ਵੱਧਦਾ “ਸਕਰੀਨ ਟਾਈਮ” ਚਿੰਤਾ ਦਾ ਵਿਸ਼ਾ

ਟੈਲੀਵਿਜ਼ਨ, ਕੰਪਿਊਟਰ, ਲੈਪਟਾਪ, ਆਈਪੈਡ ਅਤੇ ਮੋਬਾਈਲ ਫੋਨ ʼਤੇ ਹਰੇਕ ਦਾ ਸਕਰੀਨ ਟਾਈਮ ਵੱਧਦਾ ਜਾ ਰਿਹਾ ਹੈ। ਲੌਕਡਾਊਨ ਨੇ ਇਹਦੇ ਵਿਚ ਵੱਡਾ ਵਾਧਾ ਕੀਤਾ ਹੈ। ਮੇਰਾ ˈਸਕਰੀਨ ਟਾਈਮˈ ਜਦ ਕਾਫ਼ੀ ਵਧ ਗਿਆ ਤਾਂ ਫੋਨ ʼਤੇ ਮੈਸਜ਼ ਆਉਣ ਲੱਗਾ। ਸਮਾਂ ਵੇਖ ਕੇ ਮੈਂ ਹੈਰਾਨ ਹੋਇਆ ਪਰੰਤੂ ਨਿਸ਼ਚਿੰਤ ਸਾਂ ਕਿਉਂਕਿ ਮੈਂ ਫੋਨ ਤੋਂ ਕੰਪਿਊਟਰ ਦੇ ਵੀ ਸਾਰੇ ਕੰਮ ਲੈਂਦਾ ਹਾਂ। ਫਿਰ ਵੀ ਮੈਂ ਸੁਚੇਤ ਹੋ ਗਿਆ ਅਤੇ ਫੇਸਬੁੱਕ ਤੋਂ ਕਾਫ਼ੀ ਹੱਦ ਤੱਕ ਲਾਂਭੇ ਹੋ ਗਿਆ। ਫੇਸਬੁੱਕ ਵਧੇਰੇ ਸਮਾਂ ਲੈਂਦਾ ਹੈ।

ਸਮਾਰਟਫੋਨ, ਕੰਪਿਊਟਰ, ਟੈਲੀਵਿਜ਼ਨ ਜਾਂ ਵੀਡੀਓ ਗੇਮ ਲਈ ਲਗਾਇਆ ਸਮਾਂ ˈਸਕਰੀਨ ਟਾਈਮˈ ਵਿਚ ਜੁੜਦਾ ਰਹਿੰਦਾ ਹੈ। ਬਹੁਤ ਸਾਰੀਆਂ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਸਕਰੀਨ ਟਾਈਮ ਦਾ ਸਿੱਧਾ ਸਬੰਧ ਮਨੁੱਖ ਦੀ ਮਾਨਸਿਕ ਤੇ ਸ਼ਰੀਰਕ ਸਿਹਤ ਨਾਲ ਹੈ।

24 ਘੰਟਿਆਂ ਵਿਚੋਂ ਕੋਈ ਵਿਅਕਤੀ ਕਿੰਨੇ ਘੰਟੇ ਸਕਰੀਨ ʼਤੇ ਬਤਾਉਂਦਾ ਹੈ। ਉਸ ਅਨੁਸਾਰ ਉਸਦੇ ਬੁਰੇ ਨਤੀਜੇ ਉਸਨੂੰ ਭੁਗਤਣੇ ਪੈਣਗੇ। ਜੇਕਰ ਮਾਹਿਰਾਂ ਦੁਆਰਾ ਸਮੇਂ-ਸਮੇਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਇਨ੍ਹਾਂ ਬੁਰੇ ਪ੍ਰਭਾਵਾਂ ਨੂੰ ਰੋਕਿਆ, ਘਟਾਇਆ ਜਾ ਸਕਦਾ ਹੈ।

ਅਸੀਂ ਗਲੋਬਲ ਮੀਡੀਆ ਅਕੈਡਮੀ ਵੱਲੋਂ ਹਰੇਕ ਸਾਲ ਜਨਵਰੀ ਮਹੀਨੇ ਵਿਚ ˈਵਿਸ਼ਵ ਪੰਜਾਬੀ ਮੀਡੀਆˈ ਕਾਨਫ਼ਰੰਸ ਕਰਵਾਉਂਦੇ ਹਾਂ। ਜਨਵਰੀ 2020 ਦੀ ਕਾਨਫ਼ਰੰਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ʼਤੇ ਪੁੱਜੇ ਡਾ. ਸੀ.ਪੀ. ਕੰਬੋਜ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸਾਡੀਆਂ ਅੱਖਾਂ ਮੋਬਾਈਲ ਫੋਨ ਜਿਹੇ ਛੋਟੇ ਸਕਰੀਨ ਲਈ ਬਣੀਆਂ ਹੀ ਨਹੀਂ ਹਨ। ਇਸੇ ਲਈ ਉਹ ਫੋਨ ਤੋਂ ਕੇਵਲ ਫੋਨ ਕਰਨ ਤੇ ਸੁਣਨ ਦਾ ਹੀ ਕੰਮ ਲੈਂਦੇ ਹਨ। ਬਾਕੀ ਕੰਮਾਂ ਲਈ ਉਹ ਟੈਲੀਵਿਜ਼ਨ ਸਕਰੀਨ ਅਤੇ ਕੰਪਿਊਟਰ ਦੀ ਵਰਤੋਂ ਕਰਦੇ ਹਨ। ਸਮਾਰਟ ਫੋਨ ਨੂੰ ਸਮਾਰਟ ਟੀ.ਵੀ. ਨਾਲ ਜੋੜ ਕੇ।

ਹਾਵਰਡ ਸਕੂਲ ਦੀ ˈਸਕਰੀਨ ਟਾਈਮ ਅਤੇ ਦਿਮਾਗˈ ਵਿਸ਼ੇ ʼਤੇ ਕੀਤੀ ਖੋਜ ਵਿਚ ਸਾਹਮਣੇ ਆਇਆ ਹੈ ਕਿ ਡਿਜ਼ੀਟਲ ਡਿਵਾਈਸ ਸਾਡੀ ਨੀਂਦ, ਸਾਡੇ ਵਿਹਾਰ, ਸਾਡੀ ਸੋਚ, ਸਾਡੀ ਸਿਰਜਣਾ, ਸਾਡੀ ਸਿਹਤ ਸਭ ਕੁਝ ਵਿਚ ਦਖ਼ਲ ਦਿੰਦੀਆਂ ਹਨ। ਖੋਜ ਵਿਚ ਕਿਹਾ ਗਿਆ ਹੈ ਕਿ ਇਹ ਮਹੱਤਵ ਨਹੀਂ ਰੱਖਦਾ ਕਿ ਅਸੀਂ ਸਕਰੀਨ ʼਤੇ ਕਿੰਨਾ ਸਮਾਂ ਬਿਤਾਉਂਦੇ ਹਾਂ ਬਲਕਿ ਇਹ ਮਹੱਤਵਪੂਰਨ ਹੈ ਕਿ ਸਮਾਂ ਕਿਵੇਂ ਬਤਾਉਂਦੇ ਹਾਂ ਅਤੇ ਉਸਦੇ ਪ੍ਰਤੀਕਰਮ ਵਿਚ ਸਾਡੇ ਦਿਮਾਗ਼ ਵਿਚ ਕੀ ਵਾਪਰਦਾ ਹੈ। ਅਸੀਂ ਸਕਰੀਨ ʼਤੇ ਜੋ ਵੇਖ ਪੜ੍ਹ ਰਹੇ ਹੁੰਦੇ ਹਾਂ ਦਿਮਾਗ਼ ਉਸਦੀ ਤੁਲਨਾ ਅਸਲੀਅਤ ਨਾਲ ਕਰਦਾ ਹੈ। ਸੌਣ ਤੋਂ ਪਹਿਲਾਂ ਸਕਰੀਨ ਦੀ ਵਰਤੋਂ ਨੀਂਦ ਨੂੰ ਸਿੱਧੇ ਤੌਰ ʼਤੇ ਪ੍ਰਭਾਵਤ ਕਰਦੀ ਹੈ। ਅਸੀਂ ਗੂੜ੍ਹੀ ਨੀਂਦ ਨਹੀਂ ਲੈ ਪਾਉਂਦੇ ਹਾਂ ਜਿਹੜੀ ਸਰੀਰ ਦੀ ਮੁਰੰਮਤ ਲਈ ਜ਼ਰੂਰੀ ਹੁੰਦੀ ਹੈ। ਦਿਮਾਗ਼ ਦੀ ਸਿਹਤ ਲਈ ਜ਼ਰੂਰੀ ਹੁੰਦੀ ਹੈ।

ਸ਼ੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਅਤੇ ਆਨਲਾਈਨ ਖੇਡਾਂ ਰੋਜ਼ਾਨਾ ਘਰੇਲੂ ਜੀਵਨ ਅਤੇ ਦਫ਼ਤਰੀ ਕੰਮਕਾਰ ਨੂੰ ਪ੍ਰਭਾਵਤ ਕਰਦੀਆਂ ਹਨ। ਵਿਦਿਆਰਥੀਆਂ ਦੀ ਸਕੂਲ, ਕਾਲਜ ਦੀ ਰੁਟੀਨ ਪ੍ਰਭਾਵਤ ਹੁੰਦੀ ਹੈ। ਕਈ ਵਾਰ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਬੀਤੇ ਕਲ੍ਹ ਕਲਾਸ ਵਿਚ ਕੀ ਕੰਮ ਕਰਵਾਇਆ ਗਿਆ ਸੀ।

ਕੈਨੇਡਾ ਵਿਚ 10 ਸਾਲ ਤੋਂ ਉਪਰ ਵਾਲੇ ਨੌਜਵਾਨਾਂ ʼਤੇ ਡਿਜ਼ੀਟਲ ਤਕਨੀਕ ਦੇ ਸ਼ਰੀਰਕ, ਮਾਨਸਿਕ ਅਤੇ ਸਮਾਜਕ ਦੁਰ-ਪ੍ਰਭਾਵਾਂ ਸਬੰਧੀ ਖੋਜ-ਕਾਰਜ ਆਰੰਭ ਹੋ ਚੁੱਕਾ ਹੈ ਪਰੰਤੂ ਖੋਜੀ ਇਸਨੂੰ ਪੰਜ-ਮਹਾਂਦੀਪਾਂ ਤੱਕ ਫੈਲਾਉਣਾ ਚਾਹੁੰਦੇ ਹਨ ਅਤੇ ਇਹਦੇ ਲਈ 3000 ਤੋਂ 5000 ਨੌਜਵਾਨਾਂ ਦਾ ਨਮੂਨਾ ਲੈਣ ਦੀ ਯੋਜਨਾ ਬਣਾ ਰਹੇ ਹਨ। ਇਸ ਸਰਵੇ ਦਾ ਮਕਸਦ ਨੌਜਵਾਨਾਂ ਦੇ ਅਸਲ ਜੀਵਨ ਨੂੰ ਹਾਂ-ਪੱਖੀ ਮੋੜ ਦੇਣਾ ਮਿਥਿਆ ਗਿਆ ਹੈ।

ਭੋਜਨ ਤਿਆਰ ਕਰਨ ਲਈ ਅੱਗ ਦੀ ਖੋਜ ਮਨੁੱਖ ਦਾ ਵੱਡਾ ਕਾਰਨਾਮਾ ਸੀ ਪਰੰਤੂ ਸਾਨੂੰ ਸਿੱਖਣਾ ਪਿਆ ਕਿ ਇਹ ਸਾਨੂੰ ਸਾੜ ਵੀ ਸਕਦੀ ਹੈ, ਮਾਰ ਵੀ ਸਕਦੀ ਹੈ। ਇਹੀ ਸਥਿਤੀ ਡਿਜ਼ੀਟਲ ਤਕਨੀਕ ਦੀ ਹੈ। ਇਹ ਸਾਨੂੰ ਬਣਾ ਵੀ ਸਕਦੀ ਹੈ, ਬਰਬਾਦ ਵੀ ਕਰ ਸਕਦੀ ਹੈ।

ਇਸ ਲਈ ਸਾਨੂੰ ਵੱਧਦੇ ਸਕਰੀਨ ਟਾਈਮ ਪ੍ਰਤੀ ਸੁਚੇਤ ਹੁੰਦਿਆਂ ਇਹ ਸਮਾਂ ਘਟਾਉਣਾ ਪਵੇਗਾ। ਪਰਿਵਾਰਕ ਸਮਾਜਕ ਸੰਵਾਦ ਵਧਾਉਣਾ ਪਵੇਗਾ। ਦਿਨ ਵਿਚ ਉਹ ਸਮਾਂ ਨਿਸ਼ਚਤ ਕਰਨਾ ਪਵੇਗਾ ਜਦੋਂ ਅਸੀਂ ਸਕਰੀਨ ਨੂੰ ਬੰਦ ਰੱਖਣਾ ਹੋਵੇਗਾ। ਪਰਿਵਾਰ ਨਾਲ ਮਿਲਕੇ ਬੈਠਕੇ ਭੋਜਨ ਖਾਣਾ, ਗੱਲਾਂਬਾਤਾਂ ਕਰਨੀਆਂ, ਬੱਚਿਆਂ ਨਾਲ ਖੇਡਣਾ-ਸੰਵਾਦ ਰਚਾਉਣਾ ਅਤੇ ਇਸ ਦੌਰਾਨ ਫੋਨ, ਕੰਪਿਊਟਰ, ਟੈਲੀਵਿਜ਼ਨ ਤੋਂ ਦੂਰ ਰਹਿਣਾ। ਤੁਹਾਡੇ ਆਲੇ-ਦੁਆਲੇ ਦੀ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਸ ਬਾਰੇ ਜਾਨਣਾ, ਉਸ ਨਾਲ ਜੁੜਨਾ ਹੋਵੇਗਾ। ਰਾਤ ਸੌਣ ਤੋਂ ਕੁਝ ਸਮਾਂ ਪਹਿਲਾਂ ਸਕਰੀਨ-ਲਾਈਟ ਤੋਂ ਦੂਰੀ ਬਨਾਉਣੀ ਪਵੇਗੀ। ਕੁਝ ਸਮਾਂ ਬੱਚਿਆਂ ਨਾਲ ਰਲ ਕੇ ਸਕਰੀਨ ʼਤੇ ਬਤੀਤ ਕਰੋ ਅਤੇ ਵੇਖੋ ਕਿ ਉਹ ਉੱਥੇ ਕੀ ਕਰ ਰਹੇ ਹਨ। ਸਕਰੀਨ ਤੋਂ ਬਿਨ੍ਹਾਂ ਬੱਚਿਆਂ ਦਾ ਧਿਆਨ ਹੋਰ ਮਹੱਤਵਪੂਰਨ ਚਰਚਿਤ ਸਰਗਰਮੀਆਂ, ਖੇਡਾਂ ਵੱਲ ਲਾਉਣ ਦੀ ਕੋਸ਼ਿਸ਼ ਕਰੋ।

ਡਾਕਟਰ ਅਤੇ ਫ਼ਿਲਮਕਾਰ ਡੈਲਨੇ ਰਸਟਨ ਨੇ ਆਪਣੀ ਖੋਜ ਨੂੰ ˈਸਕਰੀਨਏਜਰਜ਼ˈ ਡਾਕੂਮੈਂਟਰੀ ਰਾਹੀਂ ਪੇਸ਼ ਕਰਦਿਆਂ ਕਿਹਾ ਹੈ ਕਿ ਨੌਜਵਾਨ 6 ਤੋਂ 8 ਘੰਟੇ ਰੋਜ਼ਾਨਾ ਸਕਰੀਨ ʼਤੇ ਬਤਾਉਂਦੇ ਹਨ। ਰਸਟਨ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨਾਂ ʼਤੇ ਡਿਜ਼ੀਟਲ ਮੀਡੀਆ ਡਰੱਗ ਦੀ ਤਰ੍ਹਾਂ ਪ੍ਰਭਾਵ ਪਾਉਂਦਾ ਹੈ। ਲਗਾਤਾਰ ਬੈਠਣ ਨਾਲ ਭਾਰ ਵੱਧਦਾ ਹੈ। ਸ਼ੂਗਰ ਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਦੁਗਣਾ ਹੁੰਦਾ ਹੈ। ਸਵੈ-ਵਿਸ਼ਵਾਸ, ਸਮਾਜਕ ਸੰਵਾਦ ਘੱਟਦਾ ਹੈ। ਸਮੁੱਚੀ ਸ਼ਖ਼ਸੀਅਤ ਅਤੇ ਭਾਵਨਾਵਾਂ ਪ੍ਰਭਾਵਤ ਹੁੰਦੀਆਂ ਹਨ। ਸੰਤੁਲਿਤ ਭਾਵਨਾਤਮਕ ਵਿਕਾਸ ਵਿਚ ਰੁਕਾਵਟ ਪੈਂਦੀ ਹੈ। ਇਸਤੋਂ ਪਹਿਲਾਂ ਕਿ ਸਮੇਂ ਨਾਲ ਇਹ ਸੂਚੀ ਹੋਰ ਲੰਮੀ ਹੁੰਦੀ ਜਾਵੇ ਆਓ ਆਪਣਾ ˈਸਕਰੀਨ ਸਮਾਂˈ ਘਟਾਈਏ। ਹਰ ਦਿਨ, ਹਰ ਹਫ਼ਤੇ ਥੋੜ੍ਹਾ-ਥੋੜ੍ਹਾ ਕਰਕੇ ਹੀ ਸਹੀ।

ਬੱਚੇ ਅਤੇ ਨੌਜਵਾਨ ਦਿਨ ਵਿਚ ਏਨਾ ਸਮਾਂ ਸਕਰੀਨ ʼਤੇ ਰਹਿੰਦੇ ਹਨ ਜਿਹੜਾ ਸਾਲ ਵਿੱਚ ਤਿੰਨ ਮਹੀਨੇ ਬਣ ਜਾਂਦਾ ਹੈ। ਕਈ ਵਾਰ ਇਕੋ ਵੇਲੇ ਟੀ.ਵੀ., ਲੈਪਟਾਪ, ਫੋਨ ਅਤੇ ਆਈ ਪੈਡ ਆਨ ਹੁੰਦਾ ਹੈ। ਕਈ ਵਾਰ ਬੱਚੇ ਤੇ ਨੌਜਵਾਨ ਇਕ ਕੈਦੀ ਨਾਲੋਂ ਵੀ ਘੱਟ ਸਮਾਂ ਖੁੱਲ੍ਹੇ ਅਸਮਾਨ ਹੇਠ ਦਿਨ ਦੀ ਰੌਸ਼ਨੀ ਵਿਚ ਬਤਾਉਂਦੇ ਹਨ। ਉਨ੍ਹਾਂ ਨੂੰ ਔਸਤਨ 10 ਸਾਲ ਦੀ ਉਮਰੇ ਸਮਾਰਟਫੋਨ ਮਿਲ ਜਾਂਦਾ ਹੈ।

(ਪ੍ਰੋ. ਕੁਲਬੀਰ ਸਿੰਘ) +91 9417153513

Welcome to Punjabi Akhbar

Install Punjabi Akhbar
×
Enable Notifications    OK No thanks