‘ਪੇਰੈਂਟਲ ਲੀਵ’ ਵਿੱਚ ਹੋਵੇਗਾ ਇਜ਼ਾਫ਼ਾ: ਨਵੇਂ ਜਨਮੇ ਬੱਚਿਆਂ ਦੇ ਮੁੱਢਲੇ ਪਾਲਣ-ਪੋਸ਼ਣ ਵਾਸਤੇ ਮਿਲੇਗਾ ਜ਼ਿਆਦਾ ਸਮਾਂ

ਐਲਬਨੀਜ਼ ਸਰਕਾਰ ਨੇ, ਨਵੇਂ ਜਨਮੇ ਬੱਚਿਆਂ ਦੇ ਮਾਪਿਆਂ ਲਈ ‘ਪੇਰੈਂਟਲ ਲੀਵ ਸਕੀਮ (PPL)’ ਨੂੰ 18 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਹੁਣ ਮਾਪਿਆਂ ਨੂੰ ਆਪਣੇ ਨਵੇਂ ਜਨਮੇ ਬੱਚਿਆਂ ਦੀ ਮੁੱਢਲੀ ਪਾਲਣ-ਪੋਸ਼ਣ ਵਾਸਤੇ ਜ਼ਿਆਦਾ ਸਮਾਂ ਮਿਲੇਗਾ। ਇਸ ਨਾਲ ਇਹ ਸਮਾਂ ਪੂਰੇ 6 ਮਹੀਨਿਆਂ ਦਾ ਹੋ ਜਾਵੇਗਾ ਅਤੇ ਉਹ ਵੀ ਪੂਰੀ ਤਨਖਾਹ ਦੇ ਨਾਲ।
ਪਰੰਤੂ ਸਰਕਾਰ ਨੇ ਇਹ ਬਦਲਾਅ ਅਗਲੇ ਤਿੰਨ ਸਾਲਾਂ ਵਿੱਚ ਪੂਰਾ ਕਰਨ ਤਜਵੀਜ਼ ਰੱਖੀ ਹੈ ਅਤੇ ਹਰ ਸਾਲ 2 ਹਫ਼ਤਿਆਂ ਦਾ ਇਜ਼ਾਫ਼ਾ ਕੀਤਾ ਜਾਵੇਗਾ। ਪਹਿਲੇ ਸਾਲ ਦਾ ਇਹ ਇਜ਼ਾਫ਼ਾ 1 ਜੁਲਾਈ 2024 ਨੂੰ ਲਾਗੂ ਹੋਵੇਗਾ ਅਤੇ ਜੁਲਾਈ 2026 ਨੂੰ ਇਹ ਪੂਰੇ 6 ਮਹੀਨਿਆਂ ਦੀ ਸਕੀਮ ਨਾਲ ਲਾਗੂ ਹੋ ਜਾਵੇਗਾ।
ਇਸ ਮਾਮਲੇ ਵਿੱਚ ਪੂਰੀ ਤਫ਼ਸੀਲ ਅਤੇ ਹੋਰ ਜ਼ਰੂਰੀ ਗੱਲਾਂ ਆਦਿ ਅਕਤੂਬਰ 25 ਨੂੰ ਪੇਸ਼ ਹੋਣ ਵਾਲੇ ਬਜਟ ਦੌਰਾਨ ਐਲਾਨੀਆਂ ਜਾਣਗੀਆਂ।