱਖਣ ਲਈ ਅਤੇ ਉਨ੍ਹਾਂ ਨੂੰ ਸਹੂਲਤਾਂ ਦੇਣ ਲਈ ਸਦਾ ਹੀ ਬਚਨਵੱਧ ਹੈ। ਇਸ ਮੌਕੇ ਵਿਧਾਇਕ ਭੁੱਚੋ ਮੰਡੀ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਵਿਧਾਇਕ ਮੌੜ ਸ਼੍ਰੀ ਜਗਦੇਵ ਸਿੰਘ ਕਮਾਲੂ, ਆਈ. ਜੀ. ਸ਼੍ਰੀ ਮੁਹੰਮਦ ਫ਼ਾਰੂਕੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ, ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਸ਼ਹਿਰੀ ਕਾਂਗਰਸ ਪ੍ਰਧਾਨ ਸ਼੍ਰੀ ਮੋਹਨ ਲਾਲ ਝੁੰਬਾ, ਕਾਂਗਰਸ ਪ੍ਰਧਾਨ ਜ਼ਿਲ੍ਹਾ ਦਿਹਾਤੀ ਸ਼੍ਰੀ ਨਰਿੰਦਰ ਸਿੰਘ ਭਲੇਰੀਆ ਆਦਿ ਸ਼ਾਮਲ ਸਨ।

(ਬੀ ਐੱਸ ਭੁੱਲਰ)

bhullarbti@gmail.com

Install Punjabi Akhbar App

Install
×