ਬਹੁਤ ਜਿਆਦਾ ਵਧ ਰਹੇ ਹਨ ਭਾਰਤ ਵਿੱਚ ਵਿਦਿਆਰਥੀਆਂ ਦੇ ਖੁਦਕੁਸ਼ੀ ਮਾਮਲੇ!

ਬਹੁਤ ਦੁੱਖਦਾਈ ਖਬਰ ਹੈ ਕਿ ਭਾਰਤ ਦੇ ਨੈਸ਼ਨਲ ਕਰਾਈਮ ਬਿਊਰੋ ਡਾਟਾ (ਐਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2020 ਅਤੇ 2021 ਦੇ ਦੌਰਾਨ ਕ੍ਰਮਵਾਰ 12526 ਅਤੇ 13200 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। ਇਹ ਦਿਹਾੜੀਦਾਰਾਂ (42004), ਘਰੇਲੂ ਔਰਤਾਂ (23179), ਨੌਕਰੀ ਪੇਸ਼ਾ (20231) ਅਤੇ ਬੇਰੋਜ਼ਗਾਰਾਂ (13714) ਤੋਂ ਬਾਅਦ 6ਵੀਂ ਸਭ ਤੋਂ ਵੱਡੀ ਗਿਣਤੀ ਹੈ। 2010 ਤੋਂ ਬਾਅਦ ਵਿਦਿਆਰਥੀਆਂ ਦੀ ਖੁਦਕੁਸ਼ੀ ਦਰ ਹਰ ਸਾਲ 4.5% ਦੇ ਹਿਸਾਬ ਨਾਲ ਵਧਦੀ ਜਾ ਰਹੀ ਹੈ। ਕਿਸਾਨ ਖੁਦਕੁਸ਼ੀਆਂ ਵੀ ਬਹੁਤ ਜਿਆਦਾ ਹੋ ਰਹੀਆਂ ਹਨ। ਪਰ ਇਹਨਾਂ ਬਾਰੇ ਸੂਬਿਆਂ ਅਤੇ ਕੇਂਦਰ ਦਾ ਡਾਟਾ ਆਪਸ ਵਿੱਚ ਮੇਲ ਨਹੀਂ ਖਾਂਦਾ, ਜਿਸ ਕਾਰਨ ਇਹਨਾਂ ਬਾਰੇ ਸਟੀਕਤਾ ਨਾਲ ਕੁਝ ਕਿਹਾ ਨਹੀਂ ਜਾ ਸਕਦਾ। ਕੇਰਲ, ਛੱਤੀਸਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਪੜ੍ਹੇ ਲਿਖੇ ਸੂਬਿਆਂ ਵਿੱਚ ਸਭ ਤੋਂ ਵੱਧ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਹਨ। ਐਨ.ਸੀ.ਆਰ.ਬੀ. ਦੇ ਡਾਟੇ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਨੌਜਵਾਨਾਂ ਦੇ ਹਾਲਾਤ ਕਿੰਨੀ ਭਿਆਨਕ ਅਵਸਥਾ ਵਿੱਚ ਪਹੁੰਚ ਚੁੱਕੇ ਹਨ। ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਸਿੱਧਾ ਸਬੰਧ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ ਚੱਲ ਰਹੀ ਮਾਰਾ ਮਾਰੀ ਅਤੇ ਬੇਰੋਜ਼ਗਾਰੀ ਹੈ। ਇਹ ਤੱਥ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਕਰੋਨਾ ਕਾਲ (2020) ਵੇਲੇ ਖੁਦਕੁਸ਼ੀਆਂ ਦੀ ਦਰ ਇੱਕ ਦਮ ਹੇਠਾਂ ਆ ਗਈ ਸੀ, ਕਿਉਂਕਿ ਉਸ ਵੇਲੇ ਸਕੂਲ ਕਾਲਜ ਬੰਦ ਹੋ ਗਏ ਸਨ।
ਵਿਦਿਆਰਥੀ ਖੁਦਕੁਸ਼ੀ ਮਾਮਲਿਆਂ ਨੂੰ ਘੋਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀਆਂ ਦੀ ਖੁਦਕੁਸ਼ੀ ਦਰ (43%) ਲੜਕਿਆਂ (57%) ਦੀ ਬਨਿਸਬਤ ਘੱਟ ਹੈ। ਬਚਪਨ ਤੋਂ ਹੀ ਘਰ ਅਤੇ ਸਮਾਜ ਵਿੱਚ ਔਖੇ ਹਾਲਾਤ ਦਾ ਸਾਹਮਣਾ ਕਰਨ ਕਾਰਨ ਲੜਕੀਆਂ ਲੜਕਿਆਂ ਤੋਂ ਜਿਆਦਾ ਦਬਾਅ ਝੱਲਣ ਦੇ ਕਾਬਲ ਬਣ ਜਾਂਦੀਆਂ ਹਨ। 2017 ਵਿੱਚ 4711 ਲੜਕੀਆਂ ਨੇ ਖੁਦਕੁਸ਼ੀ ਕੀਤੀ ਸੀ ਤੇ ਇਹ ਗਿਣਤੀ 2021 ਵਿੱਚ 5693 ਹੋ ਗਈ ਹੈ। ਸਭ ਤੋਂ ਵੱਧ ਖੁਦਕੁਸ਼ੀਆਂ ਦਸਵੀਂ ਤੋਂ ਲੈ ਕੇ ਗਰੈਜੂਏਟ ਪੱਧਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਹ ਹੀ ਉਹ ਸਮਾਂ ਹੁੰਦਾ ਜਦੋਂ ਵਿਦਿਆਰਥੀ ਪਲੱਸ ਟੂ ਕਰਨ ਤੋਂ ਬਾਅਦ ਕਿਸੇ ਵਧੀਆ ਪ੍ਰੋਫੈਸ਼ਨਲ ਕੋਰਸ ਵਿੱਚ ਦਾਖਲਾ ਹਾਸਲ ਕਰਨ ਜਾਂ ਨੌਕਰੀ ਪ੍ਰਾਪਤ ਕਰਨ ਲਈ ਮੁਕਾਬਲੇ ਦੀ ਤਿਆਰੀ ਕਰਦੇ ਹਨ। ਇਸ ਵੇਲੇ ਭਾਰਤੀਆਂ ਵਿੱਚ ਆਪਣੇ ਬੱਚਿਆਂ ਨੂੰ ਰਾਜਸਥਾਨ ਵਿਚਲੇ ਪ੍ਰਸਿੱਧ (ਪਰ ਹੁਣ ਖੁਦਕੁਸ਼ੀਆਂ ਕਾਰਨ ਬਦਨਾਮ ਹੋ ਚੁੱਕੇ) ਕੋਟੇ ਦੇ ਟਿਊਸ਼ਨ ਸੈਂਟਰਾਂ ਵਿੱਚ ਦਾਖਲ ਕਰਵਾਉਣ ਦੀ ਹੋੜ ਮੱਚੀ ਹੋਈ ਹੈ ਜਿੱਥੇ 2011 ਤੋਂ ਲੈ ਕੇ ਹੁਣ ਤੱਕ 150 ਦੇ ਕਰੀਬ ਵਿਦਿਆਰਥੀ ਖੁਦਕੁਸ਼ੀਆਂ ਕਰ ਚੁੱਕੇ ਹਨ। ਇਹ ਭਾਰਤ ਤੇ ਸ਼ਾਇਦ ਵਿਸ਼ਵ ਦਾ ਇੱਕੋ ਇੱਕ ਸ਼ਹਿਰ ਹੋਵੇਗਾ ਜਿੱਥੇ ਐਨੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਕਰਦੇ ਹਨ।
ਕੋਟੇ ਦੇ ਟਿਊਸ਼ਨ ਸੈਂਟਰ ਵੀ ਬੱਚਿਆਂ ਦੇ ਦਿਮਾਗ ਵਿੱਚ ਕੁਝ ਘੋਲ ਕੇ ਨਹੀਂ ਪਾ ਦਿੰਦੇ। ਚੰਡੀਗੜ੍ਹ ਸਮੇਤ ਭਾਰਤ ਦੇ ਜਿੰਨੇ ਵੀ ਪ੍ਰਸਿੱਧ ਟਿਊਸ਼ਨ ਸੈਂਟਰ ਹਨ, ਸਭ ਦੁਕਾਨਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਵੀ ਕਮਜ਼ੋਰ ਵਿਦਿਆਰਥੀਆਂ ਦਾ ਪੱਧਰ ਉੱਪਰ ਚੁੱਕਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾਂਦਾ। ਟਿਊਟਰ ਲੈਕਚਰ ਅਤੇ ਹੋਮ ਵਰਕ ਦੇ ਕੇ ਤੁਰਦੇ ਬਣਦੇ ਹਨ। ਕੁਝ ਸਾਲ ਪਹਿਲਾਂ ਮੇਰੇ ਇੱਕ ਵਾਕਿਫ ਆਦਮੀ ਨੇ ਆਪਣੇ ਲੜਕੇ ਨੂੰ ਕੋਟੇ ਦੇ ਇੱਕ ਟਿਊਸ਼ਨ ਸੈਂਟਰ ਵਿੱਚ ਨੀਟ ਦੀ ਤਿਆਰੀ ਲਈ ਦਾਖਲ ਕਰਵਾਇਆ ਸੀ ਕਿਉਂਕਿ ਲੜਕਾ ਪੜ੍ਹਾਈ ਵਿੱਚ ਥੋੜ੍ਹਾ ਜਿਹਾ ਕਮਜ਼ੋਰ ਸੀ। ਇੱਕ ਸਾਲ ਦੀ ਪੜ੍ਹਾਈ ਅਤੇ ਚਾਰ ਲੱਖ ਰੁਪਿਆ ਖਰਚਣ ਤੋਂ ਬਾਅਦ ਵੀ ਉਸ ਦੀ ਵਿਦਿਆਕ ਯੋਗਤਾ ਵਿੱਚ ਕੋਈ ਸੁਧਾਰ ਨਾ ਆਇਆ, ਸਗੋਂ ਟਿਊਟਰ ਉਸ ਨੂੰ ਨਲਾਇਕ ਕਹਿ ਕੇ ਬੇਇਜ਼ੱਤ ਕਰਨ ਲੱਗ ਪਏ। ਲੜਕਾ ਡਿਪਰੈਸ਼ਨ ਵਿੱਚ ਚਲਾ ਗਿਆ ਤੇ ਆਤਮ ਹੱਤਿਆ ਦੀ ਧਮਕੀ ਦੇਣ ਲੱਗ ਪਿਆ ਜਿਸ ਕਾਰਨ ਉਸ ਨੂੰ ਵਾਪਸ ਲਿਆਉਣਾ ਪਿਆ। ਇਥੇ ਆ ਕੇ ਉਹ ਆਰਟਸ ਵਿੱਚ ਬਹੁਤ ਵਧੀਆ ਚੱਲ ਪਿਆ ਤੇ ਚੰਗੇ ਨੰਬਰਾਂ ਵਿੱਚ ਗਰੈਜੂਏਸ਼ਨ ਕਰਨ ਤੋਂ ਬਾਅਦ ਹੁਣ ਪੰਚਾਇਤ ਵਿਭਾਗ ਵਿੱਚ ਚੰਗੀ ਪੋਸਟ ‘ਤੇ ਤਾਇਨਾਤ ਹੈ।
ਵਿਦਿਆਰਥੀਆਂ ਦੀਆਂ ਖੁਦਕਸ਼ੀਆਂ ਦੇ ਚਾਰ ਸਭ ਤੋਂ ਵੱਡੇ ਕਾਰਨ ਹਨ। ਮਾਪਿਆਂ ਦੀਆਂ ਬੇਹੱਦ ਉੱਚੀਆਂ ਖਾਹਿਸ਼ਾਂ, ਸਮਝ ਵਿੱਚ ਨਾ ਆਉਣ ਵਾਲੇ ਕਰੜੇ ਵਿਸ਼ੇ ਚੁਣਨ ਦੀ ਮਜ਼ਬੂਰੀ, ਫੇਲ੍ਹ ਹੋਣ ਦਾ ਡਰ ਅਤੇ ਘਰੋਂ ਭਾਵਨਾਤਮਿਕ ਸਹਾਇਤਾ ਦਾ ਨਾ ਮਿਲਣਾ। ਪੱਛਮੀ ਦੇਸ਼ਾਂ ਵਿੱਚ ਦਸਵੀਂ ਕਰਨ ਤੋਂ ਬਾਅਦ ਬੱਚੇ ਨੂੰ ਆਪਣੀ ਮਨਮਰਜ਼ੀ ਮੁਤਾਬਕ ਪੜ੍ਹਾਈ ਲਿਖਾਈ ਕਰਨ ਦੀ ਅਜ਼ਾਦੀ ਦੇ ਦਿੱਤੀ ਜਾਂਦੀ ਹੈ। ਪਰ ਭਾਰਤ ਵਿੱਚ ਮਾਪੇ ਚਾਹੁੰਦੇ ਹਨ ਕਿ ਬੱਚਾ ਉਹ ਬਣੇ ਜੋ ਅਸੀਂ ਚਾਹੁੰਦੇ ਹਾਂ। ਆਈ.ਆਈ.ਟੀ., ਡਾਕਟਰ ਅਤੇ ਇੰਜੀਨੀਅਰ ਤੋਂ ਘੱਟ ਕੋਈ ਗੱਲ ਵੀ ਨਹੀਂ ਸੁਣਨਾ ਚਾਹੁੰਦਾ। ਜੇ ਬੱਚਾ ਆਟਰਸ ਦੀ ਪੜ੍ਹਾਈ ਕਰ ਰਿਹਾ ਹੈ ਤਾਂ ਘਰ ਵਾਲੇ ਉਸ ਬਾਰੇ ਦੱਸਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਜੇ ਬੱਚੇ ਦਾ ਦਿਮਾਗ ਸਾਇੰਸ ਜਾਂ ਮੈਥ ਵੱਲ ਨਹੀਂ ਚੱਲਦਾ ਤਾਂ ਚਾਹੇ ਜਿੰਨੀਆਂ ਮਰਜ਼ੀ ਟਿਊਸ਼ਨਾਂ ਰਖਾਉ, ਨਹੀਂ ਚੱਲ ਸਕੇਗਾ। ਪਰ ਮਾਪੇ ਦਬਾਅ ਪਾਉਣੋਂ ਨਹੀਂ ਹਟਦੇ। ਆਮਿਰ ਖਾਨ ਦੀ ਫਿਲਮ ਥਰੀ ਇਡੀਅਟਸ ਇਸ ਸਥਿੱਤੀ ਬਾਰੇ ਬਹੁਤ ਚੰਗੀ ਤਰਾਂ ਨਾਲ ਚਾਨਣਾ ਪਾਉਂਦੀ ਸੀ। ਮੈਂ ਦਸਵੀਂ ਕਲਾਸ ਗਿਆਨ ਆਸ਼ਰਮ ਸਕੂਲ ਅੰਮ੍ਰਿਤਸਰ ਤੋਂ ਕੀਤੀ ਸੀ। ਮੇਰੇ ਸੈਕਸ਼ਨ ਵਿੱਚ ਸਾਡੇ ਮੈਥ ਟੀਚਰ ਦਾ ਮੁੰਡਾ ਵੀ ਪੜ੍ਹਦਾ ਸੀ। ਉਸ ਦੇ ਕੱਚੇ ਪੇਪਰਾਂ ਵਿੱਚ ਮੈਥ ਵਿੱਚੋਂ 99 ਨੰਬਰ ਆਏ ਤਾਂ ਉਸ ਦੇ ਬਾਪ ਨੇ ਉਸ ਨੂੰ ਕਲਾਸ ਵਿੱਚ ਹੀ ਡੰਡਿਆਂ ਨਾਲ ਕੁੱਟਿਆ ਕਿ ਇੱਕ ਨੰਬਰ ਘੱਟ ਕਿਉਂ ਆਇਆ ਹੈ।
ਸਿਰਫ ਕੋਟੇ ਦੇ ਟਿਊਸ਼ਨ ਸੈਂਟਰਾਂ ਵਿੱਚ ਹੀ ਹਰ ਸਾਲ ਪੌਣੇ ਦੋ ਲੱਖ ਦੇ ਕਰੀਬ ਬੱਚੇ ਇੰਜੀਨੀਅਰਿੰਗ ਅਤੇ ਮੈਡੀਕਲ ਵਿੱਚ ਦਾਖਲੇ ਲਈ ਐਂਟਰੈਂਸ ਟੈੱਸਟ ਕਲੀਅਰ ਕਰਨ ਦੀ ਟਰੇਨਿੰਗ ਲੈਣ ਆਉਂਦੇ ਹਨ। 2021 ਵਿੱਚ ਇਥੇ ਆਤਮ ਹੱਤਿਆ ਕਰਨ ਵਾਲੇ ਬਿਹਾਰ ਦੇ 16 ਸਾਲਾ ਸ਼ੰਬਿਤ ਵੱਲੋਂ ਲਿਖੇ ਗਏ ਖੁਦਕਸ਼ੀ ਨੋਟ ਨੇ ਲੋਕਾਂ ਨੂੰ ਹਿਲਾ ਦਿੱਤਾ ਸੀ। ਸ਼ੰਬਿਤ ਦਾ ਪਿਤਾ ਇੱਕ ਬੈਂਕ ਵਿੱਚ ਕਲਰਕ ਤੇ ਮਾਂ ਸਕੂਲ ਟੀਚਰ ਸੀ। ਉਹਨਾਂ ਨੇ ਸ਼ੰਬਿਤ ਦੀ ਟਿਊਸ਼ਨ ਫੀਸ ਵਾਸਤੇ 8 ਲੱਖ ਰੁਪਿਆ ਲੋਨ ਲਿਆ ਹੋਇਆ ਸੀ। ਸ਼ੰਬਿਤ ਨੀਟ ਦੀ ਤਿਆਰੀ ਕਰ ਰਿਹਾ ਸੀ ਪਰ ਛੇ ਮਹੀਨੇ ਦੀ ਟਿਊਸ਼ਨ ਤੋਂ ਬਾਅਦ ਉਹ ਐਨਾ ਦਬਾਅ ਨਾ ਝੱਲ ਸਕਿਆ ਤੇ ਮਾਪਿਆਂ ਨੂੰ ਵਾਰ ਵਾਰ ਵਾਪਸ ਲੈ ਜਾਣ ਦੀ ਗੁਜਾਰਿਸ਼ ਕਰਨ ਲੱਗਾ। ਪਰ ਮਾਪੇ ਉਸ ਦੀ ਗੱਲ ਮੰਨਣ ਦੀ ਬਜਾਏ ਲਗਾਤਾਰ ਉਸ ਨੂੰ 8 ਲੱਖ ਦੇ ਕਰਜ਼ੇ ਅਤੇ ਚੰਗੇ ਭਵਿੱਖ ਬਾਰੇ ਵਿਖਿਆਨ ਦਿੰਦੇ ਰਹੇ। ਉਸ ਨੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ ਇਥੇ ਸਾਡੀ ਆਪਣੀ ਕੋਈ ਜ਼ਿੰਦਗੀ ਨਹੀਂ ਹੈ। ਅਸੀਂ ਹੱਸਣਾ ਖੇਡਣਾ ਭੁੱਲ ਚੁੱਕੇ ਹਾਂ। ਦਿਨ ਵਿੱਚ 16 16 ਘੰਟੇ ਪੜ੍ਹਨਾ ਪੈਂਦਾ ਹੈ ਤੇ ਕਈ ਵਾਰ ਤਾਂ ਸਾਰਾ ਦਿਨ ਖਾਣ ਪੀਣ ਦੀ ਸੁੱਧ ਵੀ ਨਹੀਂ ਰਹਿੰਦੀ। ਪਿਤਾ ਜੀ ਮੈਨੂੰ ਮਾਫ ਕਰਨਾ, ਮੈਂ ਤੁਹਾਡੇ ਸੁਪਨੇ ਪੂਰੇ ਨਹੀਂ ਕਰ ਸਕਿਆ।
ਦੂਸਰਾ ਸਭ ਤੋਂ ਵੱਡਾ ਕਾਰਨ ਬੱਚੇ ਨੂੰ ਧੱਕੇ ਨਾਲ ਗਲਤ ਵਿਸ਼ੇ ਚੁਣਨ ਲਈ ਮਜ਼ਬੂਰ ਕਰਨਾ ਹੈ। ਭਾਰਤ ਵਿੱਚ 70% ਨਾਲੋਂ ਵੀ ਵੱਧ ਨੌਕਰੀਆਂ ਆਟਰਸ ਵਿਸ਼ਿਆਂ ਨਾਲ ਸਬੰਧਿਤ ਹਨ। ਪੁਲਿਸ, ਫੌਜ, ਮਾਲ ਮਹਿਕਮਾ, ਸਿਵਲ ਸਰਵਿਸਜ਼ ਅਤੇ ਜੁਡੀਸ਼ਰੀ ਆਦਿ ਲਈ ਸਾਇੰਸ ਦੀ ਪੜ੍ਹਾਈ ਦੀ ਕੋਈ ਜਰੂਰਤ ਨਹੀਂ ਹੈ। ਇਸ ਲਈ ਇਹ ਵੇਖਣਾ ਜਰੂਰੀ ਹੈ ਕਿ ਬੱਚੇ ਦੀ ਦਿਲਚਸਪੀ ਕਿਸ ਪਾਸੇ ਹੈ। ਵੇਖਿਆ ਜਾਵੇ ਤਾਂ ਸਾਡੇ ਚੋਟੀ ਦੇ ਖਿਡਾਰੀ ਅਤੇ ਫਿਲਮ ਸਟਾਰ ਕਿੰਨਾ ਕੁ ਪੜ੍ਹੇ ਲਿਖੇ ਹਨ? ਕੋਈ ਬੱਚਾ ਚਾਹੇ ਆਪਣੇ ਜਿਲ੍ਹੇ ਦੇ ਡੀਸੀ ਦਾ ਨਾਮ ਨਾ ਜਾਣਦਾ ਹੋਵੇ, ਪਰ ਵਿਰਾਟ ਕੋਹਲੀ ਅਤੇ ਸ਼ਾਹਰੁੱਖ ਖਾਨ ਦਾ ਨਾਮ ਜਰੂਰ ਜਾਣਦਾ ਹੋਵੇਗਾ। ਸਾਡੇ ਨਜ਼ਦੀਕੀ ਪਿੰਡ ਦਾ ਇੱਕ ਬੰਦਾ ਆਪਣੇ ਲੜਕੇ ਦੀ ਇਸ ਲਈ ਲਾਹ ਪਾਹ ਕਰਦਾ ਰਹਿੰਦਾ ਸੀ ਕਿ ਉਹ ਪੜ੍ਹਾਈ ਲਿਖਾਈ ਵੱਲ ਧਿਆਨ ਨਹੀਂ ਦਿੰਦਾ ਤੇ ਚੌਵੀ ਘੰਟੇ ਮੱਝਾਂ ਵਿੱਚ ਵੜਿਆ ਰਹਿੰਦਾ ਹੈ। ਉਸ ਲੜਕੇ ਨੇ ਰੋ ਪਿੱਟ ਕੇ ਬੀ.ਏ ਪਾਸ ਕਰ ਲਈ ਪਰ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਆਪਣਾ ਡੇਅਰੀ ਫਾਰਮ ਖੋਲ੍ਹ ਲਿਆ। ਅੱਜ ਉਸ ਦੇ ਡੇਅਰੀ ਫਾਰਮ ਵਿੱਚ ਚੋਟੀ ਦੀ ਨਸਲ ਦੀਆਂ ਕੁੱਲ ਮਿਲਾ ਕੇ ਸੌ ਤੋਂ ਵੱਧ ਮੱਝਾਂ ਗਾਵਾਂ ਹਨ। ਅੱਜ ਉਹ ਹੀ ਆਦਮੀ ਜੋ ਉਸ ਨੂੰ ਨਲਾਇਕ ਕਹਿੰਦਾ ਹੁੰਦਾ ਸੀ, ਮਾਣ ਨਾਲ ਦੱਸਦਾ ਹੈ ਕਿ ਮੈਂ ਰੰਧਾਵਾ ਡੇਅਰੀ ਫਾਰਮ ਵਾਲੇ ਕੇਸਰ ਦਾ ਬਾਪ ਹਾਂ।
ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਘਰੋਂ ਇਮੋਸ਼ਨਲ ਸਪੋਰਟ ਨਾ ਮਿਲਣਾ ਤੇ ਫੇਲ੍ਹ ਹੋਣ ਦਾ ਡਰ ਹੈ। ਜਦੋਂ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਤਾਂ ਉਹ ਪਰਿਵਾਰ ਤੋਂ ਇਮੋਸ਼ਨਲ ਸਪੋਰਟ ਭਾਲਦਾ ਹੈ। ਗੁਰਦਾਸ ਮਾਨ ਦਾ ਗਾਣਾ ਕਿ ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ, ਬਿਲਕੁਲ ਸਹੀ ਗੱਲ ਹੈ। ਪਰ ਪਰਿਵਾਰ ਵੱਲੋਂ ਲਗਾਤਾਰ ਕੀਤੀ ਜਾਂਦੀ ਟੋਕਾ ਟੋਕਾਈ ਤੇ ਇਹ ਤਾਂ ਹੈ ਹੀ ਨਲਾਇਕ ਵਰਗੀਆਂ ਵਾਹਯਾਤ ਗੱਲਾਂ ਬੱਚੇ ਨੂੰ ਮਰਨ ਵਾਲੇ ਪਾਸੇ ਲੈ ਤੁਰਦੀਆਂ ਹਨ। ਜਦੋਂ ਬੱਚੇ ਦੇ ਮਨ ਵਿੱਚ ਆ ਜਾਵੇ ਕਿ ਮੇਰੇ ਫੇਲ੍ਹ ਹੋ ਜਾਣ ਕਾਰਨ ਮਾਂ ਬਾਪ ਦੀ ਜ਼ਿੰਦਗੀ ਭਰ ਦੀ ਕਮਾਈ ਸਵਾਹ ਹੋ ਜਾਣੀ ਹੈ ਤਾਂ ਫਿਰ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਇਸ ਲਈ ਬੱਚੇ ‘ਤੇ ਆਪਣੀ ਮਰਜ਼ੀ ਥੋਪਣ ਦੀ ਬਜਾਏ ਇਹ ਵੇਖਣਾ ਜਰੂਰੀ ਹੈ ਕਿ ਉਹ ਕੀ ਚਾਹੁੰਦਾ ਤੇ ਕਿਸ ਫੀਲਡ ਵਿੱਚ ਕਾਮਯਾਬ ਹੋ ਸਕਦਾ ਹੈ। ਉਸ ਮੁਤਾਬਕ ਉਸ ਨੂੰ ਉਤਸ਼ਾਹਿਤ ਕੀਤਾ ਜਾਵੇ, ਨਹੀਂ ਫਿਰ ਵੇਲਾ ਹੱਥ ਨਹੀਂ ਆਉਂਦਾ।